ਦਿਨ ਢੱਲਦਿਆਂ ਹੀ ਘਰਾਂ ’ਚ ਸਿਮਟ ਜਾਂਦੀ ਹੈ ‘ਟਾਪੂ’ ਦੇ ਲੋਕਾਂ ਦੀ ਜ਼ਿੰਦਗੀ

02/09/2019 5:30:16 PM

ਜਲੰਧਰ-ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)—ਲਸਿਆਣ ਪਿੰਡ ਦੇ ਬਿਲਕੁਲ ਨਾਲੋਂ ਲੰਘਦੀ ਹੈ ਪਾਕਿਸਤਾਨ ਦੀ ਸਰਹੱਦ। ਇਹ ਪਿੰਡ 7-8 ਅਜਿਹੇ ਪਿੰਡਾਂ 'ਚ ਸ਼ਾਮਲ ਹੈ, ਜਿਹੜੇ ਉਸ ਟਾਪੂਨੁਮਾ ਖੇਤਰ 'ਚ ਸਥਿਤ ਹਨ, ਜਿਸ ਨੂੰ ਦੋ ਪਾਸਿਆਂ ਤੋਂ ਦਰਿਆਵਾਂ ਨੇ ਅਤੇ ਇਕ ਪਾਸੇ ਤੋਂ ਸਰਹੱਦ ਨੇ ਘੇਰਿਆ ਹੋਇਆ ਹੈ। ਲਸਿਆਣ ਦੇ ਤਾਂ ਤਿੰਨ ਪਾਸਿਆਂ ਤੋਂ ਸਰਹੱਦ ਲੰਘਦੀ ਹੈ। ਪਿੰਡ ਦੀ ਆਬਾਦੀ ਤੋਂ ਬੜੀ ਮੁਸ਼ਕਿਲ ਨਾਲ 500 ਮੀਟਰ ਦੂਰ ਸਰਹੱਦ 'ਤੇ ਤਾਰ-ਵਾੜ ਲੱਗੀ ਹੋਈ ਹੈ ਅਤੇ ਇਸ ਵਾੜ ਦੇ ਅੰਦਰ ਪਿੰਡ ਦੇ ਬਹੁਤ ਸਾਰੇ ਕਿਸਾਨਾਂ ਦੀ ਜ਼ਮੀਨ ਹੈ। 

ਜੰਗ ਦੇ ਦਿਨ ਨਹੀਂ ਹਨ ਅਤੇ ਇਸ ਇਲਾਕੇ ਤੋਂ ਅੱਤਵਾਦੀਆਂ ਦੀ ਘੁਸਪੈਠ ਦੀ ਸੰਭਾਵਨਾ ਵੀ ਬਹੁਤ ਘੱਟ ਹੈ, ਤਾਂ ਵੀ ਪਿੰਡ ਦੇ ਲੋਕਾਂ ਵਿਚ ਹਰ ਵੇਲੇ ਸਹਿਮ ਤੇ ਚਿੰਤਾ ਦੀ ਸਥਿਤੀ ਬਣੀ ਰਹਿੰਦੀ ਹੈ। ਲੋਕਾਂ ਦੇ ਚਿਹਰਿਆਂ ਤੋਂ ਡਰ ਅਤੇ ਭੈਅ ਦੀਆਂ ਲਕੀਰਾਂ ਸਾਫ ਪੜ੍ਹੀਆਂ  ਜਾ ਸਕਦੀਆਂ ਹਨ। ਇਕ ਕਾਰਨ ਤਾਂ ਇਹ ਵੀ ਹੈ ਕਿ ਦੇਸ਼ ਦੀ ਵੰਡ ਵੇਲੇ ਤੋਂ ਹੀ ਪਾਕਿਸਤਾਨ ਨਾਲ ਸਬੰਧ ਸੁਖਾਵੇਂ ਨਹੀਂ ਰਹੇ ਤੇ ਦੂਜਾ ਕਾਰਨ ਅੱਤਵਾਦ ਹੈ, ਜਿਸ ਨੇ ਅਤੀਤ 'ਚ ਪੰਜਾਬ ਸਮੇਤ ਭਾਰਤ ਦੇ ਕਈ ਸੂਬਿਆਂ ਦਾ ਬਹੁਤ ਨੁਕਸਾਨ ਕੀਤਾ ਹੈ। 

ਕਿਸਾਨ ਜਦੋਂ ਵੀ ਤਾਰ-ਵਾੜ ਅਤੇ ਸਰਹੱਦ ਦਰਮਿਆਨ ਸਥਿਤ ਜ਼ਮੀਨਾਂ 'ਚ ਖੇਤੀ ਕਰਨ ਲਈ ਜਾਂਦੇ ਹਨ ਤਾਂ ਪਹਿਲਾਂ ਬੀ. ਐੱਸ. ਐੱਫ. ਦੇ ਅਧਿਕਾਰੀਆਂ ਤੋਂ ਇਜਾਜ਼ਤ ਲੈਣੀ ਪੈਂਦੀ ਹੈ। ਉਸ ਜ਼ਮੀਨ ਵਿਚ ਉਹ ਆਪਣੀ ਮਰਜ਼ੀ ਦੀ ਫਸਲ ਨਹੀਂ ਬੀਜ ਸਕਦੇ। ਇਹੋ ਕਾਰਨ ਹੈ ਕਿ ਤਾਰ-ਵਾੜ ਦੇ ਅੰਦਰ ਕਿਤੇ ਵੀ ਗੰਨੇ ਦੀ ਫਸਲ ਦਿਖਾਈ ਨਹੀਂ ਦਿੰਦੀ, ਜਦਕਿ ਬਾਕੀ ਜ਼ਮੀਨ ਵਿਚ ਗੰਨੇ ਨੂੰ ਤਰਜੀਹ ਦਿੱਤੀ ਜਾਂਦੀ ਹੈ। ਪੰਜਾਬ ਕੇਸਰੀ ਦੀ ਰਾਹਤ ਵੰਡ ਟੀਮ ਦੇ ਮੈਂਬਰਾਂ ਨੇ ਦੇਖਿਆ ਕਿ ਲਸਿਆਣ ਦੇ ਖੇਤਾਂ 'ਚ ਥਾਂ-ਥਾਂ ਬੰਕਰ ਬਣੇ ਹੋਏ ਹਨ, ਜਿਹੜੇ ਦੱਸਦੇ ਹਨ ਕਿ ਜੰਗ ਦੇ ਦਿਨਾਂ 'ਚ ਇਥੇ ਕਿਹੋ ਜਿਹੀ ਸਥਿਤੀ ਹੁੰਦੀ ਹੋਵੇਗੀ। ਫੌਜ ਦਾ ਸਭ ਤੋਂ ਪਹਿਲਾ ਕੰਮ ਇਹ ਹੁੰਦਾ ਹੈ ਕਿ ਇਲਾਕੇ ਦੇ ਪਿੰਡਾਂ ਨੂੰ ਖਾਲੀ ਕਰਵਾ ਲਿਆ ਜਾਂਦਾ ਹੈ। ਇਨ੍ਹਾਂ ਲੋਕਾਂ ਨੂੰ ਆਪਣੇ ਪਰਿਵਾਰਾਂ ਸਮੇਤ ਰਾਵੀ ਤੋਂ ਪਾਰ ਗੁਰਦਾਸਪੁਰ ਜਾਂ ਹੋਰ ਖੇਤਰਾਂ ਵਿਚ ਸੁਰੱਖਿਅਤ ਥਾਵਾਂ 'ਤੇ ਸ਼ਰਨ ਲੈਣੀ ਪੈਂਦੀ ਹੈ। 

ਪੰਜਾਬ ਅਤੇ ਦੇਸ਼ ਦੇ ਬਾਕੀ ਹਿੱਸਿਆਂ ਨਾਲ ਇਸ ਇਲਾਕੇ ਦਾ ਸੰਪਰਕ ਆਮ ਵਰਗਾ ਨਹੀਂ ਹੈ। ਲੋਕ ਆਪਣੀਆਂ ਲੋੜਾਂ ਦੀ ਪੂਰਤੀ ਲਈ ਹੀ ਦੀਨਾਨਗਰ, ਗੁਰਦਾਸਪੁਰ ਆਦਿ ਜਾਂਦੇ ਹਨ ਜਾਂ ਕਿਸੇ ਖੁਸ਼ੀ-ਗ਼ਮੀ ਦੀ ਸਥਿਤੀ 'ਚ ਹੋਰ ਥਾਵਾਂ 'ਤੇ ਰਹਿਣ ਵਾਲੇ ਰਿਸ਼ਤੇਦਾਰਾਂ ਕੋਲ ਆਉਣ-ਜਾਣ ਹੁੰਦਾ ਹੈ। ਲੋਕ ਦਿਨ ਵੇਲੇ ਹੀ ਕੰਮ-ਧੰਦੇ ਨਜਿੱਠ ਕੇ ਆਪਣੇ ਆਲ੍ਹਣਿਆਂ 'ਚ ਪਰਤ ਆਉਂਦੇ ਹਨ। ਸੂਰਜ ਢਲਦਿਆਂ ਹੀ ਜ਼ਿੰਦਗੀ ਘਰਾਂ 'ਚ ਸਿਮਟ ਕੇ ਰਹਿ ਜਾਂਦੀ ਹੈ।
ਇਸ ਇਲਾਕੇ ਦੇ ਪਿੰਡ ਦੋ ਵਿਧਾਨ ਸਭਾ ਹਲਕਿਆਂ ਨਾਲ ਸਬੰਧਤ ਹਨ। ਕੁਝ ਪਿੰਡ ਪਠਾਨਕੋਟ ਜ਼ਿਲੇ ਦੇ ਅਸੈਂਬਲੀ ਹਲਕਾ ਭੋਆ ਨਾਲ ਅਤੇ ਕੁਝ ਗੁਰਦਾਸਪੁਰ ਜ਼ਿਲੇ ਦੇ ਦੀਨਾਨਗਰ ਨਾਲ ਸਬੰਧਤ ਹਨ। ਲੋਕਾਂ ਨੂੰ ਸ਼ਿਕਾਇਤ ਹੈ ਕਿ ਸਿਆਸੀ ਲੋਕ ਤਾਂ ਵੋਟਾਂ ਵੇਲੇ ਵੀ ਇਨ੍ਹਾਂ ਪਿੰਡਾਂ ਨਾਲ ਪੂਰਾ ਸੰਪਰਕ ਨਹੀਂ ਰੱਖਦੇ, ਚੋਣਾਂ ਤੋਂ ਬਾਅਦ ਕਿਸ ਨੇ ਪੁੱਛਣਾ ਹੈ। 

ਲੋਕਾਂ ਦਾ ਸਮਾਜਿਕ ਜੀਵਨ ਆਪਣੇ ਪਿੰਡਾਂ ਅਤੇ ਵਿਆਹਾਂ-ਸ਼ਾਦੀਆਂ ਆਦਿ ਤਕ ਹੀ ਸੀਮਤ ਹੈ। ਨਸ਼ਿਆਂ ਅਤੇ ਲੜਾਈ-ਝਗੜਿਆਂ ਦਾ ਰੁਝਾਨ ਬਹੁਤ ਘੱਟ ਹੈ। ਇਹੋ ਕਾਰਨ ਹੈ ਕਿ ਇਸ ਇਲਾਕੇ 'ਚ ਸਬੰਧਤ ਥਾਣਿਆਂ ਦੀ ਪੁਲਸ ਵੀ ਕਦੇ ਨਹੀਂ ਜਾਂਦੀ। 'ਟਾਪੂ' ਦੇ ਪਿੰਡਾਂ 'ਚ ਤਾਂ ਕੋਈ ਪੁਲਸ ਚੌਕੀ ਵੀ ਨਹੀਂ ਹੈ। ਇਲਾਕੇ ਵਿਚ ਸੜਕਾਂ ਖਸਤਾ-ਹਾਲ ਅਤੇ ਆਵਾਜਾਈ ਦੇ ਸਾਧਨ ਵੀ ਲੋਕਾਂ ਦੇ ਆਪੋ-ਆਪਣੇ ਹਨ। ਸਰਕਾਰੀ ਜਾਂ ਪ੍ਰਾਈਵੇਟ ਬੱਸਾਂ ਦੀ  ਲੋਕਾਂ ਨੇ ਇਥੇ ਕਦੇ ਸ਼ਕਲ ਵੀ ਨਹੀਂ ਦੇਖੀ। ਬਹੁਤੇ ਲੋਕਾਂ ਕੋਲ ਮੋਟਰਸਾਈਕਲ ਹਨ ਜਾਂ ਫਿਰ ਖੱਚਰ-ਰੇਹੜੇ ਹੀ 'ਟਰਾਂਸਪੋਰਟ' ਵਜੋਂ ਵਰਤੇ ਜਾਂਦੇ ਹਨ।

ਲਸਿਆਣ ਪਿੰਡ ਵਿਚ ਚੰਗਾ ਪੜ੍ਹਿਆ-ਲਿਖਿਆ ਵਿਅਕਤੀ ਇਕ ਹੀ ਹੈ। ਉਸ ਨੇ ਆਪਣਾ ਨਾਂ ਸਾਈਂ ਦਾਸ ਕਾਟਲ (62) ਦੱਸਿਆ, ਜਿਸ ਨੇ ਬੀ. ਐੱਸ. ਸੀ. ਨਾਨ-ਮੈਡੀਕਲ ਕੀਤੀ ਹੋਈ ਹੈ। ਉਹ ਰਿਟਾਇਰਡ ਅਧਿਆਪਕ ਹੈ, ਜਿਹੜਾ ਪਿੰਡ ਦੇ ਬੱਚਿਆਂ ਨੂੰ ਪੜ੍ਹਾਉਣ 'ਚ ਰੁਚੀ ਰੱਖਦਾ ਹੈ। ਉਸ ਨੇ ਦੱਸਿਆ ਕਿ ਇਲਾਕੇ 'ਚ ਇਕ ਹੀ ਮਿਡਲ ਸਕੂਲ ਪਿੰਡ ਭਰਿਆਲ ਵਿਚ ਸਥਿਤ ਹੈ, ਉਸ ਨੂੰ ਵੀ ਸਰਕਾਰ ਹਾਈ ਸਕੂਲ ਨਹੀਂ ਬਣਾ ਸਕੀ। ਇਸ ਕਾਰਨ ਪਿੰਡ ਦੇ ਬਹੁਤੇ ਬੱਚੇ ਅਨਪੜ੍ਹ ਹੀ ਰਹਿ ਜਾਂਦੇ ਹਨ ਅਤੇ ਥੋੜ੍ਹੇ-ਬਹੁਤੇ ਮਿਡਲ ਤਕ ਪੜ੍ਹਾਈ ਕਰਦੇ ਹਨ। 

ਰਾਵੀ ਦਰਿਆ ਲੰਘ ਕੇ ਦੂਰ-ਦੁਰਾਡੇ ਸਕੂਲਾਂ-ਕਾਲਜਾਂ ਵਿਚ ਜਾਣ ਦੀ ਕੋਈ ਜੁਰਅੱਤ ਹੀ ਨਹੀਂ ਕਰਦਾ। ਸ਼੍ਰੀ ਕਾਟਲ ਨੇ ਦੱਸਿਆ ਕਿ ਪੱਕੇ ਪੁਲ ਅਤੇ ਸੜਕਾਂ ਦੀ ਘਾਟ ਕਾਰਨ ਇਲਾਕੇ ਦੀ ਤਰੱਕੀ ਨੂੰ ਲਕਵਾ ਮਾਰ ਗਿਐ।
ਪਿੰਡਾਂ ਵਿਚ ਪੀਣ ਵਾਲੇ ਪਾਣੀ ਦੀ ਹਾਲਤ ਤਸੱਲੀਬਖਸ਼ ਨਹੀਂ। ਸਿਹਤ-ਸਹੂਲਤਾਂ ਦਾ ਕੋਈ ਨਾਮੋ-ਨਿਸ਼ਾਨ ਨਹੀਂ ਹੈ। ਸਾਰੇ ਇਲਾਕੇ 'ਚ ਕੋਈ ਡਿਸਪੈਂਸਰੀ ਤਕ ਨਹੀਂ। ਨੀਮ-ਹਕੀਮ ਹੀ ਡੰਗ ਸਾਰਦੇ ਹਨ ਜਾਂ ਫਿਰ ਦੀਨਾਨਗਰ ਜਾਣਾ ਪੈਂਦੈ। ਲੋਕਾਂ ਦੀ ਪੁਕਾਰ ਹੈ ਕਿ ਸਰਕਾਰ ਇਸ ਨਜ਼ਰਅੰਦਾਜ਼ ਇਲਾਕੇ ਵੱਲ ਵੀ ਸਵੱਲੀ ਨਜ਼ਰ ਕਰੇ।   - ਜੁਗਿੰਦਰ ਸੰਧੂ