ਫਲਾਈ ਓਵਰ ਦਾ ਸ਼ੁਭ ਆਰੰਭ ਕਰ ਕੇ ਚਲਦੇ ਬਣੇ ਸਿੰਗਲਾ ਤੇ ਸਿੱਧੂ

07/17/2018 2:54:49 AM

ਅੰਮ੍ਰਿਤਸਰ, (ਮਹਿੰਦਰ)- ਸਥਾਨਕ ਸ਼ਹਿਰ ਵਾਸੀਆਂ ਦੇ ਨਾਲ-ਨਾਲ ਦੇਸ਼-ਵਿਦੇਸ਼ਾਂ ਤੋਂ ਰੋਜ਼ਾਨਾਂ ਲੱਖਾਂ ਦੀ ਗਿਣਤੀ ਵਿਚ ਆਉਣ ਵਾਲੇ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਵੀ ਸਾਲਾਂ ਤੋਂ ਚਲ ਰਹੀ ਭਾਰੀ ਟ੍ਰੈਫਿਕ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ 41 ਕਰੋੜ ਰੁਪਏ ਦੀ ਲਾਗਤ ਨਾਲ ਭੰਡਾਰੀ ਪੁਲ ’ਤੇ ਤਿਆਰ ਹੋਏ ਚਹੁੰਮਾਰਗੀ ਫਲਾਈ ਓਵਰ ਨੂੰ ਆਮ ਜਨਤਾ ਨੂੰ ਸਮਰਪਿਤ ਕਰਨ ਪਹੁੰਚੇ ਪੰਜਾਬ ਸਰਕਾਰ ਦੇ ਮੰਤਰੀ ਵਿਜੇ ਇੰਦਰ ਸਿੰਗਲਾ ਤੇ ਨਵਜੋਤ ਸਿੰਘ ਸਿੱਧੂ ਸ਼ੁਭ ਆਰੰਭ  ਲਈ ਆਉਣ ਤੋਂ ਪਹਿਲਾਂ ਅਤੇ ਜਾਣ ਤੋਂ ਬਾਅਦ ਡੇਢ-ਡੇਢ ਕਿਲੋਮੀਟਰ ਲੰਬੇ ਟ੍ਰੈਫਿਕ ਜਾਮ ਲਗਵਾ ਕੇ ਉਥੋਂ ਚਲਦੇ ਬਣੇ।
ਅੱਜ ਭੰਡਾਰੀ ਪੁਲ ’ਤੇ ਹੋਏ ਨਵੇਂ ਨਿਰਮਾਣ ਦੇ ਉਦਘਾਟਨ ਮੌਕੇ ਜਿਥੇ ਸਵੇਰ ਤੋਂ ਹੀ ਤਿਆਰੀਆਂ ਕੀਤੀਆਂ ਗਈਆਂ ਸਨ, ਉੱਥੇ  ਹੀ ਵੀ. ਆਈ. ਪੀ. ਗੱਡੀਆਂ ਆਉਣ ਤੋਂ ਤਕਰੀਬਨ ਇਕ ਘੰਟਾ ਪਹਿਲਾਂ ਆਮ ਟ੍ਰੈਫਿਕ ਦੇ ਜਾਮ ਲੱਗਣੇ ਸ਼ੁਰੂ ਹੋ ਗਏ। ਦੇਖਦੇ ਹੀ ਦੇਖਦੇ ਇਹ ਜਾਮ ਕਿਲੋਮੀਟਰਾਂ ਤੱਕ ਲੱਗ ਗਏ। ਹਾਲਾਂਕਿ ਇਥੇ ਮੌਜੂਦ ਟ੍ਰੈਫਿਕ ਪੁਲਸ ਨੇ ਇਹ ਜਾਮ ਕਢਵਾਉਣ ਵਿਚ ਵੀ ਕੋਈ ਕਸਰ ਨਹੀਂ ਛੱਡੀ ਪਰ ਫਿਰ ਵੀ ਇਹ ਟ੍ਰੈਫਿਕ ਜਾਮ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਸੀ। ਇਸ ਉਪਰੰਤ ਜਦੋਂ ਵੀ. ਆਈ. ਪੀ. ਗੱਡੀਆਂ ਸਮਾਰੋਹ ਵਿਚ ਪਹੁੰਚ ਗਈਆਂ ਤਾਂ ਇਹ ਜਾਮ ਪੁੱਲ ਦੇ ਚਾਰੇ ਪਾਸੇ ਰੋਕ ਦਿੱਤਾ ਗਿਆ, ਜਿਸ ਨਾਲ ਲੋਕਾਂ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। 25 ਮਿੰਟ ਇਸ ਪ੍ਰੋਗਰਾਮ ਦੇ ਲਈ ਆਮ ਲੋਕਾਂ ਨੂੰ ਦੋ ਘੰਟੇ ਤੱਕ ਟ੍ਰੈਫਿਕ ਫਸਣਾ ਪਿਆ। ਪੂਰੇ ਉਦਘਾਟਨੀ ਸਮਾਰੋਹ ਵਿਚ ਵੀ. ਆਈ. ਪੀ. ਤਾਂ ਅਰਾਮ ’ਚ ਰਹੇ ਪਰ ਆਮ ਜਨਤਾ ਪ੍ਰੇਸ਼ਾਨ ਨਜ਼ਰ ਅਾਈ।   ਹਾਲਤ ਇਹ ਸੀ ਕਿ ਸਿੰਗਲਾ, ਸਿੱਧੂ ਅਤੇ ਸੋਨੀ ਸਣੇ ਸਾਰੇ ਨੇਤਾਵਾਂ ਦੇ ਉਥੋਂ ਜਾਣ ਤੋਂ ਬਾਅਦ ਵੀ ਉਥੇ ਮੌਜੂਦ ਟ੍ਰੈਫਿਕ ਪੁਲਸ ਦੇ ਕਰਮਚਾਰੀ ਟ੍ਰੈਫਿਕ ਜਾਮ ਨੂੰ ਖਤਮ ਕਰਵਾਉਣ ਵਿਚ ਬੇਬਸ ਦਿਖਾਈ ਦੇ ਰਹੇ ਸੀ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਿੰਗਲਾ ਨੇ ਦੱਸਿਆ ਕਿ ਸਥਾਨਕ ਲੋਕਲ ਬਾਡੀ ਵਿਭਾਗ ਤੇ ਲੋਕ ਨਿਰਮਾਣ ਵਿਭਾਗ ਪੰਜਾਬ ਵਲੋਂ ਨਿਰਮਾਣ ਕਰਵਾਏ ਗਏ ਉਕਤ ਚਹੁੰਮਾਰਗੀ ਰੇਲਵੇ ਫਲਾਈ ਓਵਰ ’ਤੇ ਕਰੀਬ 41 ਕਰੋੜ ਰੁਪਏ ਦੀ ਲਾਗਤ ਆਈ ਹੈ ਤੇ ਇਸ ਫਲਾਈ ਓਵਰ ਦੇ ਸ਼ੁਰੂ ਹੋਣ ਨਾਲ ਸ਼ਹਿਰ ਵਾਸੀਆਂ ਦੇ ਨਾਲ-ਨਾਲ ਦੇਸ਼-ਵਿਦੇਸ਼ਾਂ ਤੋਂ ਰੋਜ਼ਾਨਾਂ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਵੀ ਵੱਡੀ ਰਾਹਤ ਮਿਲੇਗੀ।  
ਇਸ ਮੌਕੇ ਸਾਬਕਾ ਵਿਧਾਇਕ ਡਾ. ਨਵਜੋਤ ਕੌਰ ਸਿੱਧੂ, ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਪੁਲਸ ਕਮਿਸ਼ਨਰ ਸੁਧਾਂਸ਼ੁ ਸ੍ਰੀਵਾਸਤਵ, ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਜੁਗਲ ਕਿਸ਼ੋਰ ਸ਼ਰਮਾ, ਐੱਸ. ਡੀ. ਐੱਮ. ਵਿਕਾਸ ਹੀਰਾ, ਐਕਸ. ਈ. ਐੱਨ. ਜਸਬੀਰ ਸਿੰਘ ਸੋਢੀ, ਸਸਤਾ ਦੱਤਾ, ਕੌਂਸਲਰ ਸੁਖਦੇਵ ਸਿੰਘ ਚਾਹਲ ਆਦਿ।