ਸੁਲਤਾਨਪੁਰ ਲੋਧੀ ਮਾਮਲੇ ''ਚ ਰਾਜਪਾਲ ਨੂੰ ਮਿਲਿਆ ਅਕਾਲੀ ਵਫਦ, ਕੀਤੀ ਸੀ.ਬੀ.ਆਈ. ਜਾਂਚ ਦੀ ਮੰਗ

12/01/2023 6:33:02 PM

ਚੰਡੀਗੜ੍ਹ (ਵੈੱਬ ਡੈਸਕ)- ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਅੱਜ ਅਕਾਲੀ ਵਫ਼ਦ ਮੁਲਾਕਾਤ ਲਈ ਪਹੁੰਚਿਆ ਹੈ। ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗਵਰਨਰ ਨੂੰ ਮੰਗ ਪੱਤਰ ਸੌਂਪਿਆ । ਸੁਖਬੀਰ ਬਾਦਲ ਨੇ ਮੁਲਾਕਾਤ ਦੌਰਾਨ ਪੰਜਾਬ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਪੁਲਸ ਨੂੰ ਗੁਰਦੁਆਰੇ 'ਚ ਦਾਖ਼ਲ ਹੋਣ ਦੇ ਆਦੇਸ਼ ਜਾਰੀ ਕੀਤੇ ਸੀ। ਜਿਸ ਦੌਰਾਨ ਪੁਲਸ ਅਧਿਕਾਰੀ ਹਥਿਆਰਾਂ ਸਮੇਤ ਬੂਟ ਪਾ ਕੇ ਗੁਰੂ ਘਰ ਦਾਖ਼ਲ ਹੋਈ ਅਤੇ ਗੁਰੂ ਘਰ ਦਾ ਅਪਮਾਨ ਅਤੇ ਬੇਅਦਬੀ ਹੋਈ ਹੈ। ਜਿਸ ਨਾਲ ਸਿੱਖ ਧਰਮ 'ਚ ਰੋਸ ਹੈ। ਪੰਜਾਬ ਦੇ ਲੋਕੀ ਅਤੇ ਸਿੱਖ ਕੌਮ ਇਨਸਾਫ਼ ਮੰਗਦੀ ਹੈ। ਉਨ੍ਹਾਂ ਕਿਹਾ ਸੰਬੰਧਤ ਅਧਿਕਾਰੀਆਂ ਤੇ ਅਫਸਰਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਇਸ ਮਾਮਲੇ 'ਤੇ ਸੀ. ਬੀ. ਆਈ. ਤੋਂ ਜਾਂਚ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ-  ਇੰਗਲੈਂਡ ਤੋਂ ਪਰਤੇ ਇਕਲੌਤੇ ਪੁੱਤ ਨੇ ਗਲ਼ ਲਾਈ ਮੌਤ, ਮਾਂ ਨੇ ਦੱਸਿਆ ਹੈਰਾਨੀਜਨਕ ਸੱਚ

ਜ਼ਿਕਰਯੋਗ ਹੈ ਕਿ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਯਾਦਗਾਰ ਸਿੰਘ ਸਾਹਿਬ ਨਵਾਬ ਕਪੂਰ ਸਿੰਘ, ਛਾਉਣੀ ਨਿਹੰਗ ਸਿੰਘ ਬੁੱਢਾ ਦਲ ਸੁਲਤਾਨਪੁਰ ਲੋਧੀ ਜਿਸ ’ਤੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇ ਦਲ ਦਾ ਕਬਜ਼ਾ ਹੈ, ’ਤੇ ਬੀਤੇ ਦਿਨੀਂ ਸਵੇਰੇ ਬੁੱਢਾ ਦਲ ਦੇ ਦੂਜੇ ਧੜੇ ਦੇ ਮੁਖੀ ਸਿੰਘ ਸਾਹਿਬ ਬਾਬਾ ਮਾਨ ਸਿੰਘ ਦੀ ਅਗਵਾਈ 'ਚ ਨਿਹੰਗ ਸਿੰਘ ਜਥੇਬੰਦੀ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਜਬਰੀ ਹਮਲਾ ਕਰਕੇ ਡੇਰੇ ਅਤੇ ਗੁਰਦੁਆਰਾ ਸਾਹਿਬ ’ਤੇ ਕਬਜ਼ਾ ਕਰ ਲਿਆ ਗਿਆ ਸੀ। ਇਸ ਮਗਰੋਂ ਗੁਰਦੁਆਰਾ ਸਾਹਿਬ ਨੂੰ ਖਾਲੀ ਕਰਵਾਉਣ ਲਈ ਨਿਹੰਗ ਸਿੰਘਾਂ ਅਤੇ ਪੁਲਸ ਵਿਚਾਲੇ ਮੁੱਠਭੇੜ ਹੋ ਗਈ, ਜਿਸ ਕਾਰਨ ਦੋਵਾਂ ਪਾਸਿਆਂ ਤੋਂ ਗੋਲ਼ੀਬਾਰੀ ਹੋਈ। ਇਸ ਮੁਠਭੇੜ ਵਿਚ ਇਕ ਪੁਲਸ ਕਾਂਸਟੇਬਲ ਦੀ ਮੌਤ ਹੋ ਗਈ ਅਤੇ 5 ਹੋਰ ਪੁਲਸ ਕਰਮਚਾਰੀ ਜ਼ਖ਼ਮੀ ਹੋ ਗਏ ਸਨ। 

ਇਹ ਖ਼ਬਰ ਵੀ ਪੜ੍ਹੋ - ਬੰਬੀਹਾ ਤੇ ਬਵਾਨਾ ਗੈਂਗ ਦੇ ਬਦਮਾਸ਼ਾਂ ਤੇ ਪੁਲਸ ਵਿਚਾਲੇ ਹੋਇਆ ਐਨਕਾਊਂਟਰ

ਇਸ ਮਾਮਲੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਨਵਾਬ ਕਪੂਰ ਸਿੰਘ ਜੀ ਯਾਦਗਾਰ ਛਾਉਣੀ ਨਿਹੰਗ ਸਿੰਘ ਵਿਖੇ ਬੀਤੇ ਦਿਨ ਵਾਪਰੀ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦੇ ਆਦੇਸ਼ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮਾਮਲੇ ਦੀ ਜਾਂਚ ਕਰਨ ਲਈ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਕਿ ਸਾਰੇ ਵਾਪਰੀ ਘਟਨਾ ਦੇ ਕਾਰਨਾਂ ਤੇ ਬਾਅਦ ਵਿਚ ਕਬਜ਼ਾ ਛੁਡਵਾਉਣ ਨੂੰ ਲੈ ਕੇ ਨਿਹੰਗ ਸਿੰਘਾਂ ਦੀ ਪੁਲਸ ਨਾਲ ਹੋਈ ਤਕਰਾਰ ਸਮੇਂ ਗੁਰਦੁਆਰਾ ਸਾਹਿਬ ਦੀ ਮਰਿਆਦਾ ਭੰਗ ਹੋਣ ਸਬੰਧੀ ਸਾਰੀ ਜਾਂਚ ਕਰੇਗੀ ਤੇ ਰਿਪੋਰਟ ਤਿਆਰ ਕਰ ਕੇ ਦੇਵੇਗੀ।

ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਝਗੜਿਆਂ ਦਾ ਜਥੇਬੰਦੀਆਂ ਮਿਲ ਬੈਠ ਕੇ ਹੱਲ ਕਰਦੀਆਂ ਹਨ ਪਰ ਕੋਈ ਵੀ ਸਰਕਾਰ ਇਸ ਤਰ੍ਹਾਂ ਪੇਸ਼ ਨਹੀਂ ਆਈ, ਜਿਵੇਂ ਇੱਥੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਪੁਲਸ ਦਾ ਜੋੜਿਆਂ ਸਮੇਤ ਜਾਣਾ ਤੇ ਸਤਿਗੁਰੂ ਜੀ ਦੇ ਸਥਾਨ ’ਤੇ ਗੋਲ਼ੀਆਂ ਚਲਾਉਣੀਆਂ ਬਿਲਕੁਲ ਜਾਇਜ਼ ਨਹੀਂ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਕ ਸਵਾਲ ਦਾ ਜਵਾਬ ਦਿੰਦੇ ਕਿਹਾ ਕਿ ਪੁਲਸ ਦੀ ‘ਸਿਟ’ ਆਪਣੀ ਜਾਂਚ ਕਰੇਗੀ, ਜਦਕਿ ਸ਼੍ਰੋਮਣੀ ਕਮੇਟੀ ਦੀ 5 ਮੈਂਬਰੀ ਕਮੇਟੀ ਆਪਣੇ ਪੱਧਰ ’ਤੇ ਮਰਿਆਦਾ ਭੰਗ ਹੋਣ ’ਤੇ ਹੋਰ ਧਾਰਮਿਕ ਮਾਮਲੇ ਦੀ ਜਾਂਚ ਕਰੇਗੀ। ਉਨ੍ਹਾਂ ਪੰਜਾਬ ਪੁਲਸ ਦੇ ਮੁਲਾਜ਼ਮ ਦੇ ਗੋਲ਼ੀਬਾਰੀ ’ਚ ਚੜ੍ਹਾਈ ਕਰ ਜਾਣ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਕਿਹਾ ਕਿ ਗੋਲ਼ੀਬਾਰੀ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਮੁੱਖ ਮੰਤਰੀ ਜਾਂ ਗ੍ਰਹਿ ਮੰਤਰੀ ਦੇ ਹੁਕਮਾਂ ਤੋਂ ਬਿਨਾਂ ਪੁਲਸ ਗੋਲ਼ੀ ਨਹੀਂ ਚਲਾ ਸਕਦੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan