ਸਹੁਰੇ ਪਰਿਵਾਰ ਕੋਲੋਂ ਲੱਖਾਂ ਰੁਪਏ ਲੈ ਕੇ ਅਮਰੀਕਾ ਪੁੱਜਾ ਜਵਾਈ

12/10/2017 3:18:12 AM

ਨਵਾਂਸ਼ਹਿਰ, (ਤ੍ਰਿਪਾਠੀ)- ਵਿਆਹੁਤਾ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ 'ਚ ਪੁਲਸ ਨੇ ਐੱਨ.ਆਰ.ਆਈ. ਪਤੀ 'ਤੇ ਮਾਮਲਾ ਦਰਜ ਕਰ ਲਿਆ ਹੈ। ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ 'ਚ ਹਰਜੋਤ ਕੌਰ ਪੁੱਤਰੀ ਮਨਜੀਤ ਸਿੰਘ ਪਿੰਡ ਮਹਾਲੋਂ (ਨਵਾਂਸ਼ਹਿਰ) ਨੇ ਦੱਸਿਆ ਕਿ ਉਸ ਦਾ ਵਿਆਹ 18 ਜਨਵਰੀ, 2012 ਨੂੰ ਜਗਰੂਪ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਝੱਜ (ਮੰਨਣਹਾਨਾ) ਤਹਿਸੀਲ ਗੜ੍ਹਸ਼ੰਕਰ ਜ਼ਿਲਾ ਹੁਸ਼ਿਆਰਪੁਰ ਦੇ ਨਾਲ ਹੋਇਆ ਸੀ। ਵਿਆਹ 'ਚ ਉਸ ਦੇ ਮਾਪਿਆਂ ਨੇ ਆਪਣੀ ਸਮਰੱਥਾ ਤੋਂ ਵੱਧ ਦਾਜ ਦਿੱਤਾ ਸੀ। ਵਿਆਹ ਤੋਂ ਬਾਅਦ ਕੁਝ ਦਿਨ ਸਭ ਠੀਕ-ਠਾਕ ਰਿਹਾ ਪਰ ਉਸ ਤੋਂ ਬਾਅਦ ਉਸ ਦੇ ਸੁਹਰੇ ਪਰਿਵਾਰ ਨੇ ਉਸ ਨੂੰ ਦਾਜ ਲਿਆਉਣ ਦੀ ਮੰਗ ਨੂੰ ਲੈ ਕੇ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਸ ਦਾ ਪਤੀ ਇਟਲੀ ਚਲਾ ਗਿਆ। 
ਉਸ ਨੇ ਦੱਸਿਆ ਕਿ ਜੂਨ, 2014 ਨੂੰ ਉਸ ਨੇ ਇਕ ਲੜਕੇ ਨੂੰ ਜਨਮ ਦਿੱਤਾ ਪਰ ਬੀਮਾਰ ਹੋਣ 'ਤੇ ਉਸ ਨੂੰ ਅਤੇ ਉਸ ਦੇ ਪੁੱਤਰ ਨੂੰ ਵੀ ਦਵਾਈ ਨਹੀਂ ਲੈ ਕੇ ਦਿੱਤੀ ਜਾਂਦੀ ਸੀ। ਉਸ ਦਾ ਪਤੀ ਜਦੋਂ ਇਟਲੀ ਤੋਂ ਵਾਪਸ ਇੰਡੀਆ ਆਇਆ ਤਾਂ ਸਹੁਰੇ ਪਰਿਵਾਰ ਨੇ ਉਸ ਨੂੰ ਅਮਰੀਕਾ ਭੇਜਣ ਲਈ 12 ਲੱਖ ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਲਈ ਉਸ ਦੇ ਪੇਕੇ ਪਰਿਵਾਰ ਨੇ ਉਸ ਦੇ ਪਤੀ ਨੂੰ 6 ਲੱਖ ਰੁਪਏ ਦੇ ਦਿੱਤੇ ਪਰ ਬਾਵਜੂਦ ਉਹ ਹੋਰ 6 ਲੱਖ ਰੁਪਏ ਲਿਆਉਣ ਦੀ ਮੰਗ ਕਰਦੇ ਰਹੇ। ਹੁਣ ਉਸ ਦਾ ਪਤੀ ਇਟਲੀ ਤੋਂ ਅਮਰੀਕਾ ਪਹੁੰਚ ਗਿਆ ਹੈ ਅਤੇ ਉਸ ਨੇ ਫੋਨ ਕਰ ਕੇ ਸੁਹਰੇ ਪਰਿਵਾਰ 'ਚ ਨਾ ਜਾਣ ਅਤੇ ਉਸ ਨੂੰ ਤਲਾਕ ਦੇਣ ਦੀ ਧਮਕੀ ਦਿੱਤੀ ਹੈ। ਉਕਤ ਸ਼ਿਕਾਇਤ ਦੀ ਜਾਂਚ ਡੀ.ਐੱਸ.ਪੀ. ਨਵਾਂਸ਼ਹਿਰ ਦੁਆਰਾ ਕਰਨ ਉਪਰੰਤ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਐੱਨ. ਆਰ. ਆਈ. ਜਗਰੂਪ ਸਿੰਘ ਖਿਲਾਫ਼ ਦਾਜ ਐਕਟ ਦਾ ਮਾਮਲਾ ਦਰਜ ਕਰ ਲਿਆ ਹੈ।