ਲੋਹੜੀ ਦੇ ਤਿਉਹਾਰ ਮੌਕੇ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ

01/14/2018 12:00:15 PM

ਬੁਢਲਾਡਾ (ਮਨਜੀਤ)-ਕ੍ਰਿਸ਼ਨਾ ਕਾਲਜ ਰੱਲੀ ਵਿਖੇ ਲੋਹੜੀ ਦੇ ਤਿਉਹਾਰ ਮੌਕੇ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਪ੍ਰੋਗਰਾਮ ਵਿਚ ਬਤੌਰ ਮਹਿਮਾਨ ਮੈਨੇਜਮੈਂਟ ਮੈਂਬਰ ਐੱਮ. ਡੀ. ਕਮਲ ਸਿੰਗਲਾ, ਚੇਅਰਮੈਨ ਸੁਖਵਿੰਦਰ ਸਿੰਘ ਚਹਿਲ, ਪਵਨ ਸਿੰਗਲਾ, ਡਾ. ਵਿਜੇ ਸਿੰਗਲਾ (ਪ੍ਰਧਾਨ), ਗੌਤਮ ਸਿੰਗਲਾ, ਸਤਪਾਲ ਸਿੰਘ ਚਹਿਲ ਹਾਜ਼ਰ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਮੈਨੇਜਮੈਂਟ ਮੈਂਬਰਾਂ ਅਤੇ ਕਾਲਜ ਸਟਾਫ ਵੱਲੋਂ ਲੋਹੜੀ ਦੀ ਅੱਗ ਬਾਲ ਕੇ ਉਸ ਵਿਚ ਤਿਲ ਸੁੱਟ ਕੇ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ, ਲੋਕ ਗੀਤ, ਲੋਹੜੀ ਨਾਲ ਸਬੰਧਤ ਗੀਤ, ਤ੍ਰਿੰਝਣ, ਟੱਪੇ, ਮਾਈਆ, ਸਟੰਟ ਡਾਂਸ, ਕਵਾਲੀ, ਗਜ਼ਲ, ਕਵਿਤਾ, ਭਾਸ਼ਣ, ਗਿੱਧਾ, ਭੰਗੜਾ ਆਦਿ ਦੀ ਪੇਸ਼ਕਾਰੀ ਕਰ ਕੇ ਬਹੁਤ ਹੀ ਸੱਭਿਆਚਾਰਕ ਰੰਗ ਪੇਸ਼ ਕੀਤਾ ਗਿਆ। 
ਇਸ ਮੌਕੇ ਕਾਲਜ ਮੈਨੇਜਮੈਂਟ ਮੈਂਬਰ ਐੱਮ. ਡੀ. ਕਮਲ ਸਿੰਗਲਾ, ਉਪ-ਚੇਅਰਮੈਨ ਸਤਪਾਲ ਸਿੰਘ ਚਹਿਲ ਨੇ ਵਿਦਿਆਰਥੀਆਂ ਨੂੰ ਲੋਹੜੀ ਅਤੇ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਵਿਦਿਆਰਥੀਆਂ ਨੂੰ ਆਪਣੇ ਸੱਭਿਆਚਾਰ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਕਾਲਜ ਇੰਚਾਰਜ ਪ੍ਰੋ. ਗੁਰਪ੍ਰੀਤ ਸਿੰਘ ਮੱਲ੍ਹੀ ਨੇ ਵਿਦਿਆਰਥੀਆਂ ਨੂੰ ਲੋਹੜੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਅਤੇ ਵਿਦਿਆਰਥੀਆਂ ਨੂੰ ਆਪਣੇ ਅੰਦਰ ਦੀਆਂ ਕੁਰੀਤੀਆਂ ਨੂੰ ਖਤਮ ਕਰ ਕੇ ਨਵੇਂ ਸਾਲ ਵਿਚ ਨਵੀਆਂ ਪ੍ਰਾਪਤੀਆਂ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੰਚ ਸੰਚਾਲਨ ਪ੍ਰੋ. ਸਰਬਜੀਤ ਸਿੰਘ ਅਤੇ ਪ੍ਰੋ. ਹਰਪ੍ਰੀਤ ਕੌਰ ਵੱਲੋਂ ਕੀਤਾ ਗਿਆ। ਇਸ ਪ੍ਰੋਗਰਾਮ ਦਾ ਆਏ ਹੋਏ ਮਹਿਮਾਨ, ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਖੂਬ ਆਨੰਦ ਮਾਣਿਆ।