ਗ੍ਰਾਮੀਣ ਡਾਕ ਸੇਵਕਾਂ ਦੀ ਭੁੱਖ ਹੜਤਾਲ ਤੇ ਰੋਸ ਮੁਜ਼ਾਹਰਾ ਦੂਸਰੇ ਦਿਨ ਵੀ ਜਾਰੀ

11/11/2017 7:50:45 AM

ਕਪੂਰਥਲਾ,(ਮੱਲ੍ਹੀ)- ਆਪਣੀਆਂ ਭੱਖਦੀਆਂ ਤੇ ਜਾਇਜ਼ ਮੰਗਾਂ ਨੂੰ ਲੈ ਕੇ ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਦੇ ਸੱਦੇ 'ਤੇ ਯੂਨੀਅਨ ਦੀ ਇਕ ਇਕਾਈ ਕਪੂਰਥਲਾ ਵਲੋਂ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਸ਼ੁਰੂ ਕੀਤੀ ਭੁੱਖ ਹੜਤਾਲ ਤੇ ਰੋਸ ਮੁਜਾਹਰਾ ਅੱਜ ਦੂਸਰੇ ਦਿਨ ਵੀ ਜਾਰੀ ਰਿਹਾ ਹੈ। ਯੂਨੀਅਨ ਦੇ ਕਪੂਰਥਲਾ ਡਵੀਜ਼ਨ ਦੇ ਪ੍ਰਧਾਨ ਰਮੇਸ਼ ਖੈੜਾ ਦੀ ਅਗਵਾਈ ਹੇਠ ਸਥਾਨਕ ਹੈੱਡ ਆਫਿਸ ਕਪੂਰਥਲਾ ਸਾਹਮਣੇ ਉਕਤ ਭੁੱਖ ਹੜਤਾਲ ਨੂੰ ਸੰਬੋਧਨ ਕਰਦਿਆਂ ਸਰਕਲ ਪ੍ਰਧਾਨ ਰਮੇਸ਼ ਕੁਮਾਰ ਗਿੱਲ ਤੇ ਡਵੀਜ਼ਨ ਸਕੱਤਰ ਕੁਲਦੀਪ ਸਿੰਘ ਸਹੋਤਾ ਨੇ ਕਿਹਾ ਕਿ ਭੁੱਖ ਹੜਤਾਲ ਜੋ ਅੱਜ ਦੂਸਰੇ ਦਿਨ 'ਚ ਸ਼ਾਮਲ ਹੋ ਗਈ ਹੈ, ਨੂੰ ਉਦੋਂ ਤਕ ਜਾਰੀ ਰੱਖਿਆ ਜਾਵੇਗਾ, ਜਦੋਂ ਤਕ ਸਾਡੀਆਂ ਜਾਇਜ਼ ਮੰਗਾਂ ਨੂੰ ਕੇਂਦਰ ਸਰਕਾਰ ਮੰਨ ਨਹੀਂ ਲੈਂਦੀ। 
ਉਨ੍ਹਾਂ ਕਿਹਾ ਕਿ ਵਾਅਦੇ ਮੁਤਾਬਿਕ ਕੇਂਦਰ ਸਰਕਾਰ 7ਵੇਂ ਪੇ ਕਮਿਸ਼ਨ ਦੀ ਰਿਪੋਰਟ ਅਨੁਸਾਰ ਗ੍ਰਾਮੀਣ ਡਾਕ ਸੇਵਕਾਂ ਨੂੰ ਵੀ ਪੱਕੇ ਕੀਤਾ ਜਾਵੇ, ਖਾਲੀ ਪੋਸਟਾਂ ਭਰੀਆਂ ਜਾਣ ਆਦਿ ਮੁੱਖ ਮੰਗਾਂ ਨੂੰ ਕੇਂਦਰ ਸਰਕਾਰ ਤੁਰੰਤ ਮੰਨ ਲਵੇ ਅਜਿਹਾ ਨਾ ਕਰਨ ਦੀ ਸੂਰਤ 'ਚ ਉਹ ਯੂਨੀਅਨ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਲੜੀਵਾਰ ਸੰਘਰਸ਼ ਸ਼ੁਰੂ ਕਰਨਗੇ, ਜਿਸ ਦੌਰਾਨ ਖਰਾਬ ਹੋਣ ਵਾਲੇ ਮਾਹੌਲ ਦੀ ਜ਼ਿੰਮੇਵਾਰੀ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਸੰਘਰਸ਼ ਸ਼ੁਰੂ ਕਰਨਗੇ।  ਇਸ ਮੌਕੇ ਮਦਨ ਲਾਲ, ਅਮਨਦੀਪ ਸਿੰਘ, ਸ਼ਿੰਗਾਰਾ ਸਿੰਘ, ਪੂਰਨ ਸਿੰਘ, ਲਖਵਿੰਦਰ ਸਿੰਘ, ਕੁਲਵੰਤ ਸਿੰਘ, ਬੂਟਾ ਸਿੰਘ, ਜਗਜੀਤ ਸਿੰਘ, ਪਰਮਜੀਤ ਸਿੰਘ ਤੇ ਸੇਵਾ ਸਿੰਘ ਆਦਿ ਨੇ ਆਪਣੀਆਂ ਭੱਖਦੀਆਂ ਮੰਗਾਂ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।