ਪੰਜਾਬ ਸਰਕਾਰ ਲਈ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲਾ ਪਟਵਾਰਖਾਨਾ ਖੰਡਰ ਦਾ ਰੂਪ ਧਾਰਨ ਕਰ ਚੁੱਕੈ

04/26/2018 2:17:05 AM

ਗੁਰਦਾਸਪੁਰ,  (ਵਿਨੋਦ)-  ਪੰਜਾਬ ਸਰਕਾਰ ਲਈ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਪਟਵਾਰੀ ਗੁਰਦਾਸਪੁਰ ਵਿਚ ਜਿਸ ਦਫ਼ਤਰ ਵਿਚ ਬੈਠ ਕੇ ਕੰਮ ਕਰ ਰਹੇ ਹਨ, ਉਹ ਇਮਾਰਤ ਵੇਖੀ ਜਾਵੇ ਤਾਂ ਕਿਸੇ ਵੀ ਤਰ੍ਹਾਂ ਨਾਲ ਸੁਰੱਖਿਅਤ ਅਤੇ ਵਧੀਆ ਨਹੀਂ ਸਮਝੀ ਜਾਂਦੀ। ਇਸ ਇਮਾਰਤ ਵਿਚ ਜਾ ਕੇ ਵੇਖਣ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਇਸ ਇਮਾਰਤ ਵਿਚ ਕੰਮ ਕਰਨ ਵਾਲਿਆਂ ਨੂੰ ਸਰਕਾਰ ਕੋਈ ਵਿਸ਼ੇਸ਼ ਮਹੱਤਵ ਨਹੀਂ ਦਿੰਦੀ ਜਦਕਿ ਇਹ ਪਟਵਾਰੀ ਬੀਤੇ ਕਈ ਸਾਲਾਂ ਤੋਂ ਇਸ ਖੰਡਰ ਰੂਪੀ ਇਮਾਰਤ 'ਚ ਹੀ ਕੰਮ ਕਰ ਰਹੇ ਹਨ, ਜਿਸ ਵਿਚ ਨਾ ਤਾਂ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਅਤੇ ਨਾ ਹੀ ਸਫਾਈ ਦਾ ਪ੍ਰਬੰਧ ਹੈ। 
ਕੀ ਹਾਲਤ ਹੈ ਗੁਰਦਾਸਪੁਰ ਦੇ ਪਟਵਾਰਖਾਨੇ ਦੀ
ਮੌਕੇ 'ਤੇ ਜਾ ਕੇ ਵੇਖਿਆ ਗਿਆ ਤਾਂ ਪਤਾ ਲੱਗਾ ਕਿ ਗੁਰਦਾਸਪੁਰ ਵਿਚ ਪਟਵਾਰਖਾਨੇ ਨਾਲ ਵਾਲੀ ਜ਼ਮੀਨ ਵਿਚ ਤਾਂ ਆਧੁਨਿਕ ਸਹੂਲਤਾਂ ਵਾਲਾ ਇਕ ਆਟੋਮੈਟਿਕ ਡਰਾਈਵਿੰਗ ਲਾਇਸੈਂਸ ਬਣਾਉਣ ਵਾਲਾ ਦਫ਼ਤਰ ਖੋਲ੍ਹਿਆ ਗਿਆ ਹੈ, ਜਿਸ ਦਾ ਉਦਘਾਟਨ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੀਤਾ ਸੀ ਪਰ ਇਸ ਪਟਵਾਰਖਾਨੇ ਦੀ ਇਮਾਰਤ ਦੀ ਹਾਲਤ ਵੱਲ ਕਿਸੇ ਨੇ ਵੇਖਿਆ ਤੱਕ ਨਹੀਂ ਜਦਕਿ ਇਸ ਇਮਾਰਤ ਵਿਚ ਦਸ ਹਲਕਿਆਂ ਦੇ ਪਟਵਾਰੀ ਬੈਠ ਕੇ ਆਪਣਾ ਰਿਕਾਰਡ ਤਿਆਰ ਕਰਦੇ ਹਨ ਅਤੇ ਲੋਕਾਂ ਨੂੰ ਕਈ ਅਹਿਮ ਰਿਕਾਰਡ ਮੁਹੱਈਆ ਕਰਵਾਉਂਦੇ ਹਨ। ਇਸ ਇਮਾਰਤ 'ਚ ਗੁਰਦਾਸਪੁਰ ਹਲਕੇ ਤੋਂ ਇਲਾਵਾ ਬਰਨਾਲਾ, ਕੋਟਲੀ ਨੰਗਲ, ਨਬੀਪੁਰ, ਹਯਾਤਨਗਰ, ਘੁਰਾਲਾ, ਆਲੇਚੱਕ, ਕਾਲਾ ਨੰਗਲ ਤੇ ਭੁੱਲੇਚੱਕ ਸਮੇਤ ਕਾਨੂੰਨਗੋ ਦਾ ਦਫ਼ਤਰ ਵੀ ਚਲਦਾ ਹੈ, ਜਿਸ ਕਾਰਨ ਇਸ ਇਮਾਰਤ 'ਚ ਹਰ ਕੰਮ ਵਾਲੇ ਦਿਨ 200 ਤੋਂ 300 ਲੋਕ ਆਪਣੇ ਕੰਮਕਾਜ ਲਈ ਆਉਂਦੇ ਹਨ। ਇਸ ਇਮਾਰਤ 'ਚ ਨਾ ਤਾਂ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਅਤੇ ਨਾ ਹੀ ਬਾਥਰੂਮ ਦਾ। ਦੂਜੇ ਪਾਸੇ ਇਸ ਇਮਾਰਤ 'ਚ ਇਨ੍ਹਾਂ ਦਸ ਹਲਕਿਆਂ ਤੋਂ ਇਲਾਵਾ ਕਾਨੂੰਨਗੋ ਦਾ ਸਾਰਾ ਰਿਕਾਰਡ ਪਿਆ ਹੋਇਆ ਹੈ ਪਰ ਇਥੇ ਕੋਈ ਚੌਕੀਦਾਰ ਵੀ ਨਹੀਂ ਹੈ ਜਦਕਿ ਦਸ ਪਟਵਾਰੀਆਂ ਦੇ ਕੋਲ ਇਕ ਵੀ ਦਰਜਾਚਾਰ ਕਰਮਚਾਰੀ ਨਾ ਹੋਣ ਕਾਰਨ ਇਸ ਇਮਾਰਤ ਦੀ ਸਫਾਈ ਵੀ ਨਹੀਂ ਹੁੰਦੀ। ਇਸ ਇਮਾਰਤ ਦੇ ਕਮਰਿਆਂ ਦੀ ਜ਼ਿਆਦਾਤਰ ਖਿੜਕੀਆਂ ਟੁੱਟੀਆਂ ਹੋਈਆਂ ਹਨ। ਚਾਰੇ ਪਾਸੇ ਖਿੜਕੀਆਂ ਦੇ ਸ਼ੀਸ਼ੇ ਨਾ ਹੋਣ ਕਾਰਨ ਸਰਦੀ ਤੇ ਬਰਸਾਤ ਵਿਚ ਕਰਮਚਾਰੀਆਂ ਤੇ ਲੋਕਾਂ ਦਾ ਕੀ ਹਾਲ ਹੁੰਦਾ ਹੋਵੇਗਾ, ਇਹ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ। 
ਇਮਾਰਤ ਵਿਚ ਕੰਮ ਕਰਨ ਵਾਲੇ ਇਕ ਕਰਮਚਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੇ ਭਰੋਸੇ 'ਤੇ ਦੱਸਿਆ ਕਿ ਬੀਤੇ ਕਈ ਸਾਲਾਂ ਤੋਂ ਇਸ ਇਮਾਰਤ ਦੀ ਮੁਰੰਮਤ ਨਹੀਂ ਹੋਈ ਹੈ। ਇਥੋਂ ਤੱਕ ਕਿ ਰੰਗ ਰੋਗਨ ਵੀ ਨਹੀਂ ਕਰਵਾਇਆ ਗਿਆ। ਬਰਸਾਤ ਦੇ ਮੌਸਮ ਵਿਚ ਛੱਤਾਂ ਤੋਂ ਪਾਣੀ ਡਿੱਗਣ ਕਾਰਨ ਕਈ ਵਾਰ ਰਿਕਾਰਡ ਵੀ ਖਰਾਬ ਹੋ ਚੁੱਕਾ ਹੈ ਜਦਕਿ ਇਹ ਵਿਭਾਗ ਸਰਕਾਰ ਨੂੰ ਸਭ ਤੋਂ ਜ਼ਿਆਦਾ ਕਮਾਈ ਕਰ ਕੇ ਦਿੰਦਾ ਹੈ। 
ਕੀ ਕਹਿੰਦੇ ਹਨ ਪਟਵਾਰੀ
ਇਸ ਪਟਵਾਰਖਾਨੇ ਵਿਚ ਬੈਠਣ ਵਾਲੇ ਇਕ ਪਟਵਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੇ ਭਰੋਸੇ 'ਤੇ ਦੱਸਿਆ ਕਿ ਪਟਵਾਰਖਾਨੇ ਵਿਚ ਸਫਾਈ ਕਰਮਚਾਰੀ ਨਾ ਹੋਣ ਕਰ ਕੇ ਅਸੀਂ ਸਾਰੇ ਪਟਵਾਰੀ ਆਪਣੀ ਜੇਬ 'ਚੋਂ ਪੈਸੇ ਦੇ ਕੇ ਇਕ ਪ੍ਰਾਈਵੇਟ ਵਿਅਕਤੀ ਤੋਂ ਸਫਾਈ ਕਰਵਾ ਰਹੇ ਹਾਂ।ਇਸੇ ਤਰ੍ਹਾਂ ਇਸ ਇਮਾਰਤ ਦਾ ਬਿਜਲੀ ਬਿੱਲ ਵੀ ਪਟਵਾਰੀ ਆਪਣੀ ਜੇਬ ਵਿਚੋਂ ਅਦਾ ਕਰਦੇ ਹਨ। ਪਟਵਾਰਖਾਨੇ ਵਿਚ ਇਕ ਵੀ ਚਪੜਾਸੀ ਨਹੀਂ ਹੈ। ਬਿਜਲੀ ਦੀਆਂ ਤਾਰਾਂ ਨੂੰ ਵੇਖ ਕੇ ਲੱਗਦਾ ਹੈ ਕਿ ਸ਼ਾਇਦ ਕੋਈ ਬਿਜਲੀ ਘਰ ਹੈ।  ਬਾਥਰੂਮਾਂ ਦੀ ਸਥਿਤੀ ਬਹੁਤ ਖਰਾਬ ਹੈ ਅਤੇ ਮਹਿਲਾ ਬਾਥਰੂਮ ਨਹੀਂ ਹੈ। ਜੇ ਬਿਜਲੀ ਬੰਦ ਹੋ ਜਾਵੇ ਤਾਂ ਇਸ ਇਮਾਰਤ ਵਿਚ ਸਾਰਾ ਕੰਮ ਠੱਪ ਹੋ ਜਾਂਦਾ ਹੈ। ਇਸ ਹਾਲਾਤ ਵਿਚ ਪਟਵਾਰੀਆਂ ਨੂੰ ਪਟਵਾਰਖਾਨੇ ਵਿਚ ਕੰਮ ਕਰਨਾ ਬਹੁਤ ਹੀ ਮੁਸ਼ਕਲ ਹੈ। 
ਕੀ ਕਹਿਣੈ ਹੈ ਤਹਿਸੀਲਦਾਰ ਗੁਰਦਾਸਪੁਰ ਦਾ
ਇਸ ਸਬੰਧੀ ਜਦੋਂ ਤਹਿਸੀਲਦਾਰ ਗੁਰਦਾਸਪੁਰ ਨਵਤੇਜ ਸਿੰਘ ਸੋਢੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਵੇਂ ਪ੍ਰਸ਼ਾਸਨਿਕ ਕੰਪਲੈਕਸ 'ਚ ਜ਼ਰੂਰਤ ਅਨੁਸਾਰ ਸਥਾਨ ਨਹੀਂ ਮਿਲਿਆ ਹੈ, ਜਿਸ ਕਾਰਨ ਪਟਵਾਰਖਾਨਾ ਅਜੇ ਵੀ ਪੁਰਾਣੀ ਇਮਾਰਤ 'ਚ ਹੀ ਚੱਲ ਰਿਹਾ ਹੈ। ਗੁਰਦਾਸਪੁਰ ਦੇ ਪਟਵਾਰਖਾਨੇ ਵਿਚ ਇਸ ਇਲਾਕੇ ਦੇ 10 ਪਟਵਾਰੀ ਹੀ ਬੈਠਦੇ ਹਨ ਜਦਕਿ ਗੁਰਦਾਸਪੁਰ ਤੋਂ ਇਲਾਵਾ ਪਨਿਆੜ, ਦੋਰਾਂਗਲਾ, ਜੌੜਾ ਛੱਤਰਾਂ, ਸ਼ਾਲਾ ਤੇ ਤਿੱਬੜ ਵਿਚ ਵੱਖ-ਵੱਖ ਪਟਵਾਰਖਾਨੇ ਚੱਲ ਰਹੇ ਹਨ। ਸਾਰੇ ਪਟਵਾਰਖਾਨਿਆਂ ਦੀਆਂ ਇਮਾਰਤਾਂ ਦੀ ਹਾਲਤ ਬਹੁਤ ਹੀ ਖਸਤਾ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਗੁਰਦਾਸਪੁਰ ਵਿਚ ਸਰਕਾਰ ਤੋਂ ਜ਼ਮੀਨ ਪ੍ਰਾਪਤ ਕਰ ਕੇ ਸੰਯੁਕਤ ਵਰਕ ਸਟੇਸ਼ਨ ਬਣਾ ਦਿੱਤਾ ਜਾਵੇ, ਜਿਥੇ ਵੱਖ-ਵੱਖ ਇਮਾਰਤਾਂ ਦੀ ਬਜਾਏ ਇਕ ਹੀ ਇਮਾਰਤ ਵਿਚ ਸਾਰੇ ਕਾਨੂੰਨਗੋ ਹਲਕਿਆਂ ਦੇ ਪਟਵਾਰੀ ਬੈਠ ਕੇ ਕੰਮ ਕਰਨ ਅਤੇ ਸਾਰਿਆਂ ਦੇ ਕੋਲ ਆਧੁਨਿਕ ਸਹੂਲਤਾਂ ਹੋਣ। ਇਸ ਸਬੰਧੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਨਾਲ ਗੱਲ ਕਰ ਕੇ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।