ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਡਟੇ ਕਿਸਾਨ ਪੁਤਲੇ ਫੂਕ ਕੇ ਪ੍ਰਗਟਾਇਆ ਰੋਹ

02/12/2018 2:44:29 AM

ਸੰਗਰੂਰ, (ਬੇਦੀ)- ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਦੇ ਵਿਰੋਧ 'ਚ ਅਤੇ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸਣੇ ਸੂਬੇ ਦੀਆਂ 7 ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਸੰਘਰਸ਼ ਲਗਾਤਾਰ ਜਾਰੀ ਹੈ, ਜਿਸ ਤਹਿਤ ਐਤਵਾਰ ਨੂੰ ਵੱਖ-ਵੱਖ ਪਿੰਡਾਂ ਵਿਚ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ ।                   
ਪਿੰਡ ਲੱਡਾ ਵਿਖੇ ਜਨਰਲ ਸਕੱਤਰ ਹਰਬੰਸ ਸਿੰਘ ਲੱਡਾ ਦੀ ਅਗਵਾਈ 'ਚ ਕੀਤੇ ਗਏ ਅਰਥੀ ਫੂਕ ਮੁਜ਼ਾਹਰੇ ਮੌਕੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਬਲਾਕ ਪ੍ਰਧਾਨ ਸ਼ਿਆਮ ਦਾਸ ਕਾਂਝਲੀ ਨੇ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਦਾ ਕਿਸਾਨ-ਮਜ਼ਦੂਰ ਮੰਦਹਾਲੀ ਦੇ ਦੌਰ 'ਚੋਂ ਗੁਜ਼ਰ ਰਿਹਾ ਹੈ ਅਤੇ ਅੱਜ ਤੱਕ ਪੂਰੇ ਦੇਸ਼ 'ਚ 3 ਲੱਖ ਤੋਂ ਵੱਧ ਕਿਸਾਨ-ਮਜ਼ਦੂਰ ਖੁਦਕੁਸ਼ੀ ਕਰ ਚੁੱਕੇ ਹਨ, ਜਿਨ੍ਹਾਂ 'ਚ ਬਹੁ-ਗਿਣਤੀ ਪੰਜਾਬ ਦੀ ਹੈ ਪਰ ਸਰਕਾਰਾਂ ਨੇ ਇਨ੍ਹਾਂ ਦੋਵਾਂ ਵਰਗਾਂ ਨੂੰ ਅੱਖੋਂ-ਪਰੋਖੇ ਕੀਤਾ ਹੋਇਆ ਹੈ। ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ 'ਚ ਇਕ ਵੀ ਨੀਤੀ ਜਾਂ ਫੈਸਲਾ ਕਿਸਾਨਾਂ ਦੇ ਹਿੱਤਾਂ 'ਚ ਨਹੀਂ ਲਿਆ ਗਿਆ। ਉਲਟਾ ਵੱਡੇ ਸਨਅਤੀ ਘਰਾਣਿਆਂ ਨੂੰ ਅੱਗੇ ਰੱਖਿਆ ਗਿਆ ਹੈ । ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਅਤੇ ਨੌਕਰੀਆਂ ਦੇਣ ਦੇ ਐਲਾਨ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਵੀ ਅੱਜ ਕਿਸਾਨਾਂ ਦੇ ਹੱਕਾਂ ਦੇ ਉਲਟ ਨੀਤੀਆਂ ਅਪਣਾ ਰਹੇ ਹਨ ।
ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪਿੰਡ ਭਿੰਡਰਾਂ ਵਿਚ ਇਕਾਈ ਪ੍ਰਧਾਨ ਬਲਦੇਵ ਸਿੰਘ ਭਿੰਡਰਾਂ ਅਤੇ ਜੋਗਿੰਦਰ ਸਿੰਘ ਭਿੰਡਰਾਂ ਦੀ ਅਗਵਾਈ 'ਚ ਕੇਂਦਰ ਸਰਕਾਰ ਦੀ ਅਰਥੀ ਫੂਕੀ।
ਮਾਲੇਰਕੋਟਲਾ, (ਜ਼ਹੂਰ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਬਲਾਕ ਪ੍ਰਧਾਨ ਬਲਜਿੰਦਰ ਸਿੰਘ ਹਥਨ ਦੀ ਅਗਵਾਈ ਹੇਠ ਪਿੰਡ ਖਟੜਾ, ਅਲੀਪੁਰ, ਬੁਰਜ ਵਿਖੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ । ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਵਿੱੱਤ ਮੰਤਰੀ ਅਰੁਣ ਜੇਤਲੀ ਨੇ ਮੋਦੀ ਸਰਕਾਰ ਦਾ ਆਖਰੀ ਬਜਟ ਪੇਸ਼ ਕੀਤਾ ਹੈ, ਜਿਸ ਨੂੰ ਮੋਦੀ ਸਰਕਾਰ ਕਿਸਾਨ ਪੱਖੀ ਕਹਿ ਰਹੀ ਹੈ ਪਰ ਇਸ 'ਚ ਕਿਸਾਨੀ ਕਰਜ਼ੇ ਦੀ ਕੋਈ ਗੱਲ ਨਹੀਂ ਕੀਤੀ ਗਈ ਅਤੇ ਨਾ ਹੀ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਰਾਹਤ ਦੇਣ ਦੀ ਗੱਲ ਕੀਤੀ ਗਈ ਹੈ। ਇਸ ਮੌਕੇ ਬੰਤ ਹਥਨ, ਕੁਲਵਿੰਦਰ, ਕਰਨੈਲ, ਕਮਲਜੀਤ ਭੂਦਨ, ਨਿਰਮਲ ਸਿੰਘ ਅਲੀਪੁਰ, ਬਲਵਿੰਦਰ, ਭਾਗ ਸਿੰਘ, ਰਣਜੀਤ ਸਿੰਘ, ਜੀਤਾ ਸਿੰਘ ਬੁਰਜ ਤੋਂ ਇਲਾਵਾ ਹੋਰ ਵੀ ਕਿਸਾਨ ਹਾਜ਼ਰ ਸਨ ।
ਭਦੌੜ, (ਰਾਕੇਸ਼)—ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਕਸਬੇ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਰੋਸ ਜ਼ਾਹਰ ਕੀਤਾ।  ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਗੁਰਚਰਨ ਸਿੰਘ ਅਤੇ ਸੁਖਦੇਵ ਸਿੰਘ ਭੋਤਨਾ ਬਲਾਕ ਪ੍ਰਧਾਨ ਸ਼ਹਿਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਬਜਟ ਪੇਸ਼ ਕੀਤਾ ਗਿਆ ਹੈ, ਉਹ ਕਿਸਾਨ ਵਿਰੋਧੀ ਹੈ। ਅੱਜ ਪੂਰੇ ਪੰਜਾਬ ਦੇ ਕਿਸਾਨਾਂ ਦਾ ਬੁਰਾ ਹਾਲ ਹੈ ਪਰ ਸਰਕਾਰਾਂ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਕੇਂਦਰ ਸਰਕਾਰ ਵੱਲੋਂ ਨਿੱਤ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਕੀਤਾ ਜਾ ਰਿਹਾ ਹੈ, ਜਿਸ ਨਾਲ ਕਿਰਸਾਨੀ 'ਤੇ ਹੋਰ ਬੋਝ ਪੈ ਰਿਹਾ ਹੈ। 
ਸ਼ਹਿਣਾ/ਭਦੌੜ, (ਪ.ਪ)—ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਨੇ ਪਿੰਡ ਜਗਜੀਤਪੁਰਾ ਵਿਚ ਪੰਜਾਬ ਅਤੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ। ਇਸ ਮੌਕੇ ਇਕੱਠੇ ਹੋਏ ਕਿਸਾਨ ਆਗੂਆਂ ਨੇ ਕਿਸਾਨਾਂ 'ਤੇ ਪਰਚੇ ਦਰਜ ਕਰਨ ਦੀ ਨਿੰਦਾ ਕੀਤੀ।  ਬਲਾਕ ਪ੍ਰਧਾਨ ਸੁਖਦੇਵ ਸਿੰਘ ਭੋਤਨਾ ਤੇ ਦਰਸ਼ਨ ਸਿੰਘ ਚੀਮਾ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਦੇ ਅੰਨਦਾਤੇ ਨੂੰ ਆਰਥਿਕ ਢਾਹ ਲਾ ਕੇ ਖੁਦਕੁਸ਼ੀਆਂ ਵੱਲ ਤੋਰ ਦਿੱਤਾ ਹੈ।  ਇਕੱਲੇ ਪੰਜਾਬ ਦਾ ਹੀ. ਨਹੀਂ ਬਲਕਿ ਪੂਰੇ ਦੇਸ਼ ਦੇ ਕਿਸਾਨਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ।