ਗੁਰਪੁਰਬ 'ਤੇ ਪੰਜਾਬ ਵਾਸੀਆਂ ਨੂੰ ਵੱਡਾ ਤੋਹਫ਼ਾ ਦੇਣ ਜਾ ਰਹੀ ਸਰਕਾਰ, 1.60 ਕਰੋੜ ਪਰਿਵਾਰਾਂ ਨੂੰ ਮਿਲੇਗਾ ਫ਼ਾਇਦਾ

11/17/2023 2:15:51 PM

ਲੁਧਿਆਣਾ (ਵੈੱਬ ਡੈਸਕ, ਖੁਰਾਣਾ) : ਪੰਜਾਬ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਪੰਜਾਬ ਵਾਸੀਆਂ ਨੂੰ ਵੱਡਾ ਤੋਹਫ਼ਾ ਦੇਣ ਜਾ ਰਹੀ ਹੈ। ਇਸ ਦਾ ਐਲਾਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਦੀ ਜਨਤਾ ਨਾਲ ਕੀਤੇ ਗਏ ਵਾਅਦੇ ਨੂੰ ਪੂਰਾ ਕਰਨ ਲਈ ਆਟਾ-ਦਾਲ ਸਕੀਮ ਨਾਲ ਜੁੜੇ ਕਰੀਬ 1.60 ਕੋਰੜ ਪਰਿਵਾਰਾਂ ਨੂੰ ਹੁਣ ਕਣਕ ਦੇਣ ਦੀ ਥਾਂ ਘਰ-ਘਰ ਆਟਾ ਪਹੁੰਚਾਇਆ ਜਾਵੇਗਾ।

ਇਹ ਵੀ ਪੜ੍ਹੋ : RTA ਦਫ਼ਤਰ 'ਚ ਕੰਮ ਕਰਾਉਣ ਵਾਲੇ ਲੋਕਾਂ ਨੂੰ ਵੱਡੀ ਰਾਹਤ, ਵਾਰ-ਵਾਰ ਨਹੀਂ ਮਾਰਨੇ ਪੈ ਰਹੇ ਗੇੜੇ

ਜਾਣਕਾਰੀ ਮੁਤਾਬਕ ਮੁੱਖ ਮੰਤਰੀ ਵੱਲੋਂ 27 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਆਟਾ-ਦਾਲ ਸਕੀਮ ਨਾਲ ਜੁੜੇ ਕੁੱਝ ਪਰਿਵਾਰਾਂ ਨੂੰ ਆਟੇ ਦੀਆਂ ਥੈਲੀਆਂ ਭੇਂਟ ਕਰਕੇ ਸਕੀਮ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਮਗਰੋਂ 1 ਜਨਵਰੀ, 2024 ਤੋਂ ਘਰ-ਘਰ ਆਟੇ ਦੀ ਡਲਿਵਰੀ ਪਹੁੰਚਾਉਣ ਸਬੰਧੀ ਸਕੀਮ ਨੂੰ ਵੱਡੇ ਪੱਧਰ 'ਤੇ ਪੰਜਾਬ ਭਰ 'ਚ ਲਾਂਚ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ, ਜਾਣੋ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਦੌਰਾਨ ਕੀ ਹੋਇਆ

ਸਰਕਾਰ ਦੇ ਹੁਕਮਾਂ ਨੂੰ ਦੇਖਦੇ ਹੋਏ ਖ਼ੁਰਾਕ ਅਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਸਮੇਤ ਸਰਕਾਰੀ ਖ਼ਰੀਦ ਏਜੰਸੀ ਮਾਰਕਫੈੱਡ ਵੱਲੋਂ ਸਕੀਮ ਨੂੰ ਲੈ ਕੇ ਜੰਗੀ ਪੱਧਰ 'ਤੇ ਕੰਮ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਵਿਭਾਗ ਦੇ ਅਧਿਕਾਰੀਆਂ ਵੱਲੋਂ 600 ਸਮਾਰਟ ਦੁਕਾਨਾਂ ਜ਼ਰੀਏ ਯੋਜਨਾ ਨਾਲ ਜੁੜੇ ਪਰਿਵਾਰਾਂ ਨੂੰ 5 ਤੋਂ 10 ਕਿੱਲੋ ਵਾਲੀ ਆਟੇ ਦੀ ਥੈਲੀ ਮੁਹੱਈਆ ਕਰਵਾਈ ਜਾਵੇਗੀ। ਵਿਭਾਗੀ ਅਧਿਕਾਰੀਆਂ ਮੁਤਾਬਕ ਸਰਕਾਰ ਵੱਲੋਂ ਲਾਭਪਾਤਰ ਪਰਿਵਾਰਾਂ ਨੂੰ ਬਦਲ ਦਿੱਤਾ ਗਿਆ ਹੈ ਕਿ ਜੇਕਰ ਉਹ ਚਾਹੁਣ ਤਾਂ ਸਬੰਧਿਤ ਰਾਸ਼ਨ ਡਿਪੂ ਤੋਂ ਕਣਕ ਦਾ ਲਾਭ ਵੀ ਲੈ ਸਕਦੇ ਹਨ ਜਾਂ ਫਿਰ ਆਪਣੀ ਸਹੂਲਤ ਮੁਤਾਬਕ ਆਟੇ ਦੀ ਥੈਲੀ ਪ੍ਰਾਪਤ ਕਰ ਸਕਦੇ ਹਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

Babita

This news is Content Editor Babita