ਦਿ ਗ੍ਰੇਟ ਖਲੀ ਦੇ ਸਟੂਡੈਂਟ 'ਤੇ ਹਮਲਾ, ਹਸਪਤਾਲ 'ਚ ਦਾਖਲ

01/16/2020 10:15:00 PM

ਜਲੰਧਰ,(ਵਿਕਰਮ,ਮਹੇਸ਼ ): ਦੁਨੀਆ ਭਰ 'ਚ ਰੈਸਲਿੰਗ ਰਾਹੀਂ ਭਾਰਤ ਦਾ ਨਾਮ ਚਮਕਾਉਣ ਵਾਲੇ ਦਿ ਗ੍ਰੇਟ ਖਲੀ ਦਲੀਪ ਸਿੰਘ ਦੇ ਇਕ ਸਟੂਡੈਂਟ 'ਤੇ ਅਣਪਛਾਤਿਆਂ ਵਲੋਂ ਹਮਲਾ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਦਿ ਗ੍ਰੇਟ ਖਲੀ ਦੇ ਸਟੂਡੈਂਟ ਦਿਨੇਸ਼ ਨਾਮ ਦੇ ਨੌਜਵਾਨ 'ਤੇ ਕੁੱਝ ਅਣਪਛਾਤਿਆਂ ਨੇ ਹਮਲਾ ਕਰ ਦਿੱਤਾ। ਇਹ ਘਟਨਾ ਜੰਡੂਸਿੰਘਾ ਨੇੜੇ ਏ. ਟੀ. ਐਮ. ਦੇ ਬਾਹਰ ਹੋਈ, ਜਦ ਦਿਨੇਸ਼ ਏ. ਟੀ. ਐਮ. 'ਚੋਂ ਰੁਪਏ ਲੈ ਕੇ ਬਾਹਰ ਆਇਆ ਤਾਂ ਹਮਲਾਵਰਾਂ ਨੇ ਉਸ ਦੇ ਸਿਰ 'ਤੇ ਰਾਡ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ।

ਰੈਸਲਰ ਨਾਲ ਕੁੱਟ-ਮਾਰ ਕਰਕੇ 31 ਹਜ਼ਾਰ ਰੁਪਏ ਲੁੱਟ ਲਏ ਗਏ। ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਲੁਟੇਰਿਆਂ ਦਾ ਸ਼ਿਕਾਰ ਹੋਏ ਰੈਸਲਰ ਦਿਨੇਸ਼ ਕੁਮਾਰ ਪੁੱਤਰ ਰਿਟਾ. ਨਾਇਬ ਸੂਬੇਦਾਰ ਰਾਜੇਸ਼ ਨਿਵਾਸੀ ਪਿੰਡ ਬਰਾਲੂ ਜ਼ਿਲਾ ਭਵਾਨੀ ਹਰਿਆਣਾ ਨੂੰ ਖੂਨ ਨਾਲ ਲਥਪਥ ਹਾਲਤ 'ਚ ਰਾਮਾ ਮੰਡੀ ਦੇ ਜੌਹਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਸ ਮੌਕੇ ਗ੍ਰੇਟ ਖਲੀ ਵੀ ਹਾਲ ਜਾਣਨ ਲਈ ਪਹੁੰਚੇ। ਦੇਰ ਰਾਤ ਤੱਕ ਉਸ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਸੀ ਕਿਉਂਕਿ ਉਸ ਦੇ ਸਿਰ ਤੋਂ ਕਾਫੀ ਖੂਨ ਵਗ ਗਿਆ ਸੀ, ਜਿਸ ਨੂੰ ਡਾਕਟਰਾਂ ਨੇ 25 ਦੇ ਲਗਭਗ ਟਾਂਕੇ ਲਗਾ ਕੇ ਰੋਕਿਆ।

ਜੌਹਲ ਹਸਪਤਾਲ ਦੇ ਸੁਪਰਡੈਂਟ ਡਾ. ਅਮਿਤ ਕੁਮਾਰ ਚੌਧਰੀ ਨੇ ਦੱਸਿਆ ਕਿ ਰੈਸਲਰ ਦੇ ਸਿਰ 'ਚ ਵੱਖ-ਵੱਖ ਜਗ੍ਹਾ 'ਤੇ 7 ਵਾਰ ਕੀਤੇ ਗਏ ਸਨ। ਸਵੇਰੇ ਉਸ ਦੀ ਹਾਲਤ 'ਚ ਸੁਧਾਰ ਆਉਣ 'ਤੇ ਡਾਕਟਰਾਂ ਨੇ ਉਸ ਨੂੰ ਖਤਰੇ ਤੋਂ ਬਾਹਰ ਦੱਸਿਆ। ਦੇਹਰਾਦੂਨ, ਹਰਿਆਣਾ, ਹਿਮਾਚਲ, ਦਿੱਲੀ ਸਮੇਤ ਕਈ ਰਾਜਾਂ 'ਚ ਕੌਮੀ ਤੇ ਕੌਮਾਂਤਰੀ ਪੱਧਰ ਦੀ ਰੈਸਲਿੰਗ 'ਚ ਆਪਣਾ ਲੋਹਾ ਮਨਵਾ ਚੁੱਕੇ ਰੈਸਲਰ ਦਿਨੇਸ਼ ਨੇ ਅੱਜ ਸਵੇਰੇ ਦਿਹਾਤ ਪੁਲਸ ਦੇ ਥਾਣਾ ਆਦਮਪੁਰ ਦੀ ਜੰਡੂ ਸਿੰਘਾ ਪੁਲਸ ਚੌਕੀ ਦੇ ਇੰਚਾਰਜ ਐੱਸ. ਆਈ. ਰਘੁਨਾਥ ਸਿੰਘ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਿਕ ਉਹ ਪਿਛਲੇ 5 ਸਾਲਾਂ ਤੋਂ ਖਲੀ ਦੀ ਅਕੈਡਮੀ 'ਚ ਰੈਸਲਿੰਗ ਦੀ ਟ੍ਰੇਨਿੰਗ ਲੈ ਰਿਹਾ ਹੈ। ਉਹ ਵੀਰਵਾਰ ਨੂੰ ਰਾਤ ਨੂੰ ਜੰਡੂ ਸਿੰਘਾ ਸਥਿਤ ਏ. ਟੀ. ਐੱਮ. 'ਚ 40 ਹਜ਼ਾਰ ਰੁਪਏ ਨਿਕਲਵਾਉਣ ਲਈ ਗਿਆ ਸੀ। ਉਸ ਦੇ ਨਾਲ ਉਸ ਦਾ ਇਕ ਹੋਰ ਸਾਥੀ ਮੁਨੀਸ਼ ਦੂਬੇ ਵੀ ਮੌਜੂਦ ਸੀ। ਦਿਨੇਸ਼ ਦੇ ਮੁਤਾਬਕ ਜੰਡੂ ਸਿੰਘਾ ਪਹੁੰਚਣ 'ਤੇ ਉਹ ਐੱਚ. ਡੀ. ਐੱਫ. ਸੀ. ਦੇ ਏ. ਟੀ. ਐੱਮ. 'ਚ ਅਤੇ ਮੁਨੀਸ਼ ਦੂਬੇ ਕਿਸੇ ਦੂਸਰੇ ਏ. ਟੀ. ਐੱਮ. 'ਚ ਚਲਾ ਗਿਆ।

PunjabKesari

ਦਿਨੇਸ਼ ਨੇ ਦੱਸਿਆ ਕਿ ਉਹ ਜਦੋਂ ਏ. ਟੀ. ਐੱਮ. 'ਚ ਆਪਣੇ ਪੈਸੇ ਨਿਕਲਵਾਉਣ ਲਈ ਗਿਆ ਤਾਂ ਪਿੱਛੋਂ ਦੋ ਨੌਜਵਾਨ ਵੀ ਇਥੇ ਆ ਗਏ। ਉਨ੍ਹਾਂ ਉਸ ਨੂੰ ਕਿਹਾ ਕਿ ਉਨ੍ਹਾਂ ਨੇ ਕਿਤੇ ਛੇਤੀ ਪਹੁੰਚਣਾ ਹੈ ਇਸ ਲਈ ਉਹ ਪਹਿਲਾਂ ਪੈਸੇ ਕੱਢ ਲੈਂਦੇ ਹਨ। ਉਸ ਨੇ ਉਨ੍ਹਾਂ ਦੋਵਾਂ ਨੂੰ ਪੈਸੇ ਕੱਢਣ ਲਈ ਬੋਲ ਦਿੱਤਾ ਪਰ ਉਨ੍ਹਾਂ ਨੇ ਕੋਈ ਪੈਸਾ ਨਹੀਂ ਕੱਢਿਆ। ਅਜਿਹੇ 'ਚ ਉਸ ਨੇ ਆਪਣੇ ਪੈਸੇ ਕੱਢਣ ਲਈ ਕਾਰਡ ਮਸ਼ੀਨ 'ਚ ਪਾਇਆ ਅਤੇ ਪਹਿਲੀ ਵਾਰ 1 ਹਜ਼ਾਰ ਰੁਪਏ ਅਤੇ ਉਸ ਤੋਂ ਬਾਅਦ 3 ਵਾਰ 30 ਹਜ਼ਾਰ (10-10 ਹਜ਼ਾਰ) ਕੱਢ ਲਏ। ਉਸ ਨੇ ਇਕ ਹੋਰ ਵਾਰ 10 ਹਜ਼ਾਰ ਰੁਪਏ ਕੱਢਣੇ ਸਨ, ਕਿ ਦੋਵੇਂ ਨੌਜਵਾਨਾਂ ਨੇ ਉਸ ਨੂੰ ਉਥੇ ਹੀ ਦਬੋਚ ਲਿਆ। ਇਕ ਨੇ ਉਸਨੂੰ ਫੜ ਲਿਆ ਤੇ ਦੂਜੇ ਨੇ ਆਪਣੇ ਹੱਥ ਵਿਚ ਫੜੇ ਹੋਏ ਸਟੀਲ ਦੇ ਦੁੱਧ ਵਾਲੇ ਡੋਲੂ ਨਾਲ ਉਸ ਦੇ ਸਿਰ 'ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਦਿਨੇਸ਼ ਨੇ ਕਿਹਾ ਕਿ ਉਸ ਨੇ ਕਾਫੀ ਹਿੰਮਤ ਕਰਦਿਆਂ ਦੋਵਾਂ ਦਾ ਮੁਕਾਬਲਾ ਤਾਂ ਕੀਤਾ ਪਰ ਸਿਰ 'ਤੇ ਲਗਾਤਾਰ ਵਾਰ ਹੋਣ ਕਾਰਣ ਉਹ ਉਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਿਆ। ਦੋਵਾਂ ਨੌਜਵਾਨਾਂ ਨੇ ਡੋਲੂ ਅਤੇ ਹੱਥ ਵਿਚ ਪਾਏ ਕੜੇ ਨਾਲ ਉਸ ਦਾ ਸਿਰ ਖੂਨ ਨਾਲ ਲਥਪਥ ਕਰ ਦਿੱਤਾ। ਉਸ ਦੇ ਹੱਥ 'ਚ ਫੜੇ 31 ਹਜ਼ਾਰ ਰੁਪਏ ਖੋਹ ਲਏ। ਇੰਨੇ ਵਿਚ ਉਨ੍ਹਾਂ ਦੇ ਹੋਰ ਸਾਥੀ ਵੀ ਮੋਟਰਸਾਈਕਲਾਂ 'ਤੇ ਉਥੇ ਪਹੁੰਚ ਗਏ। ਸਾਰੇ ਲਲਕਾਰੇ ਮਾਰਦੇ ਹੋਏ ਉਥੋਂ ਫਰਾਰ ਹੋ ਗਏ। ਉਸ ਦੇ ਸਾਥੀ ਮਨੀਸ਼ ਦੁਬੇ ਨੇ ਹੋਰ ਸਾਥੀਆਂ ਨੂੰ ਅਕੈਡਮੀ ਤੋਂ ਉਥੇ ਬੁਲਾਇਆ। ਜਿਸ ਤੋਂ ਬਾਅਦ ਉਹ ਉਸਨੂੰ ਜੌਹਲ ਹਸਪਤਾਲ ਲੈ ਆਏ।

ਖਲੀ ਵੀ ਪਹੁੰਚੇ ਹਸਪਤਾਲ
ਰੈਸਲਰ ਦਿਨੇਸ਼ ਕੁਮਾਰ ਦਾ ਹਾਲ-ਚਾਲ ਪੁੱਛਣ ਦਿ ਗ੍ਰੇਟ ਖਲੀ ਵੀ ਜੌਹਲ ਹਸਪਤਾਲ ਪਹੁੰਚੇ ਅਤੇ ਦਿਨੇਸ਼ ਦੀ ਸਥਿਤੀ ਬਾਰੇ ਡਾਕਟਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਪੁਲਸ ਅਧਿਕਾਰੀਆਂ ਨਾਲ ਵੀ ਗੱਲ ਕਰ ਕੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਨੂੰ ਜਲਦੀ ਤੋਂ ਜਲਦੀ ਫੜ ਕੇ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕਰਨ ਲਈ ਕਿਹਾ।

ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਦੀ ਹੋਈ ਪਛਾਣ
ਐੱਚ. ਡੀ. ਐੱਫ. ਸੀ. ਬੈਂਕ ਦੇ ਏ. ਟੀ. ਐੱਮ. 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਦੀ ਪੁਲਸ ਨੇ ਪਛਾਣ ਕਰ ਲਈ ਹੈ ਪਰ ਅਜੇ ਗ੍ਰਿਫਤਾਰੀ ਕਿਸੇ ਦੀ ਨਹੀਂ ਹੋਈ। ਚੌਕੀ ਜੰਡੂਸਿੰਘਾ ਦੇ ਇੰਚਾਰਜ ਰਘੁਨਾਥ ਸਿੰਘ ਨੇ ਦੱਸਿਆ ਕਿ ਪੁਲਸ ਨੇ ਰੈਸਲਰ ਦਿਨੇਸ਼ ਕੁਮਾਰ ਦੇ ਬਿਆਨਾਂ 'ਤੇ ਥਾਣਾ ਆਦਮਪੁਰ ਵਿਚ ਕੇਸ ਦਰਜ ਕਰ ਲਿਆ ਹੈ। ਲੁਟੇਰਿਆਂ ਵਿਚ ਜੰਡੂ ਸਿੰਘਾ ਦਾ ਮੌਜੂਦਾ ਪੰਚਾਇਤ ਮੈਂਬਰ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ। ਉਸ ਦੇ ਘਰ ਪੁਲਸ ਨੇ ਰੇਡ ਕੀਤੀ ਸੀ ਪਰ ਉਹ ਕੱਲ ਤੋਂ ਹੀ ਫਰਾਰ ਹੈ।

ਸਕਿਓਰਿਟੀ ਗਾਰਡ ਦਾ ਨਾਂ ਪੁੱਛਿਆ ਤਾਂ ਚੌਕੀ ਇੰਚਾਰਜ ਬੋਲੇ-ਟੂਰਨਾਮੈਂਟ 'ਚ ਹਾਂ
ਏ. ਟੀ. ਐੱਮ. 'ਤੇ ਡਿਊਟੀ ਦੇਣ ਵਾਲੇ ਸਕਿਓਰਿਟੀ ਗਾਰਡ ਦਾ ਨਾਂ ਜਾਣਨ ਲਈ ਜਦੋਂ ਚੌਕੀ ਇੰਚਾਰਜ ਰਘੁਨਾਥ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਪਿੰਡ ਹਰੀਪੁਰ 'ਚ ਹੋ ਰਹੇ ਕਬੱਡੀ ਟੂਰਨਾਮੈਂਟ ਵਿਚ ਹਨ। ਉਨ੍ਹਾਂ ਨੂੰ ਉਸ ਦਾ ਨਾਂ ਪਤਾ ਨਹੀਂ। ਉਹ ਫ੍ਰੀ ਹੋ ਕੇ ਚੌਕੀ ਜਾ ਕੇ ਦੱਸਣਗੇ। ਇੰਨਾ ਜ਼ਰੂਰ ਕਿਹਾ ਕਿ ਵਾਰਦਾਤ ਦੇ ਸਮੇਂ ਸਕਿਓਰਿਟੀ ਗਾਰਡ ਉਥੇ ਮੌਜੂਦ ਸੀ ਪਰ ਜਿਵੇਂ ਹੀ ਕੁੱਟ-ਮਾਰ ਦਾ ਸਿਲਸਿਲਾ ਸ਼ੁਰੂ ਹੋਇਆ ਤਾਂ ਉਥੋਂ ਆਪਣੀ ਜਾਨ ਬਚਾਉਣ ਦੇ ਚੱਕਰ ਵਿਚ ਇਧਰ-ਉਧਰ ਹੋ ਗਿਆ।

ਏ. ਟੀ. ਐੱਮ. ਦੇ ਸ਼ੀਸ਼ੇ ਵੀ ਤੋੜੇ
ਰੈਸਲਰ ਦਿਨੇਸ਼ ਕੁਮਾਰ ਨੂੰ ਆਪਣਾ ਸ਼ਿਕਾਰ ਬਣਾਉਣ ਵਾਲੇ ਲੁਟੇਰਿਆਂ ਨੇ ਐੱਚ. ਡੀ. ਐੱਫ. ਸੀ. ਬੈਂਕ ਦੇ ਏ. ਟੀ. ਐੱਮ. ਦੇ ਸ਼ੀਸ਼ੇ ਤੱਕ ਤੋੜ ਦਿੱਤੇ। ਪਤਾ ਲੱਗਾ ਹੈ ਕਿ ਏ. ਟੀ. ਐੱਮ. ਦੇ ਹੋਏ ਨੁਕਸਾਨ ਬਾਰੇ ਬੈਂਕ ਦੇ ਅਧਿਕਾਰੀਆਂ ਨੇ ਵੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ।


Related News