ਕੁੱਤਿਆਂ ਦੀ ਰਜਿਸਟ੍ਰੇਸ਼ਨ ਦੀ ਮੁਹਿੰਮ ਠੁੱਸ

07/20/2017 4:42:05 AM

ਅੰਮ੍ਰਿਤਸਰ,   (ਵੜੈਚ)-  ਨਗਰ ਨਿਗਮ ਵੱਲੋਂ ਘਰੇਲੂ ਕੁੱਤਿਆਂ ਲਈ ਰਜਿਸਟ੍ਰੇਸ਼ਨ ਕਰਨ ਦੀ ਮੁਹਿੰਮ ਠੁੱਸ ਹੋ ਰਹੀ ਹੈ। 7 ਜੁਲਾਈ ਨੂੰ ਮੇਅਰ ਬਖਸ਼ੀ ਰਾਮ ਅਰੋੜਾ ਤੇ ਕਮਿਸ਼ਨਰ ਲਵਲੀਨ ਸਿੰਘ ਵੱਲੋਂ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ। ਮਹਾਨਗਰ ਦੇ 19 ਹਜ਼ਾਰ 508 ਘਰੇਲੂ ਕੁੱਤਿਆਂ 'ਚੋਂ ਸਿਰਫ 29 ਲੋਕਾਂ ਨੇ ਹੀ ਕੁੱਤਿਆਂ ਦੀ ਰਜਿਸਟ੍ਰੇਸ਼ਨ ਕਰਵਾਈ, ਜਦਕਿ ਬਾਕੀ ਲੋਕਾਂ ਨੇ ਨਿਗਮ ਅਧਿਕਾਰੀਆਂ ਦੇ ਆਦੇਸ਼ਾਂ ਨੂੰ ਟਿਚ ਸਮਝਿਆ ਹੈ। ਮਹਾਨਗਰ ਦੇ ਕੁਲ ਘਰੇਲੂ ਕੁੱਤਿਆਂ 'ਚੋਂ ਨਿਗਮ ਦੀ ਹੱਦ ਅਧੀਨ 9 ਹਜ਼ਾਰ 698 ਘਰੇਲੂ ਕੁੱਤੇ ਆਉਂਦੇ ਹਨ।
ਕੁੱਤਿਆਂ ਦੀ ਰਜਿਸਟ੍ਰੇਸ਼ਨ ਲਈ ਪਸ਼ੂਆਂ ਦੇ ਹਸਪਤਾਲ ਹਾਥੀ ਗੇਟ ਵਿਖੇ 3 ਮੈਂਬਰੀ ਕਮੇਟੀ ਬਣਾਈ ਗਈ ਸੀ, ਜਿਸ ਵਿਚ ਪਸ਼ੂਆਂ ਦੇ ਹਸਪਤਾਲ ਦੇ ਡਾ. ਕੁਲਜੀਤ ਸਿੰਘ, ਨਿਗਮ ਦੇ ਚੀਫ ਸੈਨੇਟਰੀ ਇੰਸਪੈਕਟਰ ਜਗਦੀਪ ਸਿੰਘ ਅਤੇ ਕਲਰਕ ਸੋਨੀਆ ਸਨ ਪਰ ਇਥੇ ਚੀਫ ਸੈਨੇਟਰੀ ਇੰਸਪੈਕਟਰ ਜਗਦੀਪ ਸਿੰਘ ਦੀ ਹਾਜ਼ਰੀ ਨਾ ਬਰਾਬਰ ਹੈ। ਸਿਰਫ ਕਲਰਕ ਸੋਨੀਆ ਹੀ ਨਜ਼ਰ ਆਉਂਦੀ ਹੈ। ਨਿਗਮ ਦੇ ਹੈਲਥ ਅਧਿਕਾਰੀ ਡਾ. ਰਾਜੂ ਚੌਹਾਨ ਦੀ ਮੰਨੀਏ ਤਾਂ ਕੁੱਤਿਆਂ ਦੀ ਰਜਿਸਟ੍ਰੇਸ਼ਨ ਲਈ ਨਿਗਮ ਦੇ ਚੀਫ ਸੈਨੇਟਰੀ ਇੰਸਪੈਕਟਰ ਅਤੇ ਸੈਨੇਟਰੀ ਇੰਸਪੈਕਟਰ ਵੱਲੋਂ ਲੋਕਾਂ ਦੇ ਘਰ-ਘਰ ਜਾ ਕੇ ਜਾਗਰੂਕ ਕਰਨ ਦੀ ਡਿਊਟੀ ਲਾਈ ਗਈ ਸੀ ਪਰ ਹਕੀਕਤ ਵਿਚ ਵੇਖਿਆ ਜਾਵੇ ਤਾਂ ਲੋਕਾਂ 'ਚ ਜਾਗਰੂਕਤਾ ਲਗਭਗ ਨਾ ਦੇ ਬਰਾਬਰ ਹੈ।
ਮੇਅਰ ਅਤੇ ਕਮਿਸ਼ਨਰ ਦੇ ਆਦੇਸ਼ਾਂ ਮੁਤਾਬਕ ਕੁੱਤਿਆਂ ਦੀ ਰਜਿਸਟ੍ਰੇਸ਼ਨ ਪ੍ਰਤੀ ਕੁੱਤੇ ਦੇ ਆਉਣ ਵਾਲੇ 500 ਰੁਪਏ ਦੇ ਹਿਸਾਬ ਨਾਲ ਇਕੱਠੇ ਹੋਣ ਵਾਲੇ ਪੈਸੇ ਆਵਾਰਾ ਕੁੱਤਿਆਂ ਦੇ ਸਟਰਲਾਈਜ਼ੇਸ਼ਨ (ਆਪ੍ਰੇਸ਼ਨ) ਦੌਰਾਨ ਖਰਚ ਕੀਤੇ ਜਾਣੇ ਹਨ, ਜੇਕਰ ਰਜਿਸਟ੍ਰੇਸ਼ਨ ਦੀ ਰਫਤਾਰ ਇਸ ਤਰ੍ਹਾਂ ਹੀ ਚੱਲਦੀ ਰਹੀ ਤਾਂ ਆਵਾਰਾ ਕੁੱਤਿਆਂ ਦੀ ਗਿਣਤੀ 'ਤੇ ਕਾਬੂ ਪਾਉਣਾ ਮੁਸ਼ਕਿਲ ਹੋ ਜਾਵੇਗਾ। ਲੋਕਾਂ ਵਿਚ ਕੁੱਤਿਆਂ ਦਾ ਖੌਫ ਹਮੇਸ਼ਾ ਲਈ ਬਰਕਰਾਰ ਰਹੇਗਾ। 
ਮੰਤਰੀ ਦੇ 3 ਕੁੱਤਿਆਂ ਦੀ ਹੋਈ ਰਜਿਸਟ੍ਰੇਸ਼ਨ
ਪਹਿਲੇ 13 ਦਿਨਾਂ 'ਚ ਪੂਰੇ ਸ਼ਹਿਰ 'ਚੋਂ ਸਿਰਫ 29 ਕੁੱਤਿਆਂ ਨੂੰ ਰਜਿਸਟਰਡ ਕਰ ਕੇ ਸਰਟੀਫਿਕੇਟ ਸਮੇਤ ਟੋਕਨ ਦਿੱਤੇ ਗਏ। 29 ਕੁੱਤਿਆਂ 'ਚੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਘਰੇਲੂ 3 ਕੁੱਤਿਆਂ ਦੀ ਸਭ ਤੋਂ ਪਹਿਲਾਂ ਰਜਿਸਟ੍ਰੇਸ਼ਨ ਰਿਕਾਰਡ ਵਿਚ ਦਰਜ ਹੈ। ਰਜਿਸਟ੍ਰੇਸ਼ਨ ਕੀਤੇ ਕੁੱਤਿਆਂ 'ਚੋਂ ਕੁਝ ਲੋਕਾਂ ਨੇ 3 ਆਵਾਰਾ ਗਲੀ ਦੇ ਕੁੱਤਿਆਂ ਦੀ ਰਜਿਸਟ੍ਰੇਸ਼ਨ ਕਰਵਾਈ ਹੈ। 
ਆਵਾਰਾ ਕੁੱਤਿਆਂ ਦੀ ਕਿਵੇਂ ਰੁਕੇਗੀ ਵੱਧਦੀ ਰਫਤਾਰ?  : ਮਹਾਨਗਰ 'ਚ ਆਵਾਰਾ ਕੁੱਤਿਆਂ ਦੀ ਗਿਣਤੀ ਵੱਧ ਕੇ 22 ਹਜ਼ਾਰ 108 ਤੱਕ ਪਹੁੰਚ ਗਈ ਹੈ। ਨਿਗਮ ਹਾਊਸ ਦੀਆਂ ਬੈਠਕਾਂ ਤੋਂ ਇਲਾਵਾ ਕੌਂਸਲਰ ਅੱਗੇ-ਪਿੱਛੋਂ ਵੀ ਸਾਰੇ ਵਾਰਡਾਂ ਦੇ ਕੌਂਸਲਰ ਆਵਾਰਾ ਕੁੱਤਿਆਂ ਦੀਆਂ ਮੁਸ਼ਕਿਲਾਂ, ਜਨਤਾ ਵਿਚ ਡਰ ਨੂੰ ਖਤਮ ਕਰਨ ਲਈ ਆਵਾਜ਼ ਬੁਲੰਦ ਕਰਦੇ ਨਜ਼ਰ ਆਏ ਹਨ। ਕੁੱਤਿਆਂ ਦੀ ਵੱਧਦੀ ਗਿਣਤੀ ਦੀ ਰੋਕਥਾਮ ਲਈ ਕੁੱਤਿਆਂ ਦੀ ਨਸਬੰਦੀ, ਨਲਬੰਦੀ ਲਈ 2 ਵਾਰ ਸ਼ੁਰੂ ਕੀਤੇ ਗਏ ਕੈਂਪ ਨਾਕਾਮਯਾਬ ਰਹੇ। ਲੋਕਾਂ ਦੀ ਇਤਲਾਹ ਤੋਂ ਬਾਅਦ ਕੇਂਦਰੀ ਮੰਤਰੀ ਮੇਨਕਾ ਗਾਂਧੀ ਦੇ ਡੀ. ਸੀ. ਨੂੰ ਆਦੇਸ਼ਾਂ ਤੋਂ ਬਾਅਦ ਕੈਂਪ ਬੰਦ ਕਰਵਾ ਦਿੱਤੇ ਗਏ ਸਨ। ਪੰਜਾਬ ਸਰਕਾਰ ਵੀ ਕੁੱਤਿਆਂ ਦੀ ਰੋਕਥਾਮ, ਕੁੱਤਿਆਂ ਵੱਲੋਂ ਕੀਤੇ ਹਮਲੇ ਅਤੇ ਮਾਸੂਮ ਬੱਚਿਆਂ ਦੀ ਮੌਤ ਤੋਂ ਬਾਅਦ ਵੀ ਗੰਭੀਰ ਨਜ਼ਰ ਨਹੀਂ ਆਈ ਹੈ। 
ਕਿਵੇਂ ਕਰੀਏ ਰਜਿਸਟ੍ਰੇਸ਼ਨ? : ਘਰੇਲੂ ਕੁੱਤਿਆਂ ਦੀ ਰਜਿਸਟ੍ਰੇਸ਼ਨ ਲਈ 2 ਫੋਟੋਆਂ ਸਮੇਤ ਕੁੱਤੇ ਨੂੰ ਨਾਲ ਲੈ ਕੇ ਪਸ਼ੂਆਂ ਦੇ ਹਸਪਤਾਲ ਹਾਥੀ ਗੇਟ ਵਿਖੇ ਲਿਜਾਣਾ ਪਵੇਗਾ, ਜਿਥੇ ਇਕ ਸਾਲ ਲਈ 500 ਰੁਪਏ ਜਮ੍ਹਾ ਕਰਵਾ ਕੇ ਰਸੀਦ ਪ੍ਰਾਪਤ ਕੀਤੀ ਜਾਵੇਗੀ। ਇਸ ਉਪਰੰਤ ਕੁੱਤੇ ਦੇ ਮਾਲਕ ਨੂੰ ਇਕ ਸਰਟੀਫਿਕੇਟ ਅਤੇ ਟੋਕਨ ਮਿਲੇਗਾ, ਕੁੱਤੇ ਨੂੰ ਐਂਟੀ-ਰੈਬੀਜ਼ ਸਮੇਤ ਹੋਰ ਟੀਕਿਆਂ ਜਾਂ ਟ੍ਰੀਟਮੈਂਟ ਦਾ ਖਰਚ ਵੱਖਰਾ ਹੋਵੇਗਾ। 
ਡਰ ਦੇ ਮਾਹੌਲ 'ਚ ਸ਼ਹਿਰਵਾਸੀ : ਸ਼ਹਿਰ ਦੇ ਸਾਰੇ 65 ਵਾਰਡਾਂ ਦੇ ਲੋਕ ਆਵਾਰਾ ਕੁੱਤਿਆਂ ਤੋਂ ਖੌਫਜ਼ਦਾ ਹਨ। ਮਾਸੂਮ ਬੱਚਿਆਂ ਨੂੰ ਮੌਤ ਦਾ ਸ਼ਿਕਾਰ ਬਣਾਉਣ ਅਤੇ ਵੱਡਿਆਂ 'ਤੇ ਹਮਲੇ ਕਰ ਕੇ ਬੁਰੀ ਤਰ੍ਹਾਂ ਜ਼ਖਮੀ ਕਰਨ ਦੀਆਂ ਘਟਨਾਵਾਂ ਨਾਲ ਜਨਤਾ ਦੇ ਦਿਲਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਪੂਰੇ ਸ਼ਹਿਰ ਵਿਚ 22 ਹਜ਼ਾਰ ਆਵਾਰਾ ਕੁੱਤੇ ਹਰਲ-ਹਰਲ ਕਰਦੇ ਫਿਰ ਰਹੇ ਹਨ। ਕਈ ਇਲਾਕਿਆਂ ਵਿਚ ਲੋਕਾਂ ਦਾ ਘਰਾਂ 'ਚੋਂ ਨਿਕਲਣਾ ਵੀ ਔਖਾ ਹੋ ਰਿਹਾ ਹੈ। ਜਨਤਾ ਦੀ ਮੰਨੀਏ ਤਾਂ ਕੁੱਤਿਆਂ ਨੂੰ ਮਾਰਿਆ ਤਾਂ ਨਹੀਂ ਜਾ ਸਕਦਾ ਪਰ ਘੱਟੋ-ਘੱਟ ਵੱਧਦੀ ਗਿਣਤੀ ਦੀ ਰੋਕਥਾਮ ਲਈ ਆਪ੍ਰੇਸ਼ਨ ਕਰਨਾ ਜ਼ਰੂਰੀ ਹੈ। 
3 ਹਫਤਿਆਂ ਬਾਅਦ ਹੋਵੇਗੀ ਸਖਤੀ : ਡਾ. ਚੌਹਾਨ : ਨਿਗਮ ਦੇ ਸਿਹਤ ਅਧਿਕਾਰੀ ਡਾ. ਰਾਜੂ ਚੌਹਾਨ ਨੇ ਕਿਹਾ ਕਿ ਕੁੱਤਿਆਂ ਦੀ ਰਜਿਸਟ੍ਰੇਸ਼ਨ ਲਈ 21 ਦਿਨ ਦਾ ਸਮਾਂ ਦਿੱਤਾ ਗਿਆ ਸੀ, ਇਸ ਤੋਂ ਬਾਅਦ ਰਜਿਸਟ੍ਰੇਸ਼ਨ ਨਾ ਕਰਵਾਉਣ ਦੀ ਸੂਰਤ 'ਚ ਚਲਾਨ ਕੱਟੇ ਜਾਣਗੇ। ਚੀਫ ਸੈਨੇਟਰੀ ਇੰਸਪੈਕਟਰ ਅਤੇ ਸੈਨੇਟਰੀ ਇੰਸਪੈਕਟਰ ਵੱਲੋਂ ਆਪਣੇ ਇਲਾਕਿਆਂ ਵਿਚ ਕੁੱਤਿਆਂ ਦੀ ਰਜਿਸਟ੍ਰੇਸ਼ਨ ਨਾ ਕਰਵਾਉਣ ਅਤੇ ਜਾਗਰੂਕ ਕਰਨ ਦਾ ਰਿਕਾਰਡ ਲਿਆ ਜਾਵੇਗਾ ਤੇ ਬੈਠਕਾਂ ਦਾ ਸਿਲਸਿਲਾ ਵੀ ਸ਼ੁਰੂ ਕੀਤਾ ਜਾਵੇਗਾ।