ਦੇਰ ਨਾਲ ਘਰ ਆਉਣ ''ਤੇ ਬਜ਼ੁਰਗ ਮਾਂ ਨੇ ਝਿੜਕਿਆ ਤਾਂ ਪੁੱਤ ਨੇ ਉਸ ਨੂੰ ਉਤਾਰ ਦਿੱਤਾ ਮੌਤ ਦੇ ਘਾਟ

04/16/2018 8:05:56 AM

ਲੁਧਿਆਣਾ, (ਮਹੇਸ਼)- 70 ਸਾਲਾ ਕੰਚਨ ਦੇਵੀ ਦੀ ਮੌਤ ਦੇ ਮਾਮਲੇ 'ਚ ਸਨਸਨੀਖੇਜ਼ ਮੋੜ ਆ ਗਿਆ ਹੈ। ਇਸ ਮਾਮਲੇ 'ਚ ਮ੍ਰਿਤਕਾ ਦੇ 22 ਸਾਲਾ ਕਲਯੁਗੀ ਬੇਟੇ ਨੂੰ ਆਪਣੀ ਮਾਤਾ ਦੀ ਹੱਤਿਆ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। 
ਪੁਲਸ ਦਾ ਕਹਿਣਾ ਹੈ ਕਿ ਦੇਰੀ ਨਾਲ ਘਰ ਆਉਣ 'ਤੇ ਜਦ ਦੋਸ਼ੀ ਨੂੰ ਉਸ ਦੀ ਮਾਤਾ ਨੇ ਝਿੜਕਿਆ ਤਾਂ ਨਸ਼ੇ 'ਚ ਟੁੰਨ ਵਿਨੋਦ ਪ੍ਰਧਾਨ ਨੇ ਗੁੱਸੇ 'ਚ ਆ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਉਸ ਦੀ ਮੌਤ ਦੀ ਝੂਠੀ ਕਹਾਣੀ ਮੜ੍ਹ ਦਿੱਤੀ ਪਰ ਪੋਸਟਮਾਰਟਮ ਰਿਪੋਰਟ ਨੇ ਉਸ ਦੇ ਝੂਠ ਦੀ ਪੋਲ ਖੋਲ੍ਹ ਦਿੱਤੀ। ਹੁਣ ਜੋਧੇਵਾਲ ਪੁਲਸ ਨੇ ਮ੍ਰਿਤਕਾ ਦੇ ਜਵਾਈ ਮੁਕੇਸ਼ ਸਿੰਘ ਦੀ ਸ਼ਿਕਾਇਤ 'ਤੇ ਵਿਨੋਦ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਹੈ।  ਥਾਣਾ ਇੰਚਾਰਜ ਮੁਹੰਮਦ ਜਮੀਲ ਨੇ ਦੱਸਿਆ ਕਿ ਪ੍ਰੇਮ ਵਿਹਾਰ ਇਲਾਕੇ ਦੇ ਰਹਿਣ ਵਾਲੇ ਵਿਨੋਦ ਦੇ ਪਿਤਾ ਵਿਸ਼ਨੂੰ ਪ੍ਰਧਾਨ ਦਾ ਦਿਹਾਂਤ ਹੋ ਚੁੱਕਿਆ ਹੈ। ਉਸ ਦੀਆਂ ਤਿੰਨ ਭੈਣਾਂ ਵਿਆਹੀਆਂ ਹਨ। ਦੋਸ਼ੀ ਇਕ ਫੈਕਟਰੀ ਵਿਚ ਬਟਨ ਲਾਉਣ ਦਾ ਕੰਮ ਕਰਦਾ ਹੈ। ਉਸ ਦੀ ਬਜ਼ੁਰਗ ਮਾਤਾ ਬੀਮਾਰ ਰਹਿੰਦੀ ਸੀ, ਜੋ ਉਸ ਦੇ ਨਾਲ ਰਹਿੰਦੀ ਸੀ। 
ਸ਼ਨੀਵਾਰ ਨੂੰ ਉਸ ਨੇ ਤਹਿਰੀਰ ਦਰਜ ਕਰਵਾਈ ਕਿ ਬੀਮਾਰੀ ਕਾਰਨ ਉਸ ਦੀ ਮਾਤਾ ਦੀ ਮੌਤ ਹੋਈ ਹੈ ਪਰ ਪੁਲਸ ਨੂੰ ਦਾਲ 'ਚ ਕਾਲਾ ਲੱਗਿਆ। ਜਦ ਪੁਲਸ ਨੇ ਆਪਣੇ ਪੱਧਰ 'ਤੇ ਆਂਢ-ਗੁਆਂਢ ਤੋਂ ਜਾਣਕਾਰੀ ਲਈ ਤਾਂ ਅਹਿਮ ਗੱਲਾਂ ਸਾਹਮਣੇ ਆਈਆਂ ਕਿ ਦੋਸ਼ੀ ਅਕਸਰ ਆਪਣੀ ਮਾਂ ਨਾਲ ਰੋਟੀ ਅਤੇ ਕੱਪੜੇ ਧੋਣ ਨੂੰ ਲੈ ਕੇ ਝਗੜਾ ਕਰਦਾ ਸੀ, ਜਿਸ 'ਤੇ ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣਾ ਜ਼ਰੂਰੀ ਸਮਝਿਆ। ਰਿਪੋਰਟ ਆਉਣ 'ਤੇ ਪੁਲਸ ਦਾ ਸ਼ੱਕ ਯਕੀਨ 'ਚ ਬਦਲ ਲਿਆ। ਜਿਸ 'ਚ ਮੌਤ ਦਾ ਕਾਰਨ ਦਮ ਘੁੱਟਣਾ ਦੱਸਿਆ ਗਿਆ। ਜਿਸ 'ਤੇ ਪੁਲਸ ਨੇ ਦੋਸ਼ੀ ਨੂੰ ਹਿਰਾਸਤ ਵਿਚ ਲੈ ਕੇ ਜਦ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਸਾਰਾ ਸੱਚ ਬੋਲ ਦਿੱਤਾ, ਜਿਸ ਨੂੰ ਸੁਣ ਕੇ ਪੁਲਸ ਵਾਲੇ ਵੀ ਹੈਰਾਨ ਰਹਿ ਗਏ। ਸ਼ੁੱਕਰਵਾਰ ਨੂੰ ਦੋਸ਼ੀ ਲਗਭਗ 10.30 ਵਜੇ ਘਰ ਪਹੁੰਚਿਆ ਤਾਂ ਦੇਰ ਨਾਲ ਆਉਣ 'ਤੇ ਉਸ ਦੀ ਮਾਂ ਨੇ ਝਿੜਕਿਆ। ਤਦ ਉਹ ਸ਼ਰਾਬ ਦੇ ਨਸ਼ੇ ਵਿਚ ਟੁੰਨ ਸੀ, ਜਿਸ 'ਤੇ ਦੋਸ਼ੀ ਉਸ ਤੋਂ ਖਫਾ ਹੋ ਗਿਆ ਅਤੇ ਰੋਟੀ ਨੂੰ ਲੈ ਕੇ ਉਸ ਨਾਲ ਝਗੜਨ ਲੱਗਾ। ਜਦ ਮਾਤਾ ਨੇ ਫਿਰ ਝਿੜਕਿਆ ਤਾਂ ਦੋਸ਼ੀ ਨੇ ਮਾਤਾ ਦੇ ਪਾਈ ਸਾੜ੍ਹੀ ਨਾਲ ਮੂੰਹ ਘੁੱਟ ਦਿੱਤਾ, ਜਿਸ ਨਾਲ ਉਸ ਦਾ ਸਾਹ ਰੁਕ ਗਿਆ ਅਤੇ ਉਸ ਦੀ ਮੌਤ ਹੋ ਗਈ। ਪੁਲਸ ਦੇ ਕੋਲ ਤਹਿਰੀਰ ਦਿੱਤੀ ਕਿ ਉਸ ਦੀ ਮਾਤਾ ਦੀ ਮੌਤ ਬੀਮਾਰੀ ਦੀ ਵਜ੍ਹਾ ਨਾਲ ਹੋਈ ਪਰ ਉਹ ਪੁਲਸ ਦੀ ਬਾਜ਼ ਅੱਖ ਤੋਂ ਬਚ ਨਹੀਂ ਸਕਿਆ।