ਕਿਸਾਨਾਂ ਨੇ ਬਠਿੰਡਾ-ਮਾਨਸਾ ਸੜਕ ਜਾਮ ਕਰ ਕੇ ਕੀਤੀ ਸਰਕਾਰ ਖਿਲਾਫ਼ ਨਾਅਰੇਬਾਜ਼ੀ

Tuesday, Nov 14, 2017 - 07:06 AM (IST)

ਮਾਨਸਾ, (ਮਿੱਤਲ)- ਝੋਨੇ ਦੀ ਬੇਕਦਰੀ ਨੂੰ ਲੈ ਕੇ ਤੇ ਬੋਲੀ ਨਾ ਲੱਗਣ ਕਾਰਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਪਿੰਡ ਭੈਣੀਬਾਘਾ ਦੇ ਪੁਲ 'ਤੇ ਬਠਿੰਡਾ-ਮਾਨਸਾ ਸੜਕ ਜਾਮ ਕਰ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। 
ਕਿਸਾਨ ਆਗੂਆਂ ਗੋਰਾ ਸਿੰਘ ਭੈਣੀਬਾਘਾ, ਮਹਿੰਦਰ ਸਿੰਘ ਭੈਣੀਬਾਘਾ ਅਤੇ ਬਲਾਕ ਪ੍ਰਧਾਨ ਬਲਵਿੰਦਰ ਖਿਆਲਾ ਨੇ ਕਿਹਾ ਕਿ ਭੈਣੀਬਾਘਾ ਦੀ ਮੰਡੀ ਵਿਚ ਦੋ-ਤਿੰਨ ਸ਼ੈਲਰ ਮਾਲਕ ਹਨ, ਜਿਨ੍ਹਾਂ ਨੇ ਮੰਡੀ 'ਚੋਂ ਜੀਰੀ ਦੀ ਚੁਕਾਈ ਕਰਨੀ ਹੈ, ਉਨ੍ਹਾਂ 'ਚ ਇਕ ਨੂੰ ਛੱਡ ਕੇ, ਬਾਕੀ ਨੇ ਮਿੱਥਿਆ ਗੱਟਾ ਪੂਰਾ ਕਰ ਲਿਆ ਹੈ ਪਰ ਭੈਣੀਬਾਘਾ ਦਾ ਸ਼ੈਲਰ ਮਾਲਕ ਕਿਸਾਨਾਂ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕਰ ਰਿਹਾ ਹੈ ਅਤੇ ਉਹ ਇੰਸਪੈਕਟਰ ਨਾਲ ਮਿਲ ਕੇ ਮੰਡੀ ਵਿਚ ਝੋਨੇ ਦੀ ਬੋਲੀ ਕਰਨ ਲਈ ਤਿਆਰ ਨਹੀਂ ਹੈ। 
ਅੱਜ ਕਿਸਾਨ ਦੁਪਹਿਰ ਤੱਕ ਇੰਸਪੈਕਟਰ ਨੂੰ ਉਡੀਕ ਰਹੇ ਸਨ ਪਰ ਉਸ ਵੱਲੋਂ ਨਾ ਆਉਣ 'ਤੇ ਗੁੱਸੇ ਵਿਚ ਆਏ ਕਿਸਾਨਾਂ ਵੱਲੋਂ ਸੜਕ 'ਤੇ ਜਾਮ ਲਾਇਆ ਗਿਆ। ਉਸ ਤੋਂ ਬਾਅਦ ਇੰਸਪੈਕਟਰ ਆ ਕੇ ਬੋਲੀ ਲਾਉਣ ਲਈ ਤਿਆਰ ਹੋਇਆ ਅਤੇ ਕਿਸਾਨਾਂ ਨੇ ਦੋ ਘੰਟੇ ਲੱਗੇ ਜਾਮ ਨੂੰ ਖੋਲ੍ਹ ਦਿੱਤਾ ਤੇ ਝੋਨੇ ਦੀ ਨਮੀ 17 ਤੋਂ ਵੱਧ ਕਰ ਕੇ 22 ਫੀਸਦੀ ਕੀਤੀ ਗਈ, ਜਿਸ ਨਾਲ 8 ਤੋਂ 10 ਹਜ਼ਾਰ ਗੱਟਾ ਭਰਿਆ ਗਿਆ। 
ਇਸ ਮੌਕੇ ਬਿੰਦਰ ਸਿੰਘ, ਬਿੱਕਰ ਸਿੰਘ, ਦਰਸ਼ਨ ਸਿੰਘ ਭੈਣੀਬਾਘਾ, ਮੱਖਣ ਸਿੰਘ ਭੈਣੀਬਾਘਾ, ਲੱਖਾ ਸਿੰਘ ਅਤੇ ਹੋਰ ਕਿਸਾਨ ਹਾਜ਼ਰ ਸਨ।