ਬਰਾਤ ਲੈ ਕੇ ਪਹੁੰਚੇ ਲਾੜੇ ''ਤੇ ਪਹਿਲੀ ਪਤਨੀ ਨੇ ਕੀਤਾ ਹਮਲਾ, ਵਿਆਹ ਸਮਾਗਮ ''ਚ ਮਚੀ ਹਫੜਾ-ਦਫੜੀ

04/14/2018 5:22:01 AM

ਗੁਰਦਾਸਪੁਰ, (ਵਿਨੋਦ)- ਅੱਜ ਜ਼ਿਲਾ ਗੁਰਦਾਸਪੁਰ 'ਚ ਇਕ ਵਿਆਹ ਸਮਾਗਮ 'ਚ ਉਸ ਵੇਲੇ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਇਕ ਲਾੜਾ ਧਾਰੀਵਾਲ ਤੋਂ ਗੁਰਦਾਸਪੁਰ ਵਿਚ ਬਰਾਤ ਲੈ ਕੇ ਆਇਆ ਤੇ ਉਸ ਦੀ ਪਹਿਲੀ ਪਤਨੀ ਨੇ ਆਪਣੇ ਰਿਸ਼ਤੇਦਾਰਾਂ ਸਮੇਤ ਉਸ 'ਤੇ ਗੁਰਦਾਸਪੁਰ ਵਿਚ ਆ ਕੇ ਹਮਲਾ ਕਰ ਦਿੱਤਾ। ਇਸ ਹਮਲੇ ਕਾਰਨ ਭਾਵੇਂ ਲਾੜੇ ਦਾ ਬਚਾਅ ਹੋ ਗਿਆ ਪਰ ਉਸ ਦੇ ਜੀਜੇ 'ਤੇ ਤੇਜ਼ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। 
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਾਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਸਿਟੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਤੇ ਜ਼ਖ਼ਮੀ ਦੇ ਬਿਆਨ ਕਲਮਬੱਧ ਕੀਤੇ। ਜ਼ਖ਼ਮੀ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।
ਕੀ ਹੈ ਮਾਮਲਾ?
ਇਸ ਸਬੰਧੀ ਜ਼ਖ਼ਮੀ ਹੋਏ ਵਿਅਕਤੀ ਜੌਨ ਮਸੀਹ ਪੁੱਤਰ ਇਮਾਨੂੰਏਲ ਮਸੀਹ ਨਿਵਾਸੀ ਰਣੀਆਂ ਧਾਰੀਵਾਲ ਨੇ ਦੱਸਿਆ ਕਿ ਉਸ ਦੇ ਸਾਲੇ ਰਾਜਨ ਪੁੱਤਰ ਕੇਵਲ ਗਿੱਲ ਨਿਵਾਸੀ ਮਾਡਲ ਟਾਊਨ ਧਾਰੀਵਾਲ ਦਾ ਵਿਆਹ ਗੁਰਦਾਸਪੁਰ ਸਥਿਤ ਇਕ ਪਿੰਡ ਵਿਚ  ਅੱਜ ਹੋਣਾ ਸੀ। ਰਾਜਨ ਪਹਿਲਾਂ ਹੀ ਵਿਆਹੁਤਾ ਸੀ ਅਤੇ ਉਸ ਦਾ ਉਸ ਦੀ ਪਹਿਲੀ ਪਤਨੀ ਰੀਤੂ ਪੁੱਤਰੀ ਯੂਨਸ ਮਸੀਹ ਪਿੰਡ ਸੁਚੈਨੀਆਂ ਦੇ ਨਾਲ ਅਦਾਲਤ 'ਚ ਤਾਲਾਕ ਵੀ ਹੋ ਚੁੱਕਾ ਹੈ। 
ਅੱਜ ਜਦੋਂ ਅਸੀਂ ਧਾਰੀਵਾਲ ਤੋਂ ਬਰਾਤ ਲੈ ਕੇ ਗੁਰਦਾਸਪੁਰ ਪਹੁੰਚੇ ਤਾਂ ਘਰ ਦੇ ਨਜ਼ਦੀਕ ਪਹੁੰਚਦੇ ਹੋਏ ਰਾਜਨ ਦੀ ਪਹਿਲੀ ਪਤਨੀ ਰੀਤੂ ਆਪਣੇ ਪਰਿਵਾਰਕ ਮੈਂਬਰਾਂ ਨਾਲ 5-6 ਗੱਡੀਆਂ ਵਿਚ ਆਏ ਤਾਂ ਉਨ੍ਹਾਂ ਨੇ ਆਉਂਦੇ ਹੋਏ ਸਾਡੇ 'ਤੇ ਤੇਜ਼ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਕਾਰਨ ਵਿਆਹ ਵਾਲੇ ਘਰ ਵਿਚ ਹਫੜਾ-ਦਫ਼ੜੀ ਮਚ ਗਈ। ਇਨ੍ਹਾਂ ਲੋਕਾਂ ਨੇ ਮੇਰੇ 'ਤੇ ਦਾਤਰਾਂ ਤੇ ਕ੍ਰਿਪਾਨਾਂ ਨਾਲ ਹਮਲਾ ਕਰ ਕੇ ਮੈਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ, ਜਦਕਿ ਲਾੜੇ ਰਾਜਨ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਉਂਦੇ ਹੋਏ ਗੱਡੀ ਵਿਚ ਬੈਠ ਕੇ ਧਾਰੀਵਾਲ ਨੂੰ ਦੌੜ ਗਿਆ। ਜਦ ਲੋਕਾਂ ਦੀ ਭੀੜ ਇਕੱਠੀ ਹੋਈ ਤਾਂ ਇਹ ਲੋਕ ਫਰਾਰ ਹੋਣ 'ਚ ਸਫ਼ਲ ਹੋ ਗਏ।  
ਕੀ ਕਹਿਣਾ ਪੁਲਸ ਅਧਿਕਾਰੀ ਦਾ?
ਘਟਨਾ ਸਬੰਧੀ ਕੰਟਰੋਲ ਰੂਮ 'ਤੇ ਸੂਚਨਾ ਮਿਲਦੇ ਹੀ ਸਿਟੀ ਪੁਲਸ ਸਟੇਸ਼ਨ ਤੋਂ ਪੁਲਸ ਅਧਿਕਾਰੀ ਸਰਵਨ ਸਿੰਘ ਆਪਣੀ ਪੁਲਸ ਪਾਰਟੀ  ਨਾਲ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਸਾਰੀ ਘਟਨਾ ਦਾ ਜਾਇਜ਼ਾ ਲਿਆ ਤੇ ਜ਼ਖ਼ਮੀ ਜੌਨ ਮਸੀਹ ਦੇ ਬਿਆਨ ਦਰਜ ਕਰ ਕੇ ਉਸ ਨੂੰ ਸਿਵਲ ਹਸਪਤਾਲ ਦਾਖ਼ਲ ਹੋਣ ਲਈ ਕਿਹਾ ਅਤੇ ਲਾੜੇ ਰਾਜਨ ਨੂੰ ਧਾਰੀਵਾਲ ਤੋਂ ਵਾਪਸ ਆ ਕੇ ਆਪਣੇ ਬਿਆਨ ਦਰਜ ਕਰਵਾਉਣ ਲਈ ਕਿਹਾ। 
ਇਸ ਸਬੰਧੀ ਅਧਿਕਾਰੀ ਨੇ ਕਿਹਾ ਕਿ ਮਾਮਲਾ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।