ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ''ਚ ਨਗਰ ਕੌਂਸਲ ਹੋ ਰਹੀ ਨਾਕਾਮ

Thursday, Jun 08, 2017 - 07:24 AM (IST)

ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ''ਚ ਨਗਰ ਕੌਂਸਲ ਹੋ ਰਹੀ ਨਾਕਾਮ

ਤਰਨਤਾਰਨ,   (ਰਮਨ)- ਸ਼ਹਿਰ ਵਿਚ ਦਿਨੋ-ਦਿਨ ਵੱਧ ਰਹੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਕਾਰਨ ਟ੍ਰੈਫਿਕ ਸਮੱਸਿਆ ਵਿਚ ਕਾਫੀ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ
ਰਿਹਾ ਹੈ। 
ਇਸ ਸਮੱਸਿਆ ਨੂੰ ਹੱਲ ਕਰਨ ਲਈ ਸ਼ਹਿਰ ਵਾਸੀਆਂ ਨੇ ਹਲਕਾ ਵਿਧਾਇਕ ਅਤੇ ਪੁਲਸ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕਰਦਿਆਂ ਕਿਹਾ ਕਿ ਨਗਰ ਕੌਂਸਲ ਅਤੇ ਪੁਲਸ ਪ੍ਰਸ਼ਾਸਨ 'ਚ ਆਪਸੀ ਤਾਲਮੇਲ ਨਾ ਹੋਣ ਕਾਰਨ ਕਬਜ਼ਾਧਾਰੀਆਂ ਨੂੰ ਲਾਭ ਹੋ ਰਿਹਾ ਹੈ। 
ਜਾਣਕਾਰੀ ਅਨੁਸਾਰ ਸ਼ਹਿਰ ਦੇ ਚਾਰੇ ਪਾਸੇ ਮੌਜੂਦ ਸੜਕਾਂ, ਬਾਜ਼ਾਰਾਂ ਤੇ ਚੌਕਾਂ ਵਿਚ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆ ਕਾਰਨ ਆਮ ਰਾਹਗੀਰਾਂ ਤੇ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੀ ਹੱਦ ਸ਼ੁਰੂ ਹੋਣ ਤੋਂ ਲੈ ਕੇ ਖਤਮ ਹੋਣ ਤੱਕ ਸੜਕ ਦੇ ਦੋਵੇਂ ਪਾਸੇ ਮੌਜੂਦ ਦੁਕਾਨਦਾਰਾਂ ਵੱਲੋਂ ਬੜੀ ਸ਼ਾਨ ਨਾਲ ਨਾਜਾਇਜ਼ ਕਬਜ਼ੇ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚ ਕਈ ਅਜਿਹੇ ਦੁਕਾਨਦਾਰ ਵੀ ਸ਼ਾਮਲ ਹਨ, ਜੋ ਆਪਣੀ ਦੁਕਾਨ ਅੱਗੇ ਰੇਹੜੀ ਲਾਉਣ ਦੇ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਪੈਸੇ ਵਸੂਲ ਕਰਦੇ ਹਨ ਤੇ ਮੋਟੀ ਕਮਾਈ ਕਰਦੇ ਹਨ। 
ਬੋਹੜੀ ਚੌਕ ਤੋਂ ਲੈ ਕੇ ਚਾਰ ਖੰਭਾ ਚੌਕ ਵਿਖੇ ਰੋਜ਼ਾਨਾ ਸ਼ਾਮ ਨੂੰ ਵੱਡੀ ਗਿਣਤੀ ਵਿਚ ਲਗਦੀਆਂ ਰੇਹੜੀਆਂ ਕਾਰਨ ਟ੍ਰੈਫਿਕ ਦਾ ਜਾਮ ਲੱਗਣਾ ਸ਼ੁਰੂ ਹੋ ਜਾਂਦਾ ਹੈ। ਇਸ ਸਮੇਂ ਰੇਹੜੀਆਂ ਵੀ ਸੜਕ ਵਿਚਕਾਰ ਲੱਗੀਆਂ ਹੋਣ ਕਾਰਨ ਵਾਹਨ ਚਾਲਕਾਂ ਨੂੰ ਕੀੜੀ ਦੀ ਚਾਲ ਚੱਲਣਾ ਪੈਂਦਾ ਹੈ ਅਤੇ ਕਈ ਵਾਰ ਇਸ ਕਾਰਨ ਤਕਰਾਰ ਵੀ ਹੋ ਜਾਂਦੀ ਹੈ। ਸ੍ਰੀ ਦਰਬਾਰ ਸਾਹਿਬ ਜਾਣ ਵਾਲੇ ਰਸਤੇ ਜਿਵੇਂ ਕਿ ਅੱਡਾ ਬਾਜ਼ਾਰ, ਤਹਿਸੀਲ ਬਾਜ਼ਾਰ, ਗਾਰਦ ਬਾਜ਼ਾਰ, ਬੋਹੜੀ ਚੌਕ, ਨੂਰਦੀ ਬਾਜ਼ਾਰ, ਰੋਹੀ ਪੁਲ, ਨੰਗੇ ਪੈਰਾਂ ਵਾਲਾ ਚੌਕ, ਚਾਰ ਖੰਭਾ ਚੌਕ, ਗਾਂਧੀ ਪਾਰਕ, ਸਰਹਾਲੀ ਰੋਡ, ਅੰਮ੍ਰਿਤਸਰ ਬਾਈਪਾਸ, ਜੰਡਿਆਲਾ ਰੋਡ, ਰੇਲਵੇ ਰੋਡ, ਸੱਚਖੰਡ ਰੋਡ ਆਦਿ ਵਿਖੇ ਵੱਡੀ ਮਾਤਰਾ ਵਿਚ ਦੁਕਾਨਦਾਰਾ ਵੱਲੋਂ ਆਪਣਾ ਸਾਮਾਨ ਸ਼ਰੇਆਮ ਲੋਕਾਂ ਦੇ ਚੱਲਣ ਲਈ ਬਣਾਏ ਗਏ ਫੁੱਟਪਾਥਾਂ 'ਤੇ ਇਸ ਤਰ੍ਹਾਂ ਰੱਖਿਆ ਗਿਆ ਹੈ, ਜਿਵੇਂ ਕਿ ਉਨ੍ਹਾਂ ਇਹ ਥਾਂ ਖਰੀਦੀ ਹੋਵੇ। ਇੰਨਾ ਹੀ ਨਹੀਂ ਨਗਰ ਕੌਂਸਲ ਦਫਤਰ ਦੇ ਨੱਕ ਹੇਠਾਂ ਹੀ ਕਬਜ਼ੇ ਸ਼ੁਰੂ ਹੁੰਦੇ ਵੇਖੇ ਜਾ ਸਕਦੇ ਹਨ, ਜਿਸ ਨੂੰ ਰੋਕਣ ਵਿਚ ਸਬੰਧਿਤ ਵਿਭਾਗ ਅਸਫਲ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ। 


Related News