ਸੀਜ਼ਨ ''ਚ ਪਹਿਲੀ ਵਾਰ ਪਿਆ ਕੋਹਰਾ, ਸਰਦੀ ਦਾ ਪ੍ਰਕੋਪ ਵਧਿਆ

01/09/2018 1:05:44 AM

ਗੁਰਦਾਸਪੁਰ,   (ਵਿਨੋਦ)-  ਅੱਜ ਇਲਾਕੇ 'ਚ ਸੀਜ਼ਨ ਦਾ ਪਹਿਲਾ ਕੋਹਰਾ ਦਿਖਾਈ ਦਿੱਤਾ ਤੇ ਇਸ ਕੋਹਰੇ ਕਾਰਨ ਸਰਦੀ ਦਾ ਪ੍ਰਕੋਪ ਵੀ ਬਹੁਤ ਵੱਧ ਗਿਆ। ਕੁਝ ਦਿਨਾਂ ਤੋਂ ਸੰਘਣੀ ਧੁੰਦ ਤੇ ਸਰਦੀ ਪੈ ਰਹੀ ਸੀ, ਜਿਸ ਨਾਲ ਜਨ-ਜੀਵਨ ਪ੍ਰਭਾਵਿਤ ਹੋ ਗਿਆ ਸੀ ਪਰ ਅੱਜ ਸਵੇਰੇ ਜਦ ਲੋਕ ਸੈਰ ਲਈ ਗਏ ਤਾਂ ਖੇਤਾਂ ਵਿਚ ਬਹੁਤ ਜ਼ਿਆਦਾ ਕੋਹਰਾ ਪਿਆ ਦਿਖਾਈ ਦਿੱਤਾ।
ਕੋਹਰੇ ਕਾਰਨ ਫੁੱਲਾਂ ਸਮੇਤ ਸਬਜ਼ੀਆਂ ਦੀਆਂ ਫਸਲਾਂ 'ਤੇ ਡੂੰਘਾ ਅਸਰ ਪੈਣ ਦੀ ਸੰਭਾਵਨਾ ਹੈ ਅਤੇ ਇਸ ਨਾਲ ਕੁਝ ਹੋਰ ਫਸਲਾਂ ਦੇ ਪ੍ਰਭਾਵਿਤ ਹੋਣ ਦਾ ਖਤਰਾ ਬਣਿਆ ਹੋਇਆ ਹੈ, ਜਿਸ ਤਰ੍ਹਾਂ ਨਾਲ ਇਹ ਭਾਰੀ ਕੋਹਰਾ ਪਿਆ , ਉਸ ਤੋਂ ਸਪੱਸ਼ਟ ਹੁੰਦਾ ਹੈ ਕਿ ਰਾਤ ਨੂੰ ਇਲਾਕੇ ਵਿਚ ਤਾਪਮਾਨ ਜ਼ੀਰੋ ਡਿਗਰੀ ਤੋਂ ਹੇਠਾਂ ਚਲਾ ਗਿਆ ਸੀ ਅਤੇ ਸਰਦੀ ਦਾ ਪ੍ਰਕੋਪ ਵੱਧਣਾ ਸੰਭਾਵਿਕ ਹੈ। ਇਸ ਕਾਰਨ ਸੈਰ ਕਰਨ ਵਾਲਿਆਂ ਦੀ ਗਿਣਤੀ ਵਿਚ ਵੀ ਭਾਰੀ ਕਮੀ ਦਰਜ ਕੀਤੀ ਗਈ। ਸਕੂਲਾਂ ਵਿਚ ਸਿੱਖਿਆ ਪ੍ਰਾਪਤ ਕਰਨ ਵਾਲੇ ਛੋਟੇ ਬੱਚੇ ਵੀ ਸਵੇਰੇ ਠਰਦੇ ਦਿਖਾਈ ਦਿੱਤੇ। ਛੋਟੇ ਬੱਚਿਆਂ ਨੂੰ ਸਿੱਖਿਆ ਸੰਸਥਾਵਾਂ ਵਿਚ ਜਾਣ ਲਈ ਧੁੰਦ ਤੇ ਕੋਹਰੇ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।


Related News