ਮੀਂਹ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਹੋਏ ਨੁਕਸਾਨ ਦਾ ਮੁਆਵਜ਼ਾ ਜਲਦ ਦੇਵੇਗੀ ਸਰਕਾਰ : ਮੰਤਰੀ ਜਿੰਪਾ

07/23/2022 3:41:27 PM

ਕਪੂਰਥਲਾ (ਮਹਾਜਨ)- ਪਿਛਲੇ ਦਿਨੀਂ ਪੰਜਾਬ ’ਚ ਪਏ ਭਾਰੀ ਮੀਂਹ ਦੇ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦੀ ਰਿਪੋਰਟ ਨੂੰ ਲੈ ਕੇ ਕਿਸਾਨਾਂ ਨੂੰ ਪੰਜਾਬ ਸਰਕਾਰ ਜਲਦ ਮੁਆਵਜ਼ਾ ਜਾਰੀ ਕਰੇਗੀ। ਇਹ ਗੱਲ ਪੰਜਾਬ ਦੇ ਮਾਲ ਤੇ ਪੁਨਰਵਾਸ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਹਿੱਤਾਂ ਦੇ ਲਈ ਕੰਮ ਕਰ ਰਹੀ ਹੈ। ਕਿਸਾਨ ਵਰਗ ਦੇ ਲਈ ਵੱਖ-ਵੱਖ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ: ਅਨਮੋਲ ਗਗਨ ਮਾਨ ਵੱਲੋਂ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਪ੍ਰਭਾਵੀ ਨੀਤੀ ਬਣਾਉਣ ਦੇ ਨਿਰਦੇਸ਼

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ 1090 ਪਟਵਾਰੀਆਂ ਦੀ ਭਰਤੀ ਦੀ ਪ੍ਰਕਿਆ ਮੁਕੰਮਲ ਕਰ ਕੇ ਉਨ੍ਹਾਂ ਦੀ ਸਿਖਲਾਈ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਨਾਲ ਮਾਲ ਵਿਭਾਗ ਦੇ ਕੰਮ ’ਚ ਸੁਧਾਰ ਦੇ ਨਾਲ-ਨਾਲ ਲੋਕਾਂ ਨੂੰ ਵਿਭਾਗ ਨਾਲ ਸਬੰਧਿਤ ਸੇਵਾਵਾਂ ਪ੍ਰਾਪਤ ਕਰਨ ’ਚ ਆਸਾਨੀ ਹੋਵੇਗੀ। ਇਨ੍ਹਾਂ ’ਚੋਂ ਲਗਭਗ 850 ਪਟਵਾਰੀ ਮਾਲ ਵਿਭਾਗ ਦੇ ਹਨ, ਜਿਨ੍ਹਾਂ ਦੀ ਸਿਖਲਾਈ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਟਵਾਰੀਆਂ ਲਈ ਸਿਖਲਾਈ ਸਮਾਂ 2 ਸਾਲ ਤੋਂ ਘਟਾਕੇ ਇਕ ਸਾਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੇਵਲ 3 ਮਹੀਨੇ ਦੌਰਾਨ ਹੀ 5000 ਸਰਕਾਰੀ ਕਰਮਚਾਰੀਆਂ ਦੀ ਰੈਗੂਲਰ ਭਰਤੀ ਕੀਤੀ ਗਈ ਹੈ, ਜਦਕਿ ਬਾਕੀ ਵਿਭਾਗਾਂ ਅੰਦਰ ਵੀ ਭਰਤੀ ਪ੍ਰਕਿਰਿਆ ਸ਼ੁਰੂ ਹੈ।

ਇਹ ਵੀ ਪੜ੍ਹੋ: ਸਰਵੇਖਣਾਂ ਨੇ ਮੇਰੇ ਸਾਡੇ ਚਾਰ ਸਾਲਾਂ ’ਚ ਕੀਤੇ ਕੰਮਾਂ ’ਤੇ ਲਾਈ ਮੋਹਰ : ਕੈਪਟਨ ਅਮਰਿੰਦਰ

ਉਨ੍ਹਾਂ ਵਧਾਏ ਗਏ ਕੁਲੈਕਟਰ ਰੇਟਾਂ ਸਬੰਧੀ ਸਪੱਸ਼ਟ ਕੀਤਾ ਕਿ ਪਿਛਲੇ ਕਈ ਸਾਲਾਂ ਤੋਂ ਕੁਲੈਕਟਰ ਰੇਟ ਵਧਾਏ ਨਹੀਂ ਗਏ ਸਨ, ਜਿਸ ਕਰਕੇ ਇਸ ਵਾਰ ਜਾਇਦਾਦ ਦੀ ਅਸਲੀ ਕੀਮਤ ਤੇ ਕੁਲੈਕਟਰ ਰੇਟ ਵਿਚਲੇ ਪਾਡ਼ੇ ਨੂੰ ਖ਼ਤਮ ਕਰਕੇ ਇਨ੍ਹਾਂ ਨੂੰ ਹੋਰ ਤਰਕਸੰਗਤ ਬਣਾਇਆ ਗਿਆ ਹੈ। ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੁਲਤਾਨਪੁਰ ਲੋਧੀ ਦੌਰੇ ਦੌਰਾਨ ਕਾਲੀ ਵੇਈਂ ਦਾ ਜਲ ਪੀਣ ਤੋਂ ਬਾਅਦ ਉਨ੍ਹਾਂ ਦੀ ਸਿਹਤ ’ਚ ਆਈ ਗਿਰਾਵਟ ਨੂੰ ਜੋੜ ਕੇ ਦੇਖਣ ’ਤੇ ਮਾਲ ਮੰਤਰੀ ਨੇ ਕਿਹਾ ਕਿ ਇਹ ਆਸਥਾ ਦੇ ਨਾਲ ਜੋੜਿਆ ਹੋਇਆ ਮੁੱਦਾ ਹੈ। ਉਹ ਇਸ ’ਤੇ ਕੋਈ ਵੀ ਟਿੱਪਣੀ ਨਹੀਂ ਕਰਨਾ ਚਾਹੁੰਦੇ। ਇਸ ਮੌਕੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਐੱਸ. ਐੱਸ. ਪੀ. ਨਵਨੀਤ ਸਿੰਘ ਬੈਂਸ, ਸੂਬਾ ਸਕੱਤਰ ਰਾਜਵਿੰਦਰ ਕੌਰ ਥਿਆੜ ਆਦਿ ਹਾਜ਼ਰ ਸਨ।

Anuradha

This news is Content Editor Anuradha