ਖਿਡਾਉਣੇ ਵੇਚਣ ਵਾਲੇ ਦੀ ਧੀ ਨੇ 11 ਲੱਖ ਵਿਦਿਆਰਥੀਆਂ ਚੋਂ ਕੀਤਾ 241ਵਾਂ ਰੈਂਕ ਪ੍ਰਾਪਤ

06/24/2017 4:48:03 PM

ਭਵਾਨੀਗੜ (ਸੋਢੀ,ਬੇਦੀ)) - ਇੱਥੋਂ ਦੇ ਨੇੜਲੇ ਪਿੰਡ ਨਾਗਰਾ ਦੇ ਮੇਲਿਆਂ 'ਚ ਖਿਡਾਉਣੇ ਵੇਚਣ ਵਾਲੇ ਦਲਿਤ ਪਰਿਵਾਰ ਦੀ ਹੋਣਹਾਰ ਲੜਕੀ ਗੁਰਪ੍ਰੀਤ ਕੌਰ ਨੇ ਐੱਮ. ਬੀ. ਬੀ. ਐੱਸ. ਦੀਆਂ ਸੀਟਾਂ 'ਚ ਆਲ ਇੰਡੀਆ ਟੈਸਟ 'ਚ 11 ਲੱਖ ਵਿਦਿਆਰਥੀਆਂ ਚੋਂ 241ਵਾਂ ਰੈਂਕ ਪ੍ਰਾਪਤ ਕਰਕੇ ਇਲਾਕੇ ਅਤੇ ਮਾਪਿਆ ਦਾ ਨਾਂ ਰੋਸ਼ਨ ਕੀਤਾ।
ਜਗਤਾਰ ਸਿੰਘ ਨੇ ਦੱਸਿਆ ਕਿ ਉਸਦੀ ਬੇਟੀ ਗੁਰਪ੍ਰੀਤ ਕੌਰ ਬਚਪਨ ਤੋਂ ਹੀ ਪੜਾਈ 'ਚ ਹੁਸ਼ਿਆਰ ਸੀ, ਜਿਸ ਕਾਰਨ ਉਸਨੂੰ ਛੇਵੀਂ ਜਮਾਤ 'ਚ ਨਵੋਦਿਆ ਸਕੂਲ ਲੌਂਗੋਵਾਲ 'ਚ ਦਾਖਲਾ ਮਿਲ ਗਿਆ। ਦਸਵੀਂ ਤੋਂ ਬਾਅਦ ਉਸਨੂੰ ਭਾਈ ਜੈਤਾ ਫਾਊਂਡੇਸ਼ਨ ਚੰਡੀਗੜ੍ਹ ਨੇ ਆਪਣੀ ਦੇਖ ਰੇਖ ਹੇਠ 12ਵੀਂ ਕਰਵਾਈ ਅਤੇ ਕੋਚਿੰਗ ਦਿੱਤੀ ਅਤੇ ਹੀਲੈਕਸ ਚੰਡੀਗੜ੍ਹ ਤੋਂ ਵੀ ਕੋਚਿੰਗ ਦਵਾਈ। ਗੁਰਪ੍ਰੀਤ ਕੌਰ ਨੇ ਕਿਹਾ ਕਿ ਉਸਦੇ ਪਰਿਵਾਰ ਵਲੋਂ ਆਰਥਿਕ ਤੰਗੀ ਦੇ ਬਾਵਜੂਦ ਦਿੱਤੇ ਸਹਿਯੋਗ ਅਤੇ ਵਧੀਆ ਕੋਚਿੰਗ ਸਦਕਾ ਉਹ ਐੱਮ. ਬੀ. ਬੀ. ਐੱਸ ਟੈਸਟ 'ਚ ਇਹ ਪੁਜੀਸ਼ਨ ਹਾਸਲ ਕਰਨ 'ਚ ਕਾਮਯਾਬ ਹੋਈ ਹੈ। ਉਸਨੇ ਦੱਸਿਆ ਕਿ ਉਹ ਐੱਮ. ਬੀ. ਬੀ. ਐੱਸ ਕਰਨ ਉਪਰੰਤ ਸਮਾਜ ਭਲਾਈ ਲਈ ਸੇਵਾ ਕਰਨ ਨੂੰ ਹੀ ਤਰਜੀਹ ਦੇਵੇਗੀ। ਉਹ ਆਪਣੇ ਮਾਪਿਆਂ ਅਤੇ ਕੋਚਿੰਗ ਦੇਣ ਵਾਲੇ ਸੰਸਥਾਵਾਂ ਦੀ ਸਦਾ ਰਿਣੀ ਰਹੇਗੀ। 
ਗੁਰਪ੍ਰੀਤ ਮੰਨਦੀ ਹੈ ਕਿ 'ਹਿੰਮਤ ਏ ਮਰਦਾ ਮੱਦਦ ਏ ਖੁਦਾ' ਦੇ ਵਾਕ ਅਨੁਸਾਰ ਜਿੱਥੇ ਉਸਦੇ ਮਾਪਿਆਂ ਅਤੇ ਸੰਸਥਾਵਾਂ ਨੇ ਸਖਤ ਮਿਹਨਤ ਕੀਤੀ ਹੈ ਉਥੇ ਪ੍ਰਮਾਤਮਾ ਨੇ ਵੀ ਉਸ ਉਪਰ ਮਿਹਰ ਭਰਿਆ ਹੱਥ ਰੱਖਿਆ ਹੈ।