ਧੋਖੇਬਾਜ਼ ਭਰਾ ਨੇ ਆਪਣੇ ਅਪਾਹਜ ਤੇ ਮੰਦਬੁੱਧੀ ਭੈਣ-ਭਰਾਵਾਂ ਦੀ ਸਾਂਝੀ ਜ਼ਮੀਨ ਵੇਚੀ

09/13/2017 6:45:19 AM

ਲਾਡੋਵਾਲ, (ਰਵੀ)- ਪੁਲਸ ਥਾਣਾ ਲਾਡੋਵਾਲ ਅਧੀਨ ਆਉਂਦੇ ਪਿੰਡ ਕੁਤਬੇਵਾਲ ਗੁੱਜਰਾਂ ਵਿਖੇ ਇਕ ਧੋਖੇਬਾਜ਼ ਅਤੇ ਨਸ਼ੇੜੀ ਭਰਾ ਨੇ ਆਪਣੇ ਅਪਾਹਜ ਤੇ ਮੰਦਬੁੱਧੀ ਭੈਣ-ਭਰਾਵਾਂ ਦੀ 2 ਕਨਾਲ 17 ਮਰਲੇ ਜ਼ਮੀਨ, ਜੋ ਕਿ ਕਰੋੜਾਂ ਦੀ ਸੀ, ਨੂੰ ਸਿਰਫ 30 ਲੱਖ ਵਿਚ ਜਲੰਧਰ ਦੀ ਇਕ ਕੰਪਨੀ ਨੂੰ ਵੇਚ ਦਿੱਤੀ।  ਇਨ੍ਹਾਂ ਦੀ ਇਕ ਭੈਣ ਚਰਨਜੀਤ ਕੌਰ, ਜੋ ਇਸ ਪਰਿਵਾਰ ਦਾ ਪਾਲਣ-ਪੋਸ਼ਣ ਕਰਦੀ ਹੈ, ਨੇ ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਪੁਲਸ ਥਾਣਾ ਲਾਡੋਵਾਲ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਮੇਰੇ ਭਰਾ ਅਵਤਾਰ ਸਿੰਘ ਪੁੱਤਰ ਜੀਤ ਸਿੰਘ ਨੇ ਆਪਣੇ ਭਰਾਵਾਂ ਨਾਮ ਦਾਸ ਅਤੇ ਬਿੱਟੂ ਰਾਮ ਦੀ 2 ਕਨਾਲ 17 ਮਰਲੇ ਜ਼ਮੀਨ, ਜੋ ਵਾਹੀਯੋਗ ਸੀ, ਨੂੰ ਹੋਰ ਨਕਲੀ ਭੈਣ-ਭਰਾ ਖੜ੍ਹੇ ਕਰ ਕੇ ਜਾਅਲੀ ਕਾਗਜ਼ਾਤ ਤਿਆਰ ਕਰਵਾ ਕੇ ਆਪਣੇ ਸਹੁਰੇ ਨਾਲ ਰਲ ਕੇ ਪ੍ਰਾਪਰਟੀ ਏਜੰਟਾਂ ਰਾਹੀਂ ਵੇਚ ਦਿੱਤੀ। ਚਰਨਜੀਤ ਕੌਰ ਨੇ ਦੱਸਿਆ ਕਿ ਸਾਨੂੰ ਇਸ ਮਾਮਲੇ ਦਾ ਉਸ ਵੇਲੇ ਪਤਾ ਲੱਗਾ ਜਦੋਂ ਅਸੀਂ ਬਿੱਟੂ ਰਾਮ ਦਾ ਹਿੱਸਾ ਆਪਣੇ ਨਾਂ 'ਤੇ ਤਬਦੀਲ ਕਰਵਾਉਣ ਲਈ ਹਲਕਾ ਪਟਵਾਰੀ ਕੋਲ ਗਏ ਤਾਂ ਉਸ ਨੇ ਦੱਸਿਆ ਕਿ ਬਿੱਟੂ ਰਾਮ ਅਤੇ ਨਾਮ ਦਾਸ ਦਾ ਹਿੱਸਾ ਬੈਅ ਹੋ ਚੁੱਕਾ ਹੈ। ਉਸ ਨੇ ਦੱਸਿਆ ਕਿ ਹੁਣ ਕੰਪਨੀ ਵਾਲੇ ਸਾਨੂੰ ਜ਼ਮੀਨ ਖਾਲੀ ਕਰਵਾਉਣ ਲਈ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ ਅਤੇ ਜਲੰਧਰ ਦੇ ਇਕ ਪੁਲਸ ਅਧਿਕਾਰੀ ਕੋਲੋਂ ਵੀ ਸਾਨੂੰ ਰੋਜ਼ਾਨਾ ਧਮਕੀਆਂ ਮਿਲਦੀਆਂ ਹਨ।  ਦੇਖਣ ਵਿਚ ਆਇਆ ਹੈ ਇਹ ਸਾਰਾ ਪਰਿਵਾਰ ਜੋ ਅਪਾਹਜ ਤੇ ਮੰਦਬੁੱਧੀ ਹੈ ਸਿਰਫ ਰੱਬ ਆਸਰੇ ਹੀ ਦਿਨ-ਕਟੀ ਕਰਦਾ ਆ ਰਿਹਾ ਹੈ ਅਤੇ ਆਰਥਿਕ ਪੱਖੋਂ ਵੀ ਬਹੁਤ ਕਮਜ਼ੋਰ ਹੈ। ਭੈਣ ਚਰਨਜੀਤ ਕੌਰ ਜੋ ਸਰੀਰਕ ਪੱਖੋਂ ਠੀਕ ਹੈ, ਨੇ ਡਿਪਟੀ ਕਮਿਸ਼ਨਰ ਲੁਧਿਆਣਾ ਤੋਂ ਮੰਗ ਕੀਤੀ ਕਿ ਸਾਡੀ ਧੋਖੇ ਨਾਲ ਹੜੱਪੀ ਜ਼ਮੀਨ ਨੂੰ ਵਾਪਸ ਦਿਵਾਇਆ ਜਾਵੇ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਰ ਕੇ ਸਾਨੂੰ ਇਨਸਾਫ ਦਿਵਾਇਆ ਜਾਵੇ। ਜਦੋਂ ਦੂਜੇ ਪਾਸੇ ਅਵਤਾਰ ਸਿੰਘ ਨਾਲ ਫੋਨ 'ਤੇ ਸੰਪਰਕ ਕਰਨਾ ਚਾਹਿਆ ਤਾਂ ਉਸ ਨੇ ਫੋਨ ਦੀ ਘੰਟੀ ਵੱਜਣ ਦੇ ਬਾਵਜੂਦ ਫੋਨ ਰਸੀਵ ਨਹੀਂ ਕੀਤਾ।