ਮਾਨਵਤਾ ਦੀ ਸੇਵਾ ਲਈ ਆਪਣਾ ਦਰਦ ਭੁੱਲਿਆ ਬਜ਼ੁਰਗ

11/23/2017 6:37:44 AM

ਲੁਧਿਆਣਾ, (ਖੁਰਾਣਾ)- ਸੂਫੀਆ ਚੌਕ ਨੇੜੇ ਫੈਕਟਰੀ ਕਾਂਡ 'ਚ ਆਪਣਾ ਖੁਦ ਦਾ ਦੋ ਮੰਜ਼ਿਲਾ ਮਕਾਨ ਰਾਖ ਦੇ ਢੇਰ 'ਚ ਬਦਲਦੇ ਦੇਖਣ ਤੋਂ ਬਾਅਦ ਵੀ 75 ਸਾਲਾ ਬਜ਼ੁਰਗ ਬਾਬਾ ਆਤਮਾ ਸਿੰਘ ਨੇ ਆਪਣਿਆਂ ਦੀ ਪ੍ਰਵਾਹ ਕੀਤੇ ਬਗੈਰ ਮਾਨਵਤਾ ਦੀ ਸੇਵਾ ਨੂੰ ਆਪਣਾ ਪਹਿਲਾ ਧਰਮ ਮੰਨਿਆ ਅਤੇ ਹਾਦਸੇ 'ਚ ਜ਼ਖ਼ਮੀ ਅਤੇ ਰਾਹਤ ਬਚਾਅ ਕਾਰਜਾਂ 'ਚ ਜੁਟੇ ਲੋਕਾਂ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਲਈ ਚਾਹ, ਪਾਣੀ, ਬਿਸਕੁੱਟ ਆਦਿ ਦੀ ਵਿਵਸਥਾ ਕਰ ਰਿਹਾ ਹੈ ਤਾਂ ਕਿ ਦੁੱਖ ਦੀ ਇਸ ਘੜੀ 'ਚ ਕੋਈ ਵੀ ਇਨਸਾਨ ਭੁੱਖਾ ਪਿਆਸਾ ਨਾ ਰਹੇ ਅਤੇ ਇਸ ਤਰ੍ਹਾਂ ਬਜ਼ੁਰਗ ਬਾਬੇ ਨੇ ਮਾਨਵਤਾ ਦੀ ਸੇਵਾ ਅੱਗੇ ਆਪਣੇ ਦਰਦ ਨੂੰ ਛੋਟਾ ਸਾਬਿਤ ਕਰ ਦਿੱਤਾ। ਜਥੇ. ਬਾਬਾ ਆਤਮਾ ਸਿੰਘ ਨੇ ਕਿਹਾ ਕਿ ਪਤਾ ਨਹੀਂ ਇਹ ਕਿਨ੍ਹਾਂ ਦੁਆਵਾਂ ਦਾ ਅਸਰ ਹੈ, ਜੋ ਮੈਂ ਅਤੇ ਮੇਰਾ ਪਰਿਵਾਰ ਘਰ ਦੇ ਨਾਲ ਹੋਏ ਇੰਨੇ ਵੱਡੇ ਹਾਸਦੇ ਦੇ ਬਾਅਦ ਵੀ ਸਹੀ ਸਲਾਮਤ ਆਪਣਿਆਂ ਦੇ ਵਿਚ ਬੈਠੇ ਹੋਏ ਹਾਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਮਕਾਨ ਦੀ ਕੰਧ ਹਾਦਸਾਗ੍ਰਸਤ ਫੈਕਟਰੀ ਦੇ ਨਾਲ ਹੈ ਅਤੇ ਜਦ ਫੈਕਟਰੀ 'ਚ ਲੱਗੀ ਅੱਗ ਦੀਆਂ ਲਪਟਾਂ ਅੰਗਾਰਿਆਂ 'ਚ ਬਦਲਣ ਲੱਗੀਆਂ ਤਾਂ ਮੈਂ ਗਲੀ 'ਚ ਪੈਂਦੇ 5-7 ਘਰਾਂ ਦੇ ਪਰਿਵਾਰਾਂ ਨੂੰ ਤੁਰੰਤ ਮਕਾਨਾਂ ਤੋਂ ਬਾਹਰ ਕੱਢਿਆ ਅਤੇ ਉਨ੍ਹਾਂ ਦੇ ਘਰਾਂ 'ਚ ਲੱਗੇ ਗੈਸ ਸਿਲੰਡਰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਏ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਜਿਉਂ ਹੀ ਉਹ ਅਤੇ ਉਸ ਦਾ ਪਰਿਵਾਰ ਘਰ ਨੂੰ ਛੱਡ ਕੇ ਗਲੀ 'ਚ ਪਹੁੰਚਿਆ ਤਾਂ ਜ਼ੋਰਦਾਰ ਧਮਾਕੇ ਦੇ ਨਾਲ ਹੀ ਫੈਕਟਰੀ ਅਤੇ ਉਨ੍ਹਾਂ ਦਾ ਮਕਾਨ ਮਲਬੇ ਦੇ ਢੇਰ 'ਚ ਤਬਦੀਲ ਹੋ ਗਿਆ।