ਸਿਹਤ ਵਿਭਾਗ ਦੀ ਟੀਮ ਨੇ ਨਰਸ ਦੇ ਘਰ ''ਚ ਕੀਤੀ ਚੈਕਿੰਗ

01/18/2018 7:35:22 AM

ਤਰਨਤਾਰਨ    (ਰਮਨ)-   ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ ਦੇ ਨਿਰਦੇਸ਼ਾਂ ਹੇਠ ਇਕ ਟੀਮ ਦਾ ਗਠਨ ਕੀਤਾ ਗਿਆ। ਇਸ ਦੀ ਅਗਵਾਈ ਸਹਾਇਕ ਸਿਵਲ ਸਰਜਨ ਡਾ. ਕਿਰਨਦੀਪ ਕੌਰ ਨੇ ਕੀਤੀ । ਟੀਮ ਵੱਲੋਂ ਸਥਾਨਕ ਸ਼ਹਿਰ ਦੇ ਮੁਹੱਲਾ ਗੁਰੂ ਕਾ ਖੂਹ ਦੀ ਗਲੀ ਹੰਸਲੀ ਵਾਲੀ 'ਚ ਸੁਖਵੰਤ ਕੌਰ ਜੋ ਪ੍ਰਾਈਵੇਟ ਪ੍ਰੈਕਟਿਸ ਕਰਦੀ ਸੀ, ਦੇ ਘਰ ਅੱਜ ਅਚਾਨਕ ਚੈਕਿੰਗ ਕੀਤੀ ਗਈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੁਖਵੰਤ ਕੌਰ ਪਤਨੀ ਪਲਵਿੰਦਰ ਸਿੰਘ ਵਾਸੀ ਗਲੀ ਹੰਸਲੀ ਵਾਲੀ ਬਿਨਾਂ ਕਿਸੇ ਡਿਗਰੀ ਆਦਿ ਤੋਂ ਮਰੀਜ਼ਾਂ ਦਾ ਚੈੱਕਅਪ ਕਰਦੀ ਹੈ। ਗਰਭਵਤੀ ਔਰਤਾਂ ਦੀਆਂ ਡਲਿਵਰੀ ਵੀ ਆਪਣੇ ਘਰ ਵਿਚ ਕਰਦੀ ਹੈ । ਇਸ ਤਹਿਤ ਉਨ੍ਹਾਂ ਵੱਲੋਂ ਬਣਾਈ ਗਈ ਟੀਮ ਨੇ ਅੱਜ ਉਸ ਦੇ ਘਰ ਚੈਕਿੰਗ ਕੀਤੀ। 
ਟੀਮ 'ਚ ਸ਼ਾਮਲ ਦਰਜਾ ਚਾਰ ਇਕ ਔਰਤ ਕਰਮਚਾਰੀ ਨੇ ਆਪਣਾ ਇਲਾਜ ਕਰਵਾਉਣ ਸਬੰਧੀ ਨਰਸ ਨਾਲ ਸੰਪਰਕ ਕੀਤਾ। ਉਸ ਨੇ ਆਪਣਾ ਚੈੱਕਅਪ ਕਰਵਾਇਆ । ਡਾ. ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਮੌਕੇ 'ਤੇ ਨਰਸ ਕੋਈ ਵੀ ਦਸਤਾਵੇਜ਼ ਜਾਂ ਡਿਗਰੀ ਪੇਸ਼ ਨਹੀਂ ਕਰ ਸਕੀ। ਉਸ ਦੇ ਘਰੋਂ ਕੁਝ ਦਵਾਈਆਂ ਵੀ ਬਰਾਮਦ ਹੋਈਆਂ ਹਨ, ਜਿਨ੍ਹਾਂ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ।
ਉਨ੍ਹਾਂ ਦੱਸਿਆ ਕਿ ਉਕਤ ਨਰਸ ਦੇ ਘਰੋਂ ਟੀਮ ਨੂੰ ਕੋਈ ਵੀ ਗਰਭਪਾਤ ਕਰਨ ਵਾਲੇ ਔਜ਼ਾਰ ਆਦਿ ਨਹੀਂ ਮਿਲੇ। ਨਾ ਹੀ ਕੋਈ ਪਾਬੰਦੀਸ਼ੁਦਾ ਦਵਾਈਆਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਨਰਸ ਵੱਲੋਂ ਇਕ ਹਲਫੀਆ ਬਿਆਨ (ਮੁਆਫੀਨਾਮਾ) ਦਿੱਤਾ ਗਿਆ ਹੈ ਕਿ ਉਹ ਭਵਿੱਖ 'ਚ ਕਦੇ ਵੀ ਪ੍ਰੈਕਟਿਸ ਨਹੀਂ ਕਰੇਗੀ ਅਤੇ ਨਾ ਹੀ ਕੋਈ ਦਵਾਈ ਵੇਚੇਗੀ। ਇਸ ਦੀ ਇਕ ਕਾਪੀ ਪੁਲਸ ਨੂੰ ਵੀ ਦਿੱਤੀ ਗਈ ਹੈ। ਉਨ੍ਹਾਂ ਨਰਸ ਨੂੰ ਇਕ ਮੌਕਾ ਦੇ ਦਿੱਤਾ ਹੈ । ਭਵਿੱਖ 'ਚ ਨਰਸ ਖਿਲਾਫ ਕਈ ਸ਼ਿਕਾਇਤ ਆਈ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਕਿਰਨਦੀਪ ਕੌਰ, ਸੰਜੀਵ ਕੁਮਾਰ, ਰਮਾ ਰਾਣੀ, ਗਗਨਦੀਪ, ਰਣਜੀਤ ਸਿੰਘ ਤੇ ਏ. ਐੱਸ. ਆਈ. ਦਲੀਪ ਕੁਮਾਰ ਆਦਿ ਹਾਜ਼ਰ ਸਨ।