ਭੋਗਪੁਰ ਦੇ ਨੌਜਵਾਨ ਦੀ ਇਟਲੀ 'ਚ ਹੋਈ ਮੌਤ, ਪਰਿਵਾਰ 'ਤੇ ਟੁੱਟਾ ਦੁੱਖਾਂ ਦਾ ਪਹਾੜ

07/21/2017 8:45:07 AM

ਰੋਮ,(ਕੈਂਥ)— ਇਟਲੀ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਨਿੱਤ ਹੋ ਰਹੇ ਸੜਕ ਹਾਦਸੇ ਭਾਰਤੀਆਂ ਲਈ ਘਾਤਕ ਸਿੱਧ ਹੋ ਰਹੇ ਹਨ। ਬੀਤੇ ਦਿਨੀਂ ਜ਼ਿਲ੍ਹਾ ਲਾਤੀਨਾ ਦੇ ਇਲਾਕਾ ਬੋਰਗੋ ਫਆਤੀ ਦੇ ਮੁੱਖ ਚੌਂਕ ਦੀਆਂ ਲਾਈਟਾਂ ਉਪੱਰ ਇੱਕ ਪੰਜਾਬੀ ਨੌਜਵਾਨ ਦੇ ਕਾਰ ਸੀ ਲਪੇਟ ਵਿੱਚ ਆ ਜਾਣ ਕਾਰਨ ਮੌਕੇ ਉੱਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਰਿਸ਼ਤੇਦਾਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੁੱਧਵਾਰ ਸਵੇਰੇ ਕਰੀਬ 5 ਵਜੇ ਕਮਲਜੀਤ ਸਿੰਘ (44)ਵਾਸੀ ਭੋਗਪੁਰ (ਜਲੰਧਰ)ਸਾਇਕਲ ਉੱਤੇ ਕੰਮ ਨੂੰ ਜਾ ਰਿਹਾ ਸੀ ਕਿ ਰਾਹ ਵਿੱਚ ਮੁੱਖ ਚੌਂਕ ਦੀਆਂ ਲਾਈਟਾਂ ਉਪੱਰ ਲਾਲ ਬੱਤੀ ਹੋਣ ਕਾਰਨ ਰੁੱਕ ਗਿਆ। ਇੰਨੇ ਨੂੰ ਹੀ ਪਿੱਛੋਂ ਬਹੁਤ ਤੇਜ਼ ਆ ਰਹੇ ਵਾਹਨ ਨੇ ਕਮਲਜੀਤ ਸਿੰਘ ਨੂੰ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਘਟਨਾ ਸਥਲ ਉੱਤੇ ਹੀ ਮੌਤ ਹੋ ਗਈ। ਵਾਹਨ ਨੂੰ ਇਤਾਲਵੀ ਵਿਅਕਤੀ ਚਲਾ ਰਿਹਾ ਸੀ, ਜਿਸ ਨੇ ਕਿ ਕਿਸੇ ਨਸ਼ੇ ਦਾ ਸੇਵਨ ਕੀਤਾ ਲੱਗ ਰਿਹਾ ਸੀ। ਇਸ ਕਾਰਨ ਇਹ ਹਾਦਸਾ ਵਾਪਰਿਆ। 
ਘਟਨਾ ਦੀ ਜਾਣਕਾਰੀ ਮਿਲਦੇ ਹੀ ਇਤਾਲਵੀ ਪੁਲਸ ਹਰਕਤ ਵਿੱਚ ਆ ਗਈ ਤੇ ਉਸ ਨੇ ਲਾਸ਼ ਨੂੰ ਹਸਪਤਾਲ ਭੇਜ ਦਿੱਤਾ ਅਤੇ ਦੋਸ਼ੀ ਡਰਾਈਵਰ ਤੋਂ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ।ਹਾਦਸੇ ਮੌਕੇ ਵਾਹਨ ਵਿੱਚ ਡਰਾਈਵਰ ਸਮੇਤ ਦੋ ਇਤਾਲਵੀ ਬੈਠੇ ਸਨ।ਮ੍ਰਿਤਕ ਕਮਲਜੀਤ ਸਿੰਘ ਸਾਲ 2008 ਤੋਂ ਇਟਲੀ ਰਹਿੰਦਿਆਂ ਹੱਡ ਤੋੜਵੀਂ ਮਿਹਨਤ ਕਰ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ। ਉਹ ਆਪਣੇ ਪਿੱਛੇ ਵਿਧਵਾ ਮਾਂ, ਪਤਨੀ ਤੋਂ ਇਲਾਵਾ ਇੱਕ ਮੁੰਡਾ (12) ਅਤੇ ਇੱਕ ਕੁੜੀ (5)ਨੂੰ ਵਕਤ ਦੀ ਮਾਰ ਖਾਣ ਲਈ ਲਾਚਾਰ ਛੱਡ ਗਿਆ ਹੈ।ਮ੍ਰਿਤਕ ਕਮਲਜੀਤ ਸਿੰਘ ਦਾ ਅੰਤਮ ਸੰਸਕਾਰ ਉਹਨਾਂ ਦੇ ਪਿੰਡ ਭੋਗਪੁਰ(ਜਲੰਧਰ) ਵਿਖੇ ਹੀ ਕੀਤਾ ਜਾਵੇਗਾ ਜਿਸ ਲਈ ਮੁੱਢਲੀਆਂ ਕਾਰਵਾਈਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ।