ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀਆਂ ਕੁਰਸੀਆਂ ਰਹੀਆਂ ਖਾਲੀ

10/07/2017 1:07:28 PM

ਫਗਵਾੜਾ(ਜਲੋਟਾ)— ਫਗਵਾੜਾ ਨਗਰ ਨਿਗਮ 'ਚ ਭਾਜਪਾ ਮੇਅਰ ਅਰੁਣ ਖੋਸਲਾ ਵੱਲੋਂ ਭਾਜਪਾ ਕੌਂਸਲਰਾਂ ਨੂੰ ਨਾਲ ਲੈ ਕੇ ਨਿਗਮ ਕਮਿਸ਼ਨਰ ਦੇ ਦਫਤਰ ਨੂੰ ਆਪਣਾ ਮੇਅਰ ਦਫਤਰ ਐਲਾਨ ਕਰਨ ਦੇ ਮਾਮਲੇ 'ਚ ਬੀਤੇ ਦਿਨ ਉਸ ਵੇਲੇ ਇਕ ਹੋਰ ਵੱਡੀ ਘਟਨਾ ਵਾਪਰੀ, ਜਦੋਂ ਉਕਤ ਮਾਮਲੇ ਨੂੰ ਲੈ ਕੇ ਨਿਗਮ ਕਮਿਸ਼ਨਰ ਬਖਤਾਵਰ ਸਿੰਘ ਨੇ ਚੰਡੀਗੜ੍ਹ ਵਿਚ ਪੰਜਾਬ ਸਰਕਾਰ ਦੇ ਵਧੀਕ ਮੁੱਖ ਸਕੱਤਰ ਸਤੀਸ਼ ਚੰਦਰਾ ਅਤੇ ਲੋਕਲ ਬਾਡੀਜ਼ ਡਾਇਰੈਕਟਰ ਨੂੰ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। 
ਚੰਡੀਗੜ੍ਹ ਤੋਂ ਪਰਤਣ ਬਾਅਦ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਨਿਗਮ ਕਮਿਸ਼ਨਰ ਬਖਤਾਵਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਵਧੀਕ ਮੁੱਖ ਸਕੱਤਰ ਸਤੀਸ਼ ਚੰਦਰਾ ਤੇ ਪੰਜਾਬ ਸਰਕਾਰ ਵਿਚ ਲੋਕਲ ਬਾਡੀਜ਼ ਦੇ ਡਾਇਰੈਕਟਰ ਨੂੰ ਸਾਰੀ ਹਕੀਕਤ ਤੋਂ ਜਾਣੂੰ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ 'ਚ ਜਿਸ ਦਫਤਰ ਨੂੰ ਆਪਣਾ ਦਫਤਰ ਐਲਾਨ ਕੇ ਭਾਜਪਾ ਮੇਅਰ ਅਰੁਣ ਖੋਸਲਾ ਨੇ ਉਸ 'ਤੇ ਕਬਜ਼ਾ ਕੀਤਾ ਹੈ। ਉਕਤ ਦਫਤਰ ਵਿਚ ਅਹਿਮ ਸਰਕਾਰੀ ਦਸਤਾਵੇਜ਼ ਅਤੇ ਨਿਗਮ ਦੀਆਂ ਫਾਈਲਾਂ ਮੌਜੂਦ ਹਨ। ਜੇਕਰ ਇਸ ਦੌਰਾਨ ਕੋਈ ਵੀ ਅਹਿਮ ਫਾਈਲ ਗੁਆਚ ਜਾਂ ਖੁਰਦ-ਬੁਰਦ ਹੋ ਜਾਂਦੀ ਹੈ, ਇਸ ਸੰਬੰਧੀ ਬਣਦੀ ਕਾਨੂੰਨੀ ਕਾਰਵਾਈ ਨੂੰ ਪੂਰੀ ਸਖਤੀ ਨਾਲ ਪੂਰਾ ਕੀਤਾ ਜਾਵੇਗਾ। 

ਉਨ੍ਹਾਂ ਕਿਹਾ ਕਿ ਹੁਣ ਉਕਤ ਸਾਰੇ ਮਾਮਲੇ ਦੀ ਜਾਂਚ ਪੰਜਾਬ ਸਰਕਾਰ ਦੇ ਵਧੀਕ ਮੁੱਖ ਸਕੱਤਰ ਸਤੀਸ਼ ਚੰਦਰਾ ਵਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਭਾਜਪਾ ਮੇਅਰ ਨਿਗਮ ਕਮਿਸ਼ਨਰ ਦੇ ਦਫਤਰ ਤੋਂ ਆਪਣਾ ਕਬਜ਼ਾ ਨਹੀਂ ਹਟਾਉਂਦੇ, ਤਦ ਤਕ ਉਹ ਨਿਗਮ ਵਿਚ ਬਤੌਰ ਕਮਿਸ਼ਨਰ ਆਪਣਾ ਕੰਮਕਾਜ ਸਹਾਇਕ ਨਿਗਮ ਕਮਿਸ਼ਨਰ ਦੇ ਦਫਤਰ ਵਿਚ ਬੈਠ ਕੇ ਪੂਰਾ ਕਰਨਗੇ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਸਿੰਘ ਵਾਲੀਆ ਅਤੇ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਣਾ ਦਿਨ ਭਰ ਨਿਗਮ ਕੰਪਲੈਕਸ 'ਚ ਭਾਜਪਾ ਮੇਅਰ ਅਰੁਣ ਖੋਸਲਾ ਦੇ ਅਧਿਕਾਰਿਤ ਦਫਤਰ ਦੇ ਬਿਲਕੁਲ ਨਾਲ ਸਥਿਤ ਆਪਣੇ ਸਰਕਾਰੀ ਦਫਤਰ ਨਹੀਂ ਪਹੁੰਚੇ। ਇਸ ਦੌਰਾਨ ਮੇਅਰ ਦਫਤਰ ਵਿਚ ਨਾ ਤਾਂ ਮੇਅਰ , ਨਾ ਸੀਨੀਅਰ ਡਿਪਟੀ ਮੇਅਰ ਅਤੇ ਨਾ ਹੀ ਡਿਪਟੀ ਮੇਅਰ ਆਪਣੀ ਕੁਰਸੀ 'ਤੇ ਬੈਠੇ ਨਜ਼ਰ ਆਏ। ਦੂਜੇ ਪਾਸੇ ਮੇਅਰ ਅਰੁਣ ਖੋਸਲਾ ਬਾਅਦ ਦੁਪਹਿਰ ਸਿੱਧਾ ਨਿਗਮ ਕਮਿਸ਼ਨਰ ਵਾਲੇ ਦਫਤਰ ਪਹੁੰਚੇ ਤੇ ਕਮਿਸ਼ਨਰ ਦੀ ਕੁਰਸੀ 'ਤੇ ਬੈਠ ਗਏ।
ਇਸ ਦੌਰਾਨ 'ਜਗ ਬਾਣੀ' ਦੀ ਟੀਮ ਵੱਲੋਂ ਜਦੋਂ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਣਾ ਕੋਲੋਂ ਪੁੱਛਿਆ ਗਿਆ ਕਿ ਉਹ ਅੱਜ ਡਿਪਟੀ ਮੇਅਰ ਦਫਤਰ ਕਿਉਂ ਨਹੀਂ ਆਏ ਤਾਂ ਉਨ੍ਹਾਂ ਕਿਹਾ ਕਿ ਉਹ ਫਗਵਾੜਾ ਵਿਚ ਹੀ ਹਨ ਪਰ ਕਿਸੇ ਕਾਰਨ ਡਿਪਟੀ ਮੇਅਰ ਦਫਤਰ ਨਹੀਂ ਆਏ। ਕਾਰਨ ਪੁੱਛਣ 'ਤੇ ਉਨ੍ਹਾਂ ਨੇ ਕਿਹਾ ਕਿ ਉਹ ਇਸ ਸੰਵੇਦਨਸ਼ੀਲ ਤੇ ਗੰਭੀਰ ਮੁੱਦੇ ਨੂੰ ਲੈ ਕੇ ਮੀਡੀਆ ਵਿਚ ਚਰਚਾ ਨਹੀਂ ਕਰਨਗੇ। 
ਇਕ ਸਵਾਲ ਦੇ ਜਵਾਬ ਵਿਚ ਖੁਰਾਣਾ ਨੇ ਕਿਹਾ ਕਿ ਭਾਜਪਾ ਮੇਅਰ ਅਰੁਣ ਖੋਸਲਾ ਵੱਲੋਂ ਬੀਤੇ ਦਿਨੀਂ ਨਿਗਮ ਕਮਿਸ਼ਨਰ ਦੇ ਦਫਤਰ ਨੂੰ ਅਚਾਨਕ ਆਪਣਾ ਦਫਤਰ ਐਲਾਨ ਕਰਨ ਤੋਂ ਬਾਅਦ ਵਾਪਰੀ ਘਟਨਾ ਦੀ ਜਾਣਕਾਰੀ ਮੇਅਰ ਨੇ ਉਨ੍ਹਾਂ ਨੂੰ ਨਹੀਂ ਦਿੱਤੀ। ਇਸ ਸਬੰਧੀ ਬਤੌਰ ਡਿਪਟੀ ਮੇਅਰ ਕੋਈ ਸਲਾਹ ਨਹੀਂ ਕੀਤੀ ਗਈ ਸੀ ਅਤੇ ਜਿੱਥੋਂ ਤਕ ਉਨ੍ਹਾਂ ਦੀ ਜਾਣਕਾਰੀ ਹੈ, ਇਸ ਦੀ ਸੂਚਨਾ ਸੀਨੀਅਰ ਡਿਪਟੀ ਮੇਅਰ ਨੂੰ ਨਹੀਂ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਉਕਤ ਮਾਮਲੇ ਦੀ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ (ਬ) ਹਾਈਕਮਾਨ ਨੂੰ ਦੇ ਦਿੱਤੀ ਹੈ। ਹੁਣ ਜੋ ਵੀ ਫੈਸਲਾ ਪਾਰਟੀ ਹਾਈਕਮਾਨ ਲਵੇਗੀ, ਉਸ ਦੀ ਪਾਲਣਾ ਕੀਤੀ ਜਾਵੇਗੀ।