ਨਾਬਾਲਗ ਲੜਕੀ ਨੂੰ ਵਰਗਾ ਕੇ ਲਿਜਾਣ ਵਾਲਾ ਗ੍ਰਿਫ਼ਤਾਰ, ਲੜਕੀ ਵੀ ਬਰਾਮਦ

12/08/2017 11:42:17 AM

ਮੌੜ ਮੰਡੀ (ਪ੍ਰਵੀਨ)-ਲਗਭਗ 20 ਦਿਨਾਂ ਤੋਂ ਨਾਬਾਲਗ ਲੜਕੀ ਨੂੰ ਵਰਗਲਾ ਲੈ ਕੇ ਲਿਜਾਣ ਵਾਲੇ ਲੜਕੇ ਨੂੰ ਅੱਜ ਥਾਣਾ ਮੌੜ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਜਦੋਂ ਕਿ ਉਸ ਨਾਲ ਗਈ ਲੜਕੀ ਨੂੰ ਵੀ ਬਰਾਮਦ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪਿੰਡ ਤੁੰਗਵਾਲੀ ਦਾ ਜਗਦੀਪ ਸਿੰਘ ਆਪਣੇ ਨਾਨਕੇ ਪਿੰਡ ਰਾਏਖਾਨਾ ਵਿਖੇ ਅਕਸਰ ਜਾਂਦਾ ਰਹਿੰਦਾ ਸੀ, ਜਿੱਥੇ ਇਸੇ ਪਿੰਡ ਦੀ ਨਾਬਾਲਗ ਲੜਕੀ ਰਾਣੀ ਕੌਰ ਨਾਲ ਜਗਦੀਪ ਸਿੰਘ ਦੀ ਜਾਣ-ਪਛਾਣ ਹੋ ਗਈ। ਲੜਕੇ ਨੂੰ ਇਹ ਜਾਣਕਾਰੀ ਸੀ ਕਿ ਉਕਤ ਲੜਕੀ ਰਾਤ ਸਮੇਂ ਆਪਣੀ ਦਾਦੀ ਨਾਲ ਘਰ ਦੇ ਅਗਲੇ ਕਮਰੇ 'ਚ ਸੌਂਦੀ ਹੈ, ਜਿਸ ਦਾ ਦਰਵਾਜ਼ਾ ਬਾਹਰ ਗਲੀ ਵਿਚ ਖੁੱਲ੍ਹਦਾ ਹੈ। ਉਸ ਨੇ ਲੜਕੀ ਨੂੰ ਵਰਗਾ ਲਿਆ, ਜਿਸ ਦੀਆਂ ਗੱਲਾਂ ਵਿਚ ਆ ਕੇ ਉਕਤ ਲੜਕੀ 22-23 ਨਵੰਬਰ ਦੀ ਰਾਤ ਨੂੰ ਘਰੋਂ ਚਲੀ ਗਈ। ਜਿਸ ਦਾ ਪਤਾ ਰਾਣੀ ਕੌਰ ਦੇ ਪਰਿਵਾਰ ਨੂੰ ਸਵੇਰ ਵੇਲੇ ਲੱਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਹੁਸ਼ਿਆਰ ਸਿੰਘ ਨੇ ਦੱਸਿਆ ਕਿ ਲੜਕੀ ਨਾਬਾਲਗ ਹੈ ਜਦੋਂ ਕਿ ਲੜਕਾ ਬਾਲਗ ਹੈ। ਪੁਲਸ ਨੇ ਲੜਕੇ ਅਤੇ ਲੜਕੀ ਨੂੰ ਬਰਾਮਦ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।