ਸ਼ਹਿਰ ''ਚ ਫੈਲਿਆ ਕੂੜੇ ਦਾ ਸਾਮਰਾਜ, ਬੀਮਾਰੀਆਂ ਫੈਲਣ ਦਾ ਖਦਸ਼ਾ

07/14/2017 6:03:01 AM

ਜਲੰਧਰ,  (ਚੋਪੜਾ)- ਸ਼ਹਿਰ ਭਰ 'ਚ ਕੂੜੇ ਦਾ ਸਾਮਰਾਜ ਦਿਖਾਈ ਦੇ ਰਿਹਾ ਹੈ। ਜਿਸ ਕਾਰਨ ਬੀਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਬਾਕੀ ਬਚੀ ਕਸਰ ਬਰਸਾਤ ਦਾ ਮੌਸਮ ਪੂਰੀ ਕਰ ਰਿਹਾ ਹੈ। ਸਥਾਨਕ ਕਪੂਰਥਲਾ ਰੋਡ, ਮਕਸੂਦਾਂ, ਇੰਡਸਟ੍ਰੀਅਲ ਏਰੀਆ, ਸੋਢਲ, ਰਾਮ ਨਗਰ ਸਮੇਤ ਕਈ ਇਲਾਕਿਆਂ 'ਚ ਜਗ੍ਹਾ-ਜਗ੍ਹਾ ਗੰਦਗੀ ਦੇ ਢੇਰ ਸ਼ਹਿਰ ਦੀ ਖੂਬਸੂਰਤੀ 'ਤੇ ਗ੍ਰਹਿਣ ਲਗਾ ਰਹੇ ਹਨ। ਬੀਤੇ ਕਲ ਪਏ ਮੀਂਹ ਦੇ ਬਾਅਦ ਸੜਕਾਂ ਕੰਢੇ ਕੂੜੇ ਦੇ ਅਸਥਾਈ ਡੰਪਾਂ ਦੀ ਸਥਿਤੀ ਹੋਰ ਵੀ ਜ਼ਿਆਦਾ ਬਦਤਰ ਹੋ ਗਈ ਹੈ। ਮੀਂਹ ਦੇ ਪਾਣੀ ਦੇ ਜਮਾਵੜੇ ਕਾਰਨ ਉਕਤ ਡੰਪ ਚਿੱਕੜ ਤੇ ਗੰਦਗੀ ਨਾਲ ਭਰ ਗਏ ਹਨ। ਕੂੜੇ ਦੇ ਢੇਰਾਂ ਤੋਂ ਉਠ ਰਹੀ ਭਾਰੀ ਬਦਬੂ ਰਾਹਗੀਰਾਂ ਤੇ ਇਲਾਕਾ ਵਾਸੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਚੁੱਕੀ ਹੈ। ਕੁਝ ਸਥਾਨਾਂ 'ਤੇ ਤਾਂ ਕਈ ਕਈ ਦਿਨਾਂ ਤੱਕ ਕੂੜਾ ਨਾ ਚੁੱਕੇ ਜਾਣ ਨਾਲ ਹਾਲਾਤ ਬਹੁਤ ਜਰਜਰ ਬਣ ਚੁੱਕੇ ਹਨ।
ਮਾਨਸੂਨ ਦਾ ਮੌਸਮ ਉਂਝ ਹੀ ਆਪਣੇ ਨਾਲ ਹੈਜ਼ਾ, ਡਾਇਰੀਆ, ਡੇਂਗੂ, ਮਲੇਰੀਆ, ਚਿਕਨਗੁਨੀਆ ਜਿਹੀਆਂ ਬੀਮਾਰੀਆਂ ਨੂੰ ਲੈ ਕੇ ਆਉਂਦਾ ਹੈ। ਉਥੇ ਕੂੜੇ 'ਤੇ ਆਵਾਰਾ ਜਾਨਵਰ ਤੇ ਭਿੰਨ-ਭਿਨਾਉਂਦੇ ਮੱਛਰ-ਮੱਖੀਆਂ ਦੀ ਭਰਮਾਰ ਦਿਖਾਈ ਦਿੰਦੀ ਹੈ। ਕਈ ਤਰ੍ਹਾਂ ਦੇ ਜੀਵਾਣੂਆਂ ਕਾਰਨ ਇਨਫੈਕਸ਼ਨ ਫੈਲਣ ਦਾ ਖਤਰਾ ਜ਼ਿਆਦਾ ਵਧ ਗਿਆ ਹੈ ਪਰ ਬੀਤੇ ਲੰਬੇ ਅਰਸੇ ਤੋਂ ਜਨਤਾ ਨੂੰ ਸਮਾਰਟ ਸਿਟੀ ਦਾ ਸੁਪਨਾ ਦਿਖਾਉਣ ਵਾਲੇ ਨਗਰ ਨਿਗਮ ਦੇ ਅਧਿਕਾਰੀ ਲੱਗਦਾ ਹੈ ਕਿ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ।