ਪੁਲਸ ਦੇ ਜ਼ੁਲਮਾਂ ਤੋਂ ਸਤਾਈ ਔਰਤ ਨੂੰ ਹਾਈਕੋਰਟ ਨੇ ਦਿੱਤੀ ਰਾਹਤ

09/24/2017 7:20:50 AM

ਤਰਨਤਾਰਨ,  (ਜ. ਬ)- ਪੁਲਸ ਦੇ ਜ਼ੁਲਮਾਂ ਤੋਂ ਸਤਾਈ ਜ਼ਿਲਾ ਜਲੰਧਰ ਅਧੀਨ ਪੈਂਦੀ ਤਹਿਸੀਲ ਸ਼ਾਹਕੋਟ ਦੇ ਪਿੰਡ ਤਲਵੰਡੀ ਸੰਘੇੜਾ ਦੀ ਵਸਨੀਕ ਇਕ ਔਰਤ ਨੂੰ ਹਾਈਕੋਰਟ ਨੇ ਵੱਡੀ ਰਾਹਤ ਪ੍ਰਦਾਨ ਕਰਦਿਆਂ ਕਰੀਬ ਡੇਢ ਸਾਲ ਬਾਅਦ ਆਪਣੇ ਘਰ 'ਚ ਰਹਿਣ ਦੀ ਇਜਾਜ਼ਤ ਦਿੱਤੀ ਹੈ। ਅਦਾਲਤ ਦਾ ਧੰਨਵਾਦ ਕਰਦਿਆਂ ਇਨਸਾਫ ਪ੍ਰਾਪਤ ਕਰਨ ਵਾਲੀ ਔਰਤ ਰੁਪਿੰਦਰ ਕੌਰ ਪਤਨੀ ਰਣਜੀਤ ਸਿੰਘ ਉਰਫ ਜੀਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸਦੇ ਪਤੀ ਨੂੰ ਸਿਆਸੀ ਸ਼ਹਿ ਤਹਿਤ ਵੱਖ-ਵੱਖ ਅਪਰਾਧਿਕ ਗਤੀਵਿਧੀਆਂ 'ਚ ਨਾਜਾਇਜ਼ ਤੌਰ 'ਤੇ ਨਾਮਜ਼ਦ ਕੀਤਾ ਜਾਂਦਾ ਸੀ ਜੋ ਕਿ ਪੁਲਸ ਤਸ਼ੱਦਦ ਡਰੋਂ ਕਰੀਬ ਡੇਢ ਸਾਲ ਤੋਂ ਹੀ ਘਰੋਂ ਲਾਪਤਾ ਹੈ, ਜਿਸ ਨੂੰ ਪੁਲਸ ਨੇ ਭਗੌੜਾ ਕਰਾਰ ਦਿੱਤਾ ਹੈ। ਮੇਰੇ ਪਤੀ ਦੇ ਘਰੋਂ ਜਾਣ ਉਪਰੰਤ ਵੱਖ-ਵੱਖ ਜ਼ਿਲਿਆਂ ਦੀ ਪੁਲਸ ਨੇ ਮੈਨੂੰ ਹੱਦੋਂ ਵੱਧ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਤੰਗ ਆ ਕੇ ਮੈਂ ਆਪਣੀ ਵੱਡੀ ਲੜਕੀ ਨੂੰ ਸ੍ਰੀ ਬੜੂ ਸਾਹਿਬ ਅਕੈਡਮੀ ਹਿਮਾਚਲ ਪ੍ਰਦੇਸ਼ ਵਿਖੇ ਦਾਖਲ ਕਰਵਾ ਦਿੱਤਾ ਤੇ ਖੁਦ ਆਪਣੀ ਛੋਟੀ ਮਾਸੂਮ ਬੇਟੀ ਨਾਲ ਬੇਘਰ ਹੋ ਕੇ ਰਿਸ਼ਤੇਦਾਰਾਂ ਕੋਲ ਰਹਿਣ ਲਈ ਮਜਬੂਰ ਹੋ ਗਈ। 
ਪੁਲਸ ਦਾ ਕਹਿਰ ਇਸ ਕਦਰ ਜਾਰੀ ਰਿਹਾ ਕਿ ਮੈਂ ਆਪਣੀ ਵੱਡੀ ਲੜਕੀ ਨੂੰ ਵੀ ਮਿਲਣ ਨਹੀਂ ਸੀ ਜਾ ਸਕਦੀ ਕਿਉਂਕਿ ਪੁਲਸ ਅਧਿਕਾਰੀ ਮੈਨੂੰ ਵੀ ਗ੍ਰਿਫਤਾਰ ਕਰ ਕੇ ਨਾਜਾਇਜ਼ ਤੌਰ 'ਤੇ ਫਸਾਉਣਾ ਚਾਹੁੰਦੇ ਸਨ। ਪੁਲਸ ਦੇ ਕਹਿਰ ਤੋਂ ਅੱਕ ਕੇ ਮੈਂ ਅਖੀਰ 'ਚ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ, ਜਿਸ ਦੇ ਸਤਿਕਾਰਯੋਗ ਜੱਜਾਂ ਨੇ ਮੈਨੂੰ ਇਨਸਾਫ ਦਿੰਦੇ ਹੋਏ ਕਰੀਬ ਡੇਢ ਸਾਲ ਪਿੱਛੋਂ ਮੁੜ ਆਪਣੇ ਘਰ 'ਚ ਵਸਣ ਦੀ ਇਜਾਜ਼ਤ ਦਿੱਤੀ, ਜਿਸਦੀ ਮੈਂ ਹਮੇਸ਼ਾ ਰਿਣੀ ਰਹਾਂਗਾ।