ਜ਼ਿਲਾ ਟਾਸਕ ਫੋਰਸ ਟੀਮ ਨੇ ਕਈ ਥਾਵਾਂ ''ਤੇ ਮਾਰਿਆ ਛਾਪਾ

11/18/2017 7:46:42 AM

ਲੁਧਿਆਣਾ, (ਖੁਰਾਣਾ)- ਬਾਲ ਮਜ਼ਦੂਰੀ ਦੇ ਖਾਤਮੇ ਲਈ ਛੇੜੀ ਗਈ ਹਫਤਾਵਾਰੀ ਮੁਹਿੰਮ ਦੇ ਚੌਥੇ ਦਿਨ ਜ਼ਿਲਾ ਟਾਸਕ ਫੋਰਸ ਟੀਮ ਅਤੇ ਐਂਟੀ ਟ੍ਰੈਫਕਿੰਗ ਪੁਲਸ ਫੋਰਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਛਾਪੇਮਾਰੀ ਲਈ ਅੱਜ ਤਿੰਨ ਵੱਖ-ਵੱਖ ਟੀਮਾਂ ਦੇ ਅਧਿਕਾਰੀਆਂ ਨੇ ਇਕ ਦੇ ਬਾਅਦ ਇਕ ਕਾਰਵਾਈ ਕਰਦਿਆਂ ਕੁੱਲ 23 ਬਾਲ ਮਜ਼ਦੂਰਾਂ ਨੂੰ ਮੁਕਤ ਕਰਵਾਇਆ। 
ਦੱਸਿਆ ਜਾ ਰਿਹਾ ਹੈ ਕਿ ਉਕਤ 23 ਬਾਲ ਮਜ਼ਦੂਰਾਂ 'ਚੋਂ 22 ਨਗਰ ਦੇ ਇਕ ਪ੍ਰਸਿੱਧ ਉਦਯੋਗਿਕ ਘਰਾਣੇ 'ਚ ਹੀ ਮਜ਼ਦੂਰੀ ਦਾ ਸੰਤਾਪ ਝੱਲ ਰਹੇ ਸਨ। ਟੀਮ 'ਚ ਸ਼ਾਮਲ ਅਧਿਕਾਰੀਆਂ ਨੇ ਬੱਚਿਆਂ ਦੀ ਰਿਹਾਈ ਕਰਵਾਉਣ ਤੋਂ ਬਾਅਦ ਤੁਰੰਤ ਪੁਲਸ ਨੂੰ ਕਥਿਤ ਦੋਸ਼ੀ ਫੈਕਟਰੀ ਪ੍ਰਬੰਧਕ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਲਿਖਤੀ ਸਿਫਾਰਿਸ਼ ਕਰ ਦਿੱਤੀ ਹੈ। ਛਾਪੇਮਾਰੀ ਦੀ ਉਕਤ ਕਾਰਵਾਈ ਦੌਰਾਨ ਵੱਡੀ ਗਿਣਤੀ 'ਚ ਪੁਲਸ ਜਵਾਨ, 8 ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਅਤੇ 'ਬਚਪਨ ਬਚਾਓ ਅੰਦੋਲਨ' ਸੰਸਥਾ ਦੀ ਟੀਮ ਮੁੱਖ ਰੂਪ ਸ਼ਾਮਲ ਰਹੀ। 
ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ. ਮੈਡਮ ਪੂਨਮਪ੍ਰੀਤ ਕੌਰ ਦੀ ਅਗਵਾਈ ਵਿਚ ਟੀਮ ਨੂੰ ਲੀਡ ਕਰ ਰਹੇ ਵਿਭਾਗ ਦੇ ਅਸਿਸਟੈਂਟ ਡਿਪਟੀ ਡਾਇਰੈਕਟਰ ਆਫ ਫੈਕਟਰੀ ਵਿੰਗ ਸੁਖਵਿੰਦਰ ਸਿੰਘ ਭੱਟੀ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵਲੋਂ ਰਾਹੋਂ ਰੋਡ 'ਤੇ ਸਥਿਤ ਏ. ਟੂ. ਜ਼ੈੱਡ ਗਾਰਮੈਂਟਸ ਨਾਮਕ ਫੈਕਟਰੀ 'ਚ ਜਾਂਚ ਦੇ ਦੌਰਾਨ ਪਾਇਆ ਗਿਆ ਕਿ ਇਥੇ 22 ਮਾਸੂਮਾਂ ਤੋਂ ਮਜ਼ਦੂਰੀ ਕਰਵਾਈ ਜਾ ਰਹੀ ਸੀ। ਜਿਨ੍ਹਾਂ ਨੂੰ ਤੁਰੰਤ ਪ੍ਰਭਾਵ ਤੋਂ ਆਜ਼ਾਦ ਕਰਵਾਉਦੇ ਹੋਏ ਇਸ ਦੀ ਜਾਣਕਾਰੀ ਸਬੰਧਤ ਪੁਲਸ ਸਟੇਸ਼ਨ ਨੂੰ ਦਿੱਤੀ ਗਈ ਹੈ ਤਾਂ ਕਿ ਮਾਮਲੇ ਦੇ ਕਥਿਤ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਅਤੇ ਪ੍ਰਸ਼ਾਸਨਿਕ ਕਾਰਵਾਈ ਅਮਲ 'ਚ ਲਿਆਂਦੀ ਜਾ ਸਕੇ।
ਉਥੇ ਮੁੱਲਾਂਪੁਰ 'ਚ ਕਾਰਵਾਈ ਲਈ ਰਵਾਨਾ ਹੋਈ ਟੀਮ ਦੇ ਹੱਥ ਇਕ ਅਤੇ ਮਾਛੀਵਾੜਾ ਗਈ ਟੀਮ ਨੂੰ ਕੋਈ ਬਾਲ ਮਜ਼ਦੂਰ ਨਹੀਂ ਮਿਲ ਸਕਿਆ। ਉਨ੍ਹਾਂ ਦੱਸਿਆ ਕਿ ਕਾਰਵਾਈ ਦੌਰਾਨ ਆਜ਼ਾਦ ਕਰਵਾਏ ਗਏ ਸਾਰੇ 23 ਮਾਸੂਮਾਂ ਦੀ ਸਿਵਲ ਹਸਪਤਾਲ 'ਚ ਮੈਡੀਕਲ ਜਾਂਚ ਤੋਂ ਬਾਅਦ ਬੱਚਿਆਂ ਨੂੰ ਸੀ. ਡਬਲਿਊ (ਚਾਈਲਡ ਵੈੱਲਫੇਅਰ ਕਮੇਟੀ) ਦੇ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ਨਿਯਮਾਂ ਅਨੁਸਾਰ ਬਾਲ ਗ੍ਰਹਿ ਜਾਂ ਫਿਰ ਬੱਚਿਆਂ ਦੇ ਰਿਸ਼ਤੇਦਾਰਾਂ ਦੇ ਹਵਾਲੇ ਕੀਤਾ ਜਾਵੇਗਾ। 

ਹਰੇਕ ਬਾਲ ਮਜ਼ਦੂਰ ਪਿੱਛੇ 20 ਤੋਂ 50 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ
ਅਧਿਕਾਰੀਆਂ ਨੇ ਦੱਸਿਆ ਕਿ ਗਾਈਡਲਾਈਨ ਮੁਤਾਬਕ ਛਾਪੇਮਾਰੀ ਦੇ ਦੌਰਾਨ ਬਾਲ ਮਜ਼ਦੂਰੀ ਦੀ ਕੈਦ ਤੋਂ ਛੁਡਾਏ ਗਏ ਹਰੇਕ ਬੱਚੇ ਦੇ ਹਿਸਾਬ ਨਾਲ 20 ਤੋਂ 50 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਵਸੂਲਿਆ ਜਾਵੇਗਾ। ਉਥੇ ਪੁਲਸੀਆ ਕਾਰਵਾਈ ਦੇ ਨਾਲ ਮਾਮਲਾ ਕੋਰਟ 'ਚ ਪੇਸ਼ ਹੋਵੇਗਾ, ਜਿਸ 'ਚ ਦੋਸ਼ੀ ਪਾਏ ਜਾਣ 'ਤੇ ਵਿਅਕਤੀ ਨੂੰ 1 ਸਾਲ ਤੋਂ ਲੈ ਕੇ 3 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਅਧਿਕਾਰੀਆਂ ਮੁਤਾਬਕ ਛੁਡਾਏ ਗਏ ਸਾਰੇ ਬੱਚਿਆਂ ਦੀ ਉਮਰ 15 ਤੋਂ 18 ਸਾਲ ਦੇ ਵਿਚਕਾਰ ਹੋ ਸਕਦੀ ਹੈ।