ਜਿਨ੍ਹਾਂ ਦੇ ਕਰਜ਼ੇ ਮੁਆਫ ਹੋਏ, ਉਨ੍ਹਾਂ ਕਿਸਾਨਾਂ ਦੀ ਸੂਚੀ ਜਾਰੀ ਕਰੇ ਸਰਕਾਰ : ਅਕਾਲੀ ਦਲ

07/14/2017 6:02:31 AM

ਚੰਡੀਗੜ੍ਹ  (ਪਰਾਸ਼ਰ)  - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਨੂੰ ਉਨ੍ਹਾਂ ਕਿਸਾਨਾਂ ਦੀ ਸੂਚੀ ਜਾਰੀ ਕਰਨ ਲਈ ਕਿਹਾ ਹੈ, ਜਿਨ੍ਹਾਂ ਦੇ ਕਰਜ਼ੇ ਮੁਆਫ ਕਰ ਦਿੱਤੇ ਗਏ ਹਨ ਅਤੇ ਇਸ ਬਾਰੇ ਬੈਂਕਾਂ ਨੂੰ ਵੀ ਸੂਚਿਤ ਕੀਤੇ ਜਾਣ ਲਈ ਆਖਿਆ ਹੈ। ਪਾਰਟੀ ਨੇ ਕਿਹਾ ਹੈ ਕਿ ਰਾਜ ਸਰਕਾਰ ਵੱਲੋਂ ਕਰਜ਼ਾ ਮੁਆਫੀ ਦਾ ਭਰੋਸਾ ਦਿੱਤੇ ਜਾਣ ਮਗਰੋਂ ਕਿਸਾਨਾਂ ਵੱਲੋਂ ਕਰਜ਼ਿਆਂ ਦਾ ਵਿਆਜ ਦੇਣਾ ਬੰਦ ਕਰ ਦਿੱਤਾ ਗਿਆ ਹੈ, ਜਿਸ ਕਰ ਕੇ ਬੈਂਕਾਂ ਵੱਲੋਂ ਉਨ੍ਹਾਂ ਨੂੰ ਜੁਰਮਾਨੇ ਲਗਾਏ ਜਾ ਰਹੇ ਹਨ।
ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਮਹੇਸ਼ਇੰਦਰ ਸਿਘ ਗਰੇਵਾਲ ਨੇ ਕਿਹਾ ਕਿ ਇਹ ਕਰਨਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਮੁੱਖ ਮੰਤਰੀ ਵੱਲੋਂ ਇਹ ਭਰੋਸਾ ਦਿੱਤੇ ਜਾਣ ਮਗਰੋਂ ਕਿ ਕਰਜ਼ੇ ਦਾ ਮਾਮਲਾ ਹੁਣ ਸਿਰਫ ਸਰਕਾਰ ਅਤੇ ਬੈਂਕਾਂ ਵਿਚਕਾਰ ਰਹਿ ਗਿਆ ਹੈ, ਲੱਖਾਂ ਕਿਸਾਨਾਂ ਨੇ ਕਰਜ਼ਿਆਂ ਦਾ ਵਿਆਜ ਦੇਣਾ ਬੰਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨਾਂ ਨੂੰ ਇਹ ਪਤਾ ਲੱਗਿਆ ਕਿ ਉਨ੍ਹਾਂ ਨੂੰ ਝੂਠਾ ਚੋਣ ਵਾਅਦਾ ਕਰ ਕੇ ਠੱਗਿਆ ਗਿਆ ਹੈ ਅਤੇ ਬੈਂਕ ਉਨ੍ਹਾਂ ਨੂੰ ਮਿਲਦੀ ਬੁਢਾਪਾ ਪੈਨਸ਼ਨ ਨੂੰ ਕਰਜ਼ੇ ਦੇ ਵਿਆਜ ਵਜੋਂ ਕੱਟਣ ਲੱਗ ਪਏ ਹਨ ਤਾਂ ਕਲਪਨਾ ਕਰੋ ਕਿ ਕਿਸਾਨਾਂ ਨੂੰ ਕਿੰਨਾ ਵੱਡਾ ਵਿਸ਼ਵਾਸਘਾਤ ਮਹਿਸੂਸ ਹੋਇਆ ਹੋਵੇਗਾ?
ਗਰੇਵਾਲ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਝੂਠੇ ਕਰਜ਼ਾ ਮੁਆਫੀ ਪੈਕੇਜ ਦਾ ਭਾਂਡਾ ਬੈਂਕਾਂ ਨੇ ਚੁਰਾਹੇ ਭੰਨਣਾ ਸ਼ੁਰੂ ਕਰ ਦਿੱਤਾ ਹੈ। ਬੈਂਕ ਸਾਫ ਕਹਿ ਰਹੇ ਹਨ ਕਿ ਕਰਜ਼ਾ ਮੁਆਫੀ ਬਾਰੇ ਅਜੇ ਤੱਕ ਉੁਨ੍ਹਾਂ ਨੂੰ ਕੋਈ ਨੋਟੀਫਿਕੇਸ਼ਨ ਪ੍ਰਾਪਤ ਨਹੀਂ ਹੋਇਆ ਹੈ। ਕੀ ਇਕ ਮਹੀਨਾ ਪਹਿਲਾਂ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਇਹ ਕਿਹਾ ਸੀ ਕਿ ਉਨ੍ਹਾਂ ਨੂੰ ਕਰਜ਼ਾ ਮੋੜਨ ਦੀ ਕੋਈ ਲੋੜ ਨਹੀਂ ਹੈ ਤਾਂ ਕੀ ਉਹ ਸਫੈਦ ਝੂਠ ਬੋਲ ਰਿਹਾ ਸੀ? ਉਸ ਨੇ ਇਹ ਐਲਾਨ ਕਿਉਂ ਕੀਤਾ ਸੀ ਕਿ ਇਸ ਮਾਮਲੇ ਉਤੇ ਬੈਂਕਾਂ ਨੂੰ ਸਰਕਾਰ ਦੁਆਰਾ ਭਰੋਸੇ ਵਿਚ ਲੈ ਲਿਆ ਗਿਆ ਹੈ, ਜਦਕਿ ਅਜਿਹਾ ਕੁੱਝ ਵੀ ਨਹੀਂ ਸੀ ਵਾਪਰਿਆ।