ਗੁਰੂ ਨਗਰੀ ’ਚ ਠੰਡ ਦੇ ਕਹਿਰ ਨੇ ਲੋਕਾਂ ਨੂੰ ਘਰਾਂ 'ਚ ਵਾੜਿਆ, ਅੱਜ-ਕੱਲ੍ਹ 'ਚ ਮੀਂਹ ਪੈਣ ਦੀ ਸੰਭਾਵਨਾ

12/17/2023 11:50:56 AM

ਅੰਮ੍ਰਿਤਸਰ (ਜਸ਼ਨ)-ਗੁਰੂ ਨਗਰੀ ਵਿੱਚ ਠੰਡ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦੋ ਦਿਨਾਂ ਵਿਚ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ। ਜਾਣਕਾਰੀ ਮੁਤਾਬਕ ਪਹਾੜੀ ਇਲਾਕਿਆਂ ਵਿਚ ਬਰਫਬਾਰੀ ਕਾਰਨ ਪੰਜਾਬ ਵਿਚ ਠੰਡ ਦਾ ਅਚਨਚੇਤ ਵਾਧਾ ਹੋ ਗਿਆ ਹੈ। ਖਾਸ ਗੱਲ ਇਹ ਹੈ ਕਿ ਪਿਛਲੇ ਇਕ ਦਿਨ ਤੋਂ ਸੂਰਜ ਨਿਕਲਣ ਦੇ ਬਾਵਜੂਦ ਲੋਕਾਂ ਨੂੰ ਠੰਡ ਤੋਂ ਰਾਹਤ ਨਹੀਂ ਮਿਲੀ ਹੈ। ਦੂਜੇ ਪਾਸੇ ਪਹਾੜਾਂ ਦੇ ਉਪਰਲੇ ਇਲਾਕਿਆਂ ਵਿਚ ਬਰਫ਼ਬਾਰੀ ਹੋਣ ਦੇ ਨਾਲ ਹੀ ਪੰਜਾਬ ਭਰ ਦੇ ਮੈਦਾਨੀ ਇਲਾਕਿਆਂ ਵਿਚ ਠੰਡ ਵੱਧਣਾ ਤੈਅ ਹੈ।

ਹਵਾ ’ਚ ਵਧੀ ਨਮੀ ਬਣੇਗੀ ਬੀਮਾਰੀਆਂ ਦਾ ਕਾਰਨ

ਪਹਾੜਾਂ ਦੇ ਉਪਰਲੇ ਇਲਾਕਿਆਂ ਵਿਚ ਬਰਫ਼ਬਾਰੀ ਹੁੰਦੇ ਹੀ ਹਵਾ ਦਾ ਰੁਖ ਪੰਜਾਬ ਵੱਲ ਵੱਧ ਗਿਆ ਹੈ। ਇਸ ਕਾਰਨ ਪੰਜਾਬ ਭਰ ਦੇ ਜ਼ਿਲ੍ਹਿਆਂ ਵਿਚ ਠੰਡ ਅਤੇ ਹਵਾ ਵਿਚ ਨਮੀ ਦੀ ਮਾਤਰਾ ਵੀ ਵਧ ਗਈ ਹੈ। ਇਕ ਪਾਸੇ ਜਿਥੇ ਸ਼ੀਤ ਲਹਿਰ ਦੀ ਸੰਭਾਵਨਾ ਹੈ, ਉਥੇ ਹੀ ਦੂਜੇ ਪਾਸੇ ਹਵਾ ਵਿਚ ਨਮੀ ਵਧਣ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਸੱਦਾ ਮਿਲੇਗਾ। ਠੰਡ ਕਾਰਨ ਘੱਟ ਇਮਿਊਨਿਟੀ ਵਾਲੇ ਲੋਕ ਸਭ ਤੋਂ ਪਹਿਲਾਂ ਸ਼ਿਕਾਰ ਹੋਣਗੇ। ਇਸ ਨਮੀ ਕਾਰਨ ਇਨ੍ਹੀਂ ਦਿਨੀਂ ਲੋਕਾਂ ਵਿਚ ਜ਼ੁਕਾਮ ਅਤੇ ਗਲੇ ਵਿਚ ਖਰਾਸ਼ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ।

ਇਹ ਵੀ ਪੜ੍ਹੋ- ਤਲਾਕਸ਼ੁਦਾ ਔਰਤ ਨਾਲ ਇਸ਼ਕ ਦੀਆਂ ਪੀਂਘਾ ਪਾ ਬਣਾਏ ਸਰੀਰਕ ਸਬੰਧ, ਅਖ਼ੀਰ ਕਰ ਗਿਆ ਵੱਡਾ ਕਾਂਡ

ਸੜਕਾਂ, ਸ਼ਹਿਰਾਂ ਅਤੇ ਪਿੰਡਾਂ ’ਚ ਕਹਿਰ ਦਿਖਾ ਰਹੀ ਹੈ ਧੁੰਦ

ਪਿੰਡਾਂ ਵਿਚ ਠੰਡ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਿੰਡਾਂ ਵਿਚ ਸਵੇਰੇ 9-10 ਵਜੇ ਤੱਕ ਧੁੰਦ ਛਾਈ ਰਹਿੰਦੀ ਹੈ। ਇਸ ਤੋਂ ਇਲਾਵਾ ਅੱਜ ਤੜਕੇ ਹੀ ਧੁੰਦ ਦੀ ਚਾਦਰ ਨੇ ਪੂਰੇ ਸ਼ਹਿਰ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ, ਜਿਸ ਕਾਰਨ ਲੋਕਾਂ ਖਾਸ ਕਰ ਕੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੰਮ੍ਰਿਤਸਰ-ਦਿੱਲੀ ਹਾਈਵੇ ’ਤੇ ਸਵੇਰ ਦੀ ਧੁੰਦ ਕਾਰਨ ਵਾਹਨਾਂ ਦੇ ਆਪਸ ਵਿਚ ਟਕਰਾਉਣ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਧੁੰਦ ਸੜਕਾਂ ’ਤੇ ਕਹਿਰ ਮਚਾ ਰਹੀ ਹੈ, ਜਿਸ ਨਾਲ ਸਕੂਲ ਜਾਣ ਵਾਲੇ ਬੱਚਿਆਂ ਅਤੇ ਡਿਊਟੀ ’ਤੇ ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਧੁੰਦ ਕਾਰਨ ਦੋ ਪਹੀਆ ਵਾਹਨ ਚਾਲਕ ਕਾਫੀ ਜ਼ਖ਼ਮੀ ਹੋ ਗਏ ਹਨ। ਧੁੰਦ ਨੇ ਜਨ-ਜੀਵਨ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕੀਤਾ ਹੈ।

ਸੂਰਜ ਢੱਲਦੇ ਹੀ ਫਿਰ ਤੋਂ ਵੱਧ ਜਾਂਦੀ ਹੈ ਧੁੰਦ

ਜਿਵੇਂ ਹੀ ਸੂਰਜ ਡੁੱਬਦਾ ਹੈ, ਠੰਡ ਫਿਰ ਹਰ ਕਿਸੇ ਨੂੰ ਆਪਣੀ ਲਪੇਟ ਵਿਚ ਲੈ ਲੈਂਦੀ ਹੈ ਅਤੇ ਲੋਕਾਂ ਨੂੰ ਆਪਣੇ ਘਰਾਂ ਵਿਚ ਲੁੱਕਣ ਲਈ ਮਜ਼ਬੂਰ ਕਰਦੀ ਹੈ। ਦੂਜੇ ਪਾਸੇ ਗੁਰੂ ਨਗਰੀ ਵਿਚ ਸ਼ਨੀਵਾਰ ਨੂੰ ਦਿਨ ਭਰ ਕੁਝ ਸਮੇਂ ਲਈ ਸੂਰਜ ਦਿਖਾਈ ਦਿੱਤਾ ਪਰ ਇਸ ਦੇ ਨਾਲ ਹੀ ਦਿਨ ਭਰ ਆਸਮਾਨ ਵਿਚ ਬੱਦਲ ਛਾਏ ਰਹੇ ਅਤੇ ਸ਼ਾਮ 4 ਵਜੇ ਦੇ ਕਰੀਬ ਬਾਰਿਸ਼ ਹੋਈ। ਇਸ ਕਾਰਨ ਠੰਡ ਹੋਰ ਵਧੇਗੀ ਅਤੇ ਆਉਣ ਵਾਲੇ ਦਿਨਾਂ ਵਿਚ ਇਸ ਦਾ ਅਸਰ ਦੇਖਣ ਨੂੰ ਮਿਲੇਗਾ। ਬਾਰਿਸ਼ ਦੌਰਾਨ ਜ਼ਿਆਦਾਤਰ ਲੋਕ ਆਪਣੇ ਘਰਾਂ ਵਿਚ ਲੁਕੇ ਰਹੇ ਅਤੇ ਬਾਹਰ ਸੜਕਾਂ ’ਤੇ ਸਿਰਫ਼ ਉਹੀ ਲੋਕ ਨਜ਼ਰ ਆਏ, ਜਿਨ੍ਹਾਂ ਨੂੰ ਕੋਈ ਜ਼ਰੂਰੀ ਕੰਮ ਸੀ। ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਅਤੇ ਸੋਮਵਾਰ ਨੂੰ ਸੂਬੇ ਦੇ ਚਾਰ ਜ਼ਿਲ੍ਹਿਆਂ ਵਿਚ ਬੱਦਲ ਛਾਏ ਰਹਿਣ ਦੇ ਨਾਲ-ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਬਰਸਾਤ ਕਾਰਨ ਸ਼ਹਿਰ ਵਿਚ ਜਨਜੀਵਨ ਦੀ ਰਫ਼ਤਾਰ ਵਿਚ ਕੁਝ ਕਮੀ ਆਉਣਾ ਤੈਅ ਹੈ। ਸ਼ਨੀਵਾਰ ਨੂੰ ਸੂਰਜ ਡੁੱਬਣ ਤੋਂ ਬਾਅਦ ਜ਼ਿਆਦਾਤਰ ਲੋਕ ਖੁਦ ਨੂੰ ਠੰਡ ਤੋਂ ਬਚਾਉਣ ਲਈ ਘਰਾਂ ਵਿਚ ਹੀ ਰਹੇ। ਅੱਜ-ਕੱਲ੍ਹ ਬੱਚੇ ਵੀ ਠੰਡ ਕਾਰਨ ਘੱਟ ਖੇਡਦੇ ਨਜ਼ਰ ਆ ਰਹੇ ਹਨ। ਇਨ੍ਹੀਂ ਦਿਨੀਂ ਪਤੰਗ ਉਡਾਉਣ ਦਾ ਸਿਲਸਿਲਾ ਕਾਫੀ ਵੱਧ ਰਿਹਾ ਹੈ ਪਰ ਮੌਜੂਦਾ ਸਮੇਂ ਵਿਚ ਠੰਡ ਅਤੇ ਹਵਾ ਵਿਚ ਨਮੀ ਕਾਰਨ ਪਤੰਗਬਾਜ਼ੀ ਓਨੀ ਨਹੀਂ ਹੋ ਰਹੀ ਜਿੰਨੀ ਇਨ੍ਹਾਂ ਦਿਨਾਂ ਵਿਚ ਹੁੰਦੀ ਸੀ।

ਇਹ ਵੀ ਪੜ੍ਹੋ- ਪੁਲਸ ਵਿਭਾਗ ਦੀ ਖੁੱਲ੍ਹੀ ਪੋਲ, ਫੀਲਡ ਕੰਮ ਤੋਂ ਅਣਜਾਣ ਵੱਡੇ ਰੈਂਕ ਦੇ ਅਧਿਕਾਰੀ, G.O. ਤੇ ਇੰਸਪੈਕਟਰ ’ਤੇ ਪਾਉਂਦੇ ਰੋਅਬ

ਲੋਕਾਂ ਨੇ ਹੀਟਰਾਂ ਅਤੇ ਗਰਮ ਕੱਪੜਿਆਂ ਦਾ ਲਿਆ ਸਹਾਰਾ

ਠੰਡ ਤੋਂ ਬੱਚਣ ਲਈ ਲੋਕਾਂ ਨੇ ਪੂਰੀ ਤਰ੍ਹਾਂ ਨਾਲ ਹੀਟਰਾਂ ਅਤੇ ਗਰਮ ਕੱਪੜਿਆਂ ਦਾ ਸਹਾਰਾ ਲਿਆ ਹੈ। ਇਸ ਦੇ ਨਾਲ ਹੀ ਸ਼ਾਮ ਢੱਲਦਿਆਂ ਹੀ ਕਈ ਇਲਾਕਿਆਂ ਵਿਚ ਵੱਡੀ ਗਿਣਤੀ ’ਚ ਆਮ ਲੋਕ ਠੰਡ ਤੋਂ ਬੱਚਣ ਲਈ ਅੱਗ ਸੇਕਦੇ ਦੇਖੇ ਗਏ। ਪਿਛਲੇ ਤਿੰਨ-ਚਾਰ ਦਿਨਾਂ ਤੋਂ ਪੈ ਰਹੀ ਠੰਡ ਨੇ ਗਰਮ ਕੱਪੜਿਆਂ ਦਾ ਬਾਜ਼ਾਰ ਗਰਮ ਕਰ ਦਿੱਤਾ ਹੈ, ਮਤਲਬ ਗਰਮ ਕੱਪੜਿਆਂ ਦੇ ਕਾਰੋਬਾਰ ਵਿਚ ਕਾਫੀ ਵਾਧਾ ਹੋਇਆ ਹੈ।

ਕਿੰਨਾ ਰਿਹਾ ਤਾਪਮਾਨ ਅਤੇ ਨਮੀ ਦੀ ਮਾਤਰਾ

ਮੌਸਮ ਵਿਭਾਗ ਅਨੁਸਾਰ ਸ਼ਨੀਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 20 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 8 ਡਿਗਰੀ ਰਿਹਾ। ਧੁੰਦ ਦੀ ਫੀਸਦ ਦੀ ਗੱਲ ਕਰੀਏ ਤਾਂ ਸ਼ਨੀਵਾਰ ਨੂੰ ਸਵੇਰੇ 68 ਫੀਸਦੀ ਅਤੇ ਦੇਰ ਸ਼ਾਮ 46 ਫੀਸਦੀ ਰਹਿਣ ਦਾ ਅੰਦਾਜ਼ਾ ਲਗਾਇਆ ਗਿਆ ਸੀ, ਜਦ ਕਿ ਸ਼ਨੀਵਾਰ ਨੂੰ ਨਮੀ 63 ਫੀਸਦੀ ਸੀ। ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਅੰਮ੍ਰਿਤਸਰ ਅਤੇ ਲੁਧਿਆਣਾ ਸਭ ਤੋਂ ਠੰਡੇ ਮੈਦਾਨੀ ਇਲਾਕੇ ਰਹੇ।

ਇਹ ਵੀ ਪੜ੍ਹੋ- ਘਰ ’ਚ ਚੱਲ ਰਹੀਆਂ ਅਨੈਤਿਕ ਗਤੀਵਿਧੀਆਂ ’ਤੇ ਪੁਲਸ ਦਾ ਸ਼ਿਕੰਜਾ, ਦਰਜਨਾਂ ਮੁੰਡੇ-ਕੁੜੀਆਂ ਨੂੰ ਲਿਆ ਹਿਰਾਸਤ ’ਚ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan