ਕੀਟਨਾਸ਼ਕਾਂ ਦੇ ਸੈਂਪਲਾਂ ਦੀ ਟੈਸਟ ਰਿਪੋਰਟ ਜਾਰੀ ਨਾ ਕਰਨ ਨਾਲ ਕਿਸਾਨਾਂ ’ਚ ਰੋਸ

08/13/2018 2:05:46 AM

 ਬਠਿੰਡਾ, (ਜ.ਬ.)- ਖੇਤੀ ਵਿਭਾਗ ਵੱਲੋਂ ਇਸ ਸਾਲ ਭਰੇ ਗਏ ਵੱਖ-ਵੱਖ ਪ੍ਰਕਾਰ ਦੇ ਕੀਟਨਾਸ਼ਕਾਂ ਦੇ ਸੈਂਪਲਾਂ ਦੀ ਜਾਂਚ ਰਿਪੋਰਟ ਸਰਵਜਨਿਕ ਕਰਨ ਕਾਰਨ ਕਿਸਾਨਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਭਾਕਿਯੂ (ਲੱਖੋਵਾਲ) ਨੇ ਮੰਗ ਕੀਤੀ ਹੈ ਕਿ ਫੇਲ ਹੋ ਚੁੱਕੇ ਸੈਂਪਲਾਂ ਦੀ ਰਿਪੋਰਟ ਸਰਵਜਿਨਕ ਕੀਤੀ ਜਾਵੇ ਤਾਂਕਿ ਕਿਸਾਨਾਂ ਨੂੰ ਪਤਾ ਚੱਲ ਸਕੇ ਕਿ ਕਿਹੜੇ ਕੀਟਨਾਸ਼ਕ ਖਰੀਦਣ ਯੋਗ ਨਹੀਂ ਹਨ। ਇਸਦੇ ਇਲਾਵਾ ਜੋ ਕਿਸਾਨ ਕੀਟਨਾਸ਼ਕ ਦਾ ਪ੍ਰਯੋਗ ਕਰ ਚੁੱਕੇ ਹਨ, ਉਨ੍ਹਾਂ ਨੂੰ ਵੀ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਉਨ੍ਹਾਂ ਨੇ ਆਪਣੀ ਫਸਲ ’ਤੇ ਇਹ ਕੀਟਨਾਸ਼ਕ ਦਾ ਪ੍ਰਯੋਗ ਕੀਤਾ ਹੈ ਜਾਂ ਨਹੀਂ। ਭਾਕਿਯੂੂ ਦੇ ਸੂਬਾ ਸਕੱਤਰ ਜਨਰਲ ਰਾਮਕਰਨ ਸਿੰਘ ਰਾਮਾ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਨੇ ਡੀਲਰਾਂ ਤੋਂ ਕੀਟਨਾਸ਼ਕਾਂ ਦੇ ਸੈਂਪਲ ਲਏ ਸਨ ਅਤੇ ਸ਼ੱਕ ਹੈ ਕਿ ਉਨ੍ਹਾਂ ’ਚੋਂ ਜਿਆਦਾਤਰ ਸੈਂਪਲ ਫੇਲ ਹੋ ਚੁੱਕੇ ਹਨ। ਇਸ ਕਾਰਨ ਵਿਭਾਗ ਉਕਤ ਸੈਂਪਲਾਂ ਦੀ ਰਿਪੋਰਟ ਜਾਰੀ ਨਹੀਂ ਕਰ ਰਿਹਾ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਹਰ ਸਾਲ ਵੱਡੀ ਮਾਤਰਾ ’ਚ ਨਕਲੀ ਕੀਟਨਾਸ਼ਕ ਵੇਚੇ ਜਾਂਦੇ ਹਨ। ਜਿਸਦਾ ਖਮਿਆਜਾ ਉਨ੍ਹਾਂ ਨੂੰ ਭੁਗਤਣਾ ਪੈਦਾ ਹੈ। ਇਨ੍ਹਾਂ ਕੀਟਨਾਸ਼ਕਾਂ ਵੱਲੋਂ ਕੰਮ ਨਾ ਕਰਨ ਦੇ ਕਾਰਨ ਫਸਲਾਂ ਖਰਾਬ ਹੁੰਦੀਆਂ ਹਨ ਅਤੇ ਕਿਸਾਨ ਖੁਦਕੁਸ਼ੀਆਂ ਕਰਨ ਨੂੰ ਮਜਬੂਰ ਹੁੰਦਾ ਹੈ। ਜੇਕਰ ਵਿਭਾਗ ਨੇ ਇਸ ਵਾਰ ਸੈਂਪਲ ਭਰ ਕੇ ਜਾਂਚ ਕੀਤੀ ਹੈ ਤਾਂ ਉਸ ਜਾਂਚ ਰਿਪੋਰਟ ਨੂੰ ਸਰਵਜਨਿਕ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਖੇਤੀ ਵਿਭਾਗ ਨੇ ਜਲਦੀ ਫੇਲ ਹੋਏ ਸੈਂਪਲਾਂ ਦੀ ਰਿਪੋਰਟ ਸਰਵਜਨਿਕ ਨਾ ਕੀਤੀ ਤਾਂ ਯੂਨੀਅਨ ਖੇਤੀ ਦਫਤਰ ਦਾ ਘੇਰਾਓ ਕਰਗੀ। ਇਸ ਮੌਕੇ  ਜ਼ਿਲਾ ਪ੍ਰਧਾਨ ਦਾਰਾ ਸਿੰਘ ਮਾਈਸਰਖਾਨਾ, ਜਨਰਲ ਸਕੱਤਰ ਸਰੂਪ ਸਿੰਘ ਸਿੱਧੂ, ਸੁਖਪਾਲ ਸਿੰਘ ਜਵੰਧਾ, ਬਲਬੀਰ ਸਿੰਘ ਸਰਦਾਰਗਡ਼੍ਹ, ਗੁਰਮੇਲ ਸਿੰਘ ਤਲਵੰਡੀ ਸਾਬੋ, ਹਰਦੇਵ ਸਿੰਘ ਆਦਿ ਹਾਜ਼ਰ ਸਨ।