ਹੌਲਦਾਰ ਨੇ ਸਕੂਟਰੀ ਨੂੰ ਟੱਕਰ ਮਾਰ ਕੇ ਭਜਾਈ ਕਾਰ

11/20/2017 12:30:55 AM

ਨਵਾਂਸ਼ਹਿਰ, (ਤ੍ਰਿਪਾਠੀ)- ਰੈਪਿਡ ਰੂਰਲ ਰਿਸਪਾਂਸ ਵਾਹਨ ਨੂੰ ਚਲਾ ਰਹੇ ਪੁਲਸ ਹੌਲਦਾਰ ਵੱਲੋਂ ਗੜ੍ਹਸ਼ੰਕਰ ਰੋਡ 'ਤੇ ਪਿੰਡ ਅਲਾਚੌਰ ਨੇੜੇ ਸਕੂਟਰੀ 'ਤੇ ਜਾ ਰਹੇ ਮਾਂ-ਪੁੱਤ ਤੇ ਇਸੇ ਰਸਤੇ 'ਤੇ ਇਕ ਕਾਰ ਨੂੰ ਟੱਕਰ ਮਾਰਨ ਦਾ ਸਮਾਚਾਰ ਹੈ। ਸਕੂਟਰੀ ਸਵਾਰ ਆਸ਼ਾ ਰਾਣੀ ਪਤਨੀ ਕਮਲ ਕੁਮਾਰ ਤੇ ਉਸ ਦੇ ਪੁੱਤਰ ਅਮਿਤ ਕੁਮਾਰ ਵਾਸੀ ਲੁਧਿਆਣਾ ਨੇ ਦੱਸਿਆ ਕਿ ਉਹ ਲੁਧਿਆਣਾ ਤੋਂ ਗੜ੍ਹਸ਼ੰਕਰ ਆਪਣੀ ਸਕੂਟਰੀ 'ਤੇ ਜਾ ਰਹੇ ਸਨ। ਜਦੋਂ ਉਹ ਗੜ੍ਹਸ਼ੰਕਰ ਰੋਡ 'ਤੇ ਪਿੰਡ ਅਲਾਚੌਰ ਨੇੜੇ ਪੁੱਜੇ ਤਾਂ ਪੁਲਸ ਦੀ ਇਕ ਕਾਰ, ਜਿਸ 'ਤੇ ਰੈਪਿਡ ਰੂਰਲ ਰਿਸਪਾਂਸ ਲਿਖਿਆ ਸੀ, ਨੇ ਉਨ੍ਹਾਂ ਦੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਸੜਕ 'ਤੇ ਡਿੱਗ ਕੇ ਜ਼ਖਮੀ ਹੋ ਗਏ, ਜਦਕਿ ਉਕਤ ਵਾਹਨ ਚਾਲਕ ਹੌਲਦਾਰ ਤੇਜ਼ੀ ਨਾਲ ਵਾਹਨ ਭਜਾ ਕੇ ਲੈ ਗਿਆ।
ਇਸੇ ਤਰ੍ਹਾਂ ਉਕਤ ਹੌਲਦਾਰ ਨੇ ਇਸੇ ਰਸਤੇ 'ਤੇ ਇਕ ਕਾਰ, ਜਿਸ 'ਤੇ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਜਾ ਰਹੇ ਪਤੀ-ਪਤਨੀ ਸਵਾਰ ਸਨ, ਨੂੰ ਵੀ ਟੱਕਰ ਮਾਰ ਦਿੱਤੀ। ਵਾਹਨ ਚਾਲਕ ਨਵਾਂਸ਼ਹਿਰ ਪੁਲਸ ਸਟੇਸ਼ਨ ਦਾ ਮੁਲਾਜ਼ਮ ਦੱਸਿਆ ਜਾ ਰਿਹਾ ਹੈ। ਹਾਦਸੇ 'ਚ ਜ਼ਖਮੀ ਹੋਈ ਆਸ਼ਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰਾਂ ਨੇ ਐਂਬੂਲੈਂਸ ਮੰਗਵਾ ਕੇ ਸਿਵਲ ਹਸਪਤਾਲ ਭੇਜਿਆ। ਇਸ ਸੰਬੰਧੀ ਜਾਂਚ ਅਧਿਕਾਰੀ ਏ. ਐੱਸ. ਆਈ. ਪਰਗਟ ਸਿੰਘ ਨੇ ਦੱਸਿਆ ਕਿ ਜੇਕਰ ਇਸ ਮਾਮਲੇ ਵਿਚ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਕਾਰਵਾਈ ਨੂੰ ਅਮਲ 'ਚ ਲਿਆਂਦਾ ਜਾਵੇਗਾ।