ਭਾਰਤ ਸਰਕਾਰ ਦੀ ਮਾੜੀ ਸਿੱਖਿਆ ਨੀਤੀ ਕਾਰਨ ਦੇਸ਼ 'ਚ 5 ਕਰੋੜ ਤੋਂ ਜ਼ਿਆਦਾ ਬੱਚੇ ਸਿੱਖਿਆ ਤੋਂ ਵਾਂਝੇ

06/17/2021 10:04:43 PM

ਨਵੀਂ ਦਿੱਲੀ/ਭਵਾਨੀਗੜ੍ਹ(ਕਾਂਸਲ)- ਖੇਤੀ ਸਬੰਧੀ ਨਵੇਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਦਿੱਲੀ ਮੋਰਚੇ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਗਦਰੀ ਬੀਬੀ ਗੁਲਾਬ ਕੌਰ ਨਗਰ ਦੀ ਸਟੇਜ ਤੋਂ ਸੂਬਾ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਜਦੋਂ ਜਾਬਰ ਸਰਕਾਰਾਂ ਜਬਰ ਦਾ ਕੁਹਾੜਾ ਤੇਜ ਕਰਦੀਆਂ ਹਨ ਤਾਂ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟ ਜਾਂਦਾ ਹੈ। ਪਿਛਲੇ ਦਿਨੀਂ ਪਟਿਆਲੇ ਵਿਖੇ ਆਪਣਾ ਹੱਕੀ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈ.ਟੀ.ਟੀ. ਅਧਿਆਪਕਾਂ 'ਤੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ 'ਤੇ ਪੰਜਾਬ ਪੁਲਸ ਵੱਲੋਂ ਵਹਾਏ ਗਏ ਤਸ਼ੱਦਦ ਤੋਂ ਬਾਅਦ ਸਿੱਖਿਆ ਮੰਤਰੀ ਨਾਲ ਗੱਲਬਾਤ ਕਰਵਾਉਣ ਦੇ ਬਹਾਨੇ ਚੰਡੀਗੜ੍ਹ 'ਚ ਕੀਤਾ ਗਿਆ ਜਬਰ ਨਾ ਬਰਦਾਸ਼ਤ ਕਰਨ ਯੋਗ ਹੈ। ਇਸ ਦੇ ਰੋਸ ਵਜੋਂ ਅੱਜ ਇੱਥੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। 


ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ ਖੇਤੀ ਕਾਨੂੰਨ ਲਾਗੂ ਕਰ ਕੇ ਸਾਡੀਆਂ ਜ਼ਿੰਦਗੀਆਂ ਦਾ ਘਾਣ ਕਰਨ ਦੀਆਂ ਵਿਉਂਤਾਂ ਬਣ ਰਹੀਆਂ ਹਨ ਜਿਸਦੇ ਨਾਲ ਕਿਸਾਨਾਂ ਨੇ ਬਿਲਕੁਲ ਤਬਾਹ ਹੋ ਜਾਣਾ ਹੈ ਭਾਵੇਂ ਇਹ ਕਾਨੂੰਨ ਲੈ ਕੇ ਆਉਣ ਤੋਂ ਪਹਿਲਾਂ ਵੀ ਕਿਸਾਨੀ ਦੀਆਂ ਹਾਲਤਾਂ ਬਹੁਤੀਆਂ ਚੰਗੀਆਂ ਨਹੀਂ ਹਨ। ਸਰਕਾਰਾਂ ਵੱਲੋਂ ਲੋਕ ਵਿਰੋਧੀ ਨੀਤੀਆਂ ਲਿਆ ਕੇ ਕਿਸਾਨੀ ਨੂੰ ਘਾਟੇ-ਬੰਦੀ ਦਾ ਸੌਦਾ ਬਣਾਇਆ ਗਿਆ ਜਿਸ ਕਰਕੇ ਕਿਸਾਨਾਂ ਸਿਰ ਕਰਜ਼ੇ ਦੀਆਂ ਪੰਡਾਂ ਚੜ੍ਹਨ ਨਾਲ ਖੁਦਕੁਸ਼ੀਆਂ ਦਾ ਦੌਰ ਵਧਿਆ। ਇਸੇ ਤਰ੍ਹਾਂ ਹੀ 1955 'ਚ ਬਣੇ ਅੰਨ ਸੁਰੱਖਿਆ ਦੇ ਕਾਨੂੰਨ 'ਚ ਕੀਤੀਆਂ ਗਈਆਂ ਸੋਧਾਂ ਗ਼ਰੀਬ ਲੋਕਾਂ ਨੂੰ ਭੁੱਖੇ ਮਰਨ ਲਈ ਮਜਬੂਰ ਕਰਨਗੀਆਂ। ਕਿਸਾਨ ਅੰਦੋਲਨ ਦੇ ਸਮਰਥਨ 'ਚ ਪਹੁੰਚੇ ਡੀ. ਟੀ. ਐੱਫ. ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੈ-ਪਾਲ ਸ਼ਰਮਾ ਅਤੇ ਸੂਬਾ ਕਮੇਟੀ ਮੈਂਬਰ ਰੇਸ਼ਮ ਸਿੰਘ ਖੇਮੂਆਣਾ ਨੇ ਕਿਹਾ ਕਿ ਜਿਵੇਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਨਵੇਂ ਕਾਲੇ ਖੇਤੀ ਕਾਨੂੰਨਾਂ ਨਾਲ ਖੇਤੀ ਸੈਕਟਰ 'ਚ ਕਾਰਪੋਰੇਟ ਘਰਾਣਿਆਂ ਦਾ ਦਖ਼ਲ ਵਧਾਇਆ ਜਾ ਰਿਹਾ ਹੈ ਉਸੇ ਤਰ੍ਹਾਂ ਹੀ ਨਵੀਂ ਸਿੱਖਿਆ ਨੀਤੀ ਦੇ ਤਹਿਤ ਵਿੱਦਿਅਕ ਖੇਤਰ ਵੀ ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ- ਰੇਲ ਮੰਤਰਾਲਾ ਵੱਲੋਂ ਫਿਰੋਜ਼ਪੁਰ ਮੰਡਲ ਦੀਆਂ 6 ਜੋੜੀ ਸਪੈਸ਼ਲ ਐਕਸਪ੍ਰੈੱਸ ਬਹਾਲ ਕਰਨ ਦਾ ਐਲਾਨ
ਯੂਨੀਵਰਸਿਟੀਆਂ ਸਕੂਲਾਂ, ਕਾਲਜਾਂ 'ਚ ਅਧਿਆਪਕਾਂ ਦੀ ਰੈਗੂਲਰ ਭਰਤੀ ਦੀ ਬਜਾਏ ਠੇਕੇ 'ਤੇ ਭਰਤੀ ਕਰਕੇ ਅਧਿਆਪਕ ਵਰਗ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਅਧਿਆਪਕਾਂ ਨੂੰ ਨਵੀਆਂ ਅਨੇਕਾਂ ਤਰ੍ਹਾਂ ਦੀਆਂ ਕੈਟਾਗਰੀਆਂ 'ਚ ਵੰਡ ਕੇ ਉਨ੍ਹਾਂ ਦੀ ਜਥੇਬੰਦਕ ਏਕਤਾ ਨੂੰ ਖੋਰਾ ਲਾਇਆ ਜਾ ਰਿਹਾ ਹੈ। ਸਿੱਖਿਆ ਖੇਤਰ 'ਚ ਸਰਕਾਰੀ ਬਜਟ ਘਟਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਭਾਰਤ ਦੀਆਂ ਹਾਕਮ ਜਮਾਤਾਂ ਵੱਲੋਂ ਇਹਨਾਂ ਨੀਤੀਆਂ ਕਾਰਨ  ਗ਼ਰੀਬ ਬੱਚਿਆਂ ਨੂੰ ਪੜ੍ਹਨ ਤੋਂ ਵਾਂਝੇ ਕੀਤਾ ਜਾ ਰਿਹਾ ਹੈ ਕਿਉਂਕਿ ਭਾਰਤ 'ਚ 5 ਕਰੋੜ ਤੋਂ ਜ਼ਿਆਦਾ ਬੱਚੇ ਅਜਿਹੇ ਹਨ ਜਿਨ੍ਹਾਂ ਨੇ ਸਕੂਲ ਦਾ ਮੂੰਹ ਨਹੀਂ ਦੇਖਿਆ। ਆਉਣ ਵਾਲੇ ਥੋੜ੍ਹੇ ਸਾਲਾਂ 'ਚ ਇਹ ਗਿਣਤੀ ਵਧ ਕੇ ਦੁੱਗਣੀ ਤਿੱਗਣੀ ਹੋ ਜਾਣੀ ਹੈ।
ਸਰਕਾਰ ਵੱਲੋਂ ਚਲਾਈ ਜਾ ਰਹੀ ਫ਼ਿਰਕੂ ਪੱਤੇ ਦੀ ਚਾਲ ਨੂੰ ਫੇਲ੍ਹ ਕਰਨ ਦੀ ਕਿਸਾਨ ਆਗੂਆਂ ਦੀ ਸੂਝਵਾਨ ਸੋਝੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਧਰਮ, ਜਾਤ ਅਤੇ ਗੋਤ ਦਾ ਫ਼ਿਰਕੂ ਪੱਤਾ ਖੇਡ ਕੇ ਲੋਕਾਂ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਗਈ ਭਾਵੇਂ ਨਾਗਰਿਕਤਾ ਸੋਧ ਬਿੱਲ ਦੀ ਗੱਲ ਹੋਵੇ, ਭਾਵੇਂ ਹੁਣ ਵੀ ਪਿੰਡਾਂ ਵਿੱਚ ਘੜੰਮ ਚੌਧਰੀਆਂ ਵੱਲੋਂ ਝੋਨੇ ਦੀ ਲਵਾਈ ਨੂੰ ਲੈ ਕੇ ਕਿਸਾਨਾਂ, ਮਜ਼ਦੂਰਾਂ 'ਚ ਪਾਟਕ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਇਹੋ ਜਿਹੀਆਂ ਸਾਰੀਆਂ ਗੱਲਾਂ ਨੂੰ ਬੁੱਝਣ 'ਚ ਤੁਸੀਂ ਇਹ ਕੋਸ਼ਿਸ਼ਾਂ ਫੇਲ ਕੀਤੀਆਂ ਇਸ ਲਈ ਸਾਡਾ ਨਿਸ਼ਚਾ ਹੈ ਕਿ ਤੁਸੀਂ ਹਰ ਮੈਦਾਨ ਫਤਿਹ ਕਰਕੇ ਨਿਕਲੋਗੇ। 

ਪੜ੍ਹੋ ਇਹ ਵੀ ਖ਼ਬਰ - ਅਣਜਾਣ ਵਿਅਕਤੀ ਨੂੰ ਲਿਫਟ ਦੇਣੀ ਪਈ ਮਹਿੰਗੀ, ਕਤਲ ਕਰ ਬਿਆਸ ਦਰਿਆ ’ਚ ਸੁੱਟੀ ਲਾਸ਼, ਕਾਬੂ 
ਪੀਐੱਸਯੂ (ਸ਼ਹੀਦ ਰੰਧਾਵਾ) ਦੇ ਆਗੂ ਹੁਸ਼ਿਆਰ ਸਿੰਘ ਨੇ ਕਿਹਾ ਕਿ ਭਾਰਤ ਦੀ ਸਰਕਾਰ ਪਬਲਿਕ ਸੈਕਟਰਾਂ ਦੇ ਬਰਾਬਰ ਪ੍ਰਾਈਵੇਟ ਘਰਾਣਿਆਂ ਨੂੰ ਉਤਾਰ ਕੇ ਕਿਰਤੀ  ਲੋਕਾਂ ਦੀ ਲੁੱਟ ਹੋਰ ਤੇਜ਼ ਕਰ ਰਹੀ ਹੈ ਅਤੇ ਪਬਲਿਕ ਅਦਾਰਿਆਂ ਦੀ ਹੋਂਦ ਨੂੰ ਮਿਟਾਉਂਦੀ ਜਾ ਰਹੀ ਹੈ ਜਿਸ ਦੀ ਮਿਸਾਲ ਤੇਲ ਕੀਮਤਾਂ 'ਚ ਨਿੱਤ ਹੋ ਰਹੇ ਵਾਧੇ ਇਸ ਗੱਲ ਦਾ ਸਬੂਤ ਹੈ।ਭਾਰਤ  ਪੈਟਰੋਲੀਅਮ ਦਾ ਕਾਰੋਬਾਰ ਜੋ ਮੁਨਾਫ਼ੇ 'ਚ ਜਾ ਰਿਹਾ ਸੀ,ਰੇਲਵੇ ਸੈਕਟਰ ਅਤੇ ਸਰਕਾਰੀ ਏਅਰ ਪੋਰਟ ਇਨ੍ਹਾਂ ਸਾਰੇ ਮੁਨਾਫ਼ੇ ਵਾਲੇ ਅਦਾਰਿਆਂ ਨੂੰ   ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤੇ ਜਾ ਰਿਹਾ ਹੈ।ਸਟੇਜ ਸੰਚਾਲਨ ਦੀ ਭੂਮਿਕਾ ਜ਼ਿਲ੍ਹਾ ਜਨਰਲ ਸਕੱਤਰ ਸੰਗਰੂਰ ਦਰਬਾਰਾ ਸਿੰਘ ਛਾਜਲਾ ਨੇ ਬਾਖੂਬੀ ਨਿਭਾਈ ਅਤੇ ਹਰਦੇਵ ਸਿੰਘ ਮੰਡੇਰਾਂ ਕਲਾਂ ਜ਼ਿਲ੍ਹਾ ਸੰਗਰੂਰ, ਪਰਮਵੀਰ ਸਿੰਘ ਘਲੋਟੀ,ਗੁਰਦੇਵ ਸਿੰਘ ਗੱਜੂਮਾਜਰਾ ਸੀਨੀਅਰ ਮੀਤ ਪ੍ਰਧਾਨ ਪਟਿਆਲਾ,ਪਰਮਜੀਤ ਕੌਰ ਭਾਈ ਕੀ ਪਿਸ਼ੌਰ ਅਤੇ ਚਰਨਜੀਤ ਕੌਰ ਲੋਪੋਂ ਨੇ ਵੀ ਸੰਬੋਧਨ ਕੀਤਾ।

Bharat Thapa

This news is Content Editor Bharat Thapa