ਪੈਟਰੋਲ ਪੰਪ ਲੁੱਟਣ ਵਾਲੇ ਲੁਟੇਰਾ ਗੈਂਗ ਦਾ ਪਰਦਾਫਾਸ਼

11/11/2017 7:34:56 AM

ਕਪੂਰਥਲਾ, (ਭੂਸ਼ਣ)- ਕਪੂਰਥਲਾ ਪੁਲਸ ਨੇ ਸੂਬੇ ਦੇ ਵੱਖ-ਵੱਖ ਜ਼ਿਲਿਆਂ 'ਚ ਪਿਸਤੌਲ ਦੀ ਨੋਕ 'ਤੇ ਪੈਟਰੋਲ ਪੰਪ ਲੁੱਟਣ ਸਮੇਤ ਵੱਖ-ਵੱਖ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਲੁਟੇਰਾ ਗੈਂਗ ਦਾ ਪਰਦਾਫਾਸ਼ ਕਰਦੇ ਹੋਏ 4 ਮੁਲਜ਼ਮਾਂ ਨੂੰ ਕਾਬੂ ਕਰਕੇ ਇਕ ਜਾਅਲੀ ਨੰਬਰ ਪਲੇਟ ਲੱਗੀ ਸਵਿਫਟ ਕਾਰ ਇਕ ਖਿਡੌਣਾ ਪਿਸਤੌਲ, 2 ਮੋਬਾਇਲ ਫੋਨ, ਤੇਜ਼ਧਾਰ ਹਥਿਆਰ ਤੇ ਸੋਨੇ ਦੀਆਂ ਬਾਲੀਆਂ ਬਰਾਮਦ ਕੀਤੀਆਂ ਹਨ। 
ਇਸ ਸਬੰਧੀ ਜ਼ਿਲਾ ਪੁਲਸ ਲਾਈਨ 'ਚ ਬੁਲਾਏ ਪੱਤਰਕਾਰ ਸੰੰਮੇਲਨ ਨੂੰ ਸੰਬੋਧਨ ਕਰਦੇ ਹੋਏ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨੇ ਦੱਸਿਆ ਕਿ ਏ. ਐੱਸ. ਪੀ. ਭੁਲੱਥ ਗੌਰਵ ਤੂਰਾ ਦੀ ਨਿਗਰਾਨੀ 'ਚ ਥਾਣਾ ਢਿੱਲਵਾਂ ਦੇ ਐੱਸ. ਐੱਚ. ਓ. ਜਰਨੈਲ ਸਿੰਘ ਨੇ ਰਾਸ਼ਟਰੀ ਰਾਜ ਮਾਰਗ ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਪੁਲਸ ਟੀਮ ਨੂੰ ਸੂਚਨਾ ਮਿਲੀ ਕਿ ਕਪੂਰਥਲਾ ਸਮੇਤ ਜਲੰਧਰ, ਗੁਰਦਾਸਪੁਰ, ਬਟਾਲਾ ਅਤੇ ਅੰਮ੍ਰਿਤਸਰ 'ਚ ਲੁੱਟਮਾਰ ਦੀਆਂ ਕਈ ਵਾਰਦਾਤਾਂ ਕਰਨ ਵਾਲੇ ਇਕ ਖਤਰਨਾਕ ਲੁਟੇਰਾ ਗੈਂਗ ਦੇ ਮੈਂਬਰ ਸਵਿਫਟ ਕਾਰ ਜਿਸ 'ਤੇ ਜਾਅਲੀ ਨੰਬਰ ਪਲੇਟ ਲੱਗੀ ਹੋਈ ਹੈ, 'ਚ ਸਵਾਰ ਹੋ ਕੇ ਰਾਸ਼ਟਰੀ ਰਾਜ ਮਾਰਗ 'ਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਹਨ ਅਤੇ ਮੁਲਜ਼ਮਾਂ ਦੇ ਕੋਲ ਭਾਰੀ ਮਾਤਰਾ 'ਚ ਤੇਜ਼ਧਾਰ ਹਥਿਆਰ ਹਨ।
ਥਾਣਾ ਢਿੱਲਵਾਂ ਦੇ ਐੱਸ. ਐੱਚ. ਓ. ਜਰਨੈਲ ਸਿੰਘ ਨੇ ਨਾਕਾਬੰਦੀ ਕਰਕੇ ਸਵਿਫਟ ਕਾਰ ਨੂੰ ਕਾਬੂ ਕਰਕੇ ਉਸ 'ਚ ਸਵਾਰ ਕਮਲਜੀਤ ਸਿੰਘ ਉਰਫ ਮਿੰਟੂ ਪੁੱਤਰ ਦਿਲਬਾਗ ਸਿੰਘ ਨਿਵਾਸੀ ਪਿੰਡ ਵਰਪਾਲ ਥਾਣਾ ਚਾਟੀਵਿੰਡ ਜ਼ਿਲਾ ਅੰਮ੍ਰਿਤਸਰ, ਆਹਨਪ੍ਰੀਤ ਸਿੰਘ ਉਰਫ ਭੋਲੂ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਮੁੱਛਲ ਅਤੇ ਤਰਸਿੱਕਾ ਜ਼ਿਲਾ ਅੰਮ੍ਰਿਤਸਰ, ਨਿਸ਼ਾਨ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਮੁੱਛਲ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਮੁੱਛਲ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂ ਕਿ ਬੱਬੂ ਵਾਸੀ ਲੁਧਿਆਣਾ ਤੇ ਮਿੰਟੂ ਵਾਸੀ ਲੁਧਿਆਣਾ ਮੌਕੇ ਤੋਂ ਫਰਾਰ ਹੋ ਗਏ। 
ਪੁੱਛਗਿਛ ਦੇ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਸਾਰੇ ਹੈਰੋਇਨ ਪੀਣ ਦੇ ਆਦੀ ਹਨ ਅਤੇ ਹੈਰੋਇਨ ਦਾ ਨਸ਼ਾ ਕਰਨ ਲਈ ਵੱਖ-ਵੱਖ ਪੈਟਰੋਲ ਪੰਪਾਂ 'ਚ ਜਾ ਕੇ ਪਿਸਤੌਲ ਦੀ ਨੋਕ 'ਤੇ ਲੁੱਟਮਾਰ ਦੀਆਂ ਵਾਰਦਾਤਾਂ ਕਰਦੇ ਹਨ, ਜਿਸਦੇ ਦੌਰਾਨ ਉਹ ਪੈਟਰੋਲ ਪੰਪ ਦੇ ਕਰਮਚਾਰੀਆਂ ਨੂੰ ਲੁੱਟ ਲੈਂਦੇ ਹਨ। ਗ੍ਰਿਫਤਾਰ ਮੁਲਜ਼ਮ ਆਹਨਪ੍ਰੀਤ ਸਿੰਘ ਭੋਲੂ ਦੇ ਖਿਲਾਫ ਜ਼ਿਲਾ ਅੰਮ੍ਰਿਤਸਰ 'ਚ ਚੋਰੀ ਦੇ 3 ਅਤੇ ਐੱਨ. ਡੀ. ਪੀ. ਐੱਸ. ਦਾ ਇਕ ਮਾਮਲਾ ਦਰਜ ਹੈ ਅਤੇ ਉਹ ਜ਼ਮਾਨਤ 'ਤੇ ਆਇਆ ਹੋਇਆ ਹੈ, ਉਥੇ ਹੀ ਨਿਸ਼ਾਨ ਸਿੰਘ ਪੁਤਰ ਬਲਵਿੰਦਰ ਸਿੰਘ ਦੇ ਖਿਲਾਫ ਅਬੋਹਰ 'ਚ ਸ਼ਰਾਬ ਦਾ ਮਾਮਲਾ ਦਰਜ ਹੈ, ਜਦੋਂ ਕਿ ਕਮਲਜੀਤ ਸਿੰਘ ਉਰਫ ਮਿੰਟੂ 10 ਸਾਲ ਇਟਲੀ 'ਚ ਬਿਤਾ ਕੇ ਵਾਪਸ ਆਇਆ ਹੈ ਅਤੇ ਟਰੱਕ ਡਰਾਇਵਰ ਦਾ ਕੰਮ ਕਰਦਾ ਹੈ।
ਗ੍ਰਿਫਤਾਰ ਮੁਲਜ਼ਮਾਂ ਦੇ ਖਿਲਾਫ ਥਾਣਾ ਢਿੱਲਵਾਂ 'ਚ 2 , ਅੰਮ੍ਰਿਤਸਰ 'ਚ 1, ਗੁਰਦਾਸਪੁਰ 'ਚ 2, ਆਦਮਪੁਰ 'ਚ 1, ਥਾਣਾ ਫਿਲੌਰ ਤੇ ਸ਼ਹੀਦ ਭਗਤ ਸਿੰਘ ਨਗਰ 'ਚ 2 ਮਾਮਲੇ ਦਰਜ ਹਨ ਤੇ ਮੁਲਜ਼ਮਾਂ ਨੇ ਲੁੱਟ ਦੀਆਂ ਵਾਰਦਾਤਾਂ ਦੇ ਦੌਰਾਨ ਲੁੱਟੀ ਗਈ ਸਾਰੀ ਰਕਮ ਤੋਂ ਹੈਰੋਇਨ ਪੀ ਲਈ ਸੀ। ਸਾਰੇ ਮੁਲਜ਼ਮਾਂ ਤੋਂ ਪੁੱਛਗਿਛ ਦੇ ਦੌਰਾਨ ਕਈ ਸਨਸਨੀਖੇਜ਼ ਖੁਲਾਸੇ ਹੋਣ ਦੀ ਸੰਭਾਵਨਾ ਹੈ ।