ਕੋਵਿਡ-19 ਵੈਕਸੀਨ ਬਾਜ਼ਾਰ ’ਚ ਅਕਤੂਬਰ 2020 ’ਚ ਹੋਵੇਗੀ ਮੁਹੱਈਆ

05/23/2020 12:37:51 AM

ਜਲੰਧਰ,(ਧਵਨ)– ਵਿਸ਼ਵ ਇਸ ਸਮੇਂ ਕੋਰੋਨਾ ਵਾਇਰਸ ਮਹਾਮਾਰੀ ਨਾਲ ਜੂਝ ਰਿਹਾ ਹੈ ਅਤੇ ਲੋਕਾਂ ਦੀਆਂ ਨਜ਼ਰਾਂ ਕੋਰੋਨਾ ਵਾਇਰਸ ਦਾ ਇਲਾਜ ਕਰਨ ਵਾਲੀ ਸੰਭਾਵਿਤ ਵੈਕਸੀਨ ਵੱਲ ਲੱਗੀਆਂ ਹੋਈਆਂ ਹਨ। ਵਿਸ਼ਵ ਦੀ ਸਭ ਤੋਂ ਵੱਡੀ ਵੈਕਸੀਨ ਨਿਰਮਾਤਾ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਡਾਇਰੈਕਟਰ ਪੁਰਸ਼ੋਥਾਰਮਨ ਨੈਂਬੀਆਰ ਨੇ ਦਾਅਵਾ ਕੀਤਾ ਹੈ ਕਿ ਕੋਵਿਡ-19 ਦਾ ਇਲਾਜ ਕਰਨ ਵਾਲੀ ਵੈਕਸੀਨ ਦਾ ਟ੍ਰਾਇਲ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਆਕਸਫੋਰਡ ਵੈਕਸੀਨ ਦਾ ਟ੍ਰਾਇਲ ਸਫਲ ਰਿਹਾ ਤਾਂ ਵਿਸ਼ਵ ਬਾਜ਼ਾਰ ’ਚ ਕੋਰੋਨਾ ਵਾਇਰਸ ਦਾ ਇਲਾਜ ਕਰਨ ਵਾਲੀ ਵੈਕਸੀਨ ਅਕਤੂਬਰ-ਨਵੰਬਰ ਤੱਕ ਕੌਮਾਂਤਰੀ ਬਾਜ਼ਾਰ ’ਚ ਆ ਜਾਵੇਗੀ। ਨੈਂਬੀਆਰ ਨੇ ਦਾਅਵਾ ਕੀਤਾ ਕਿ ਵੈਕਸੀਨ ਦੀ ਕੀਮਤ ਭਾਰਤੀ ਬਾਜ਼ਾਰ ’ਚ ਘੱਟ ਰੱਖੀ ਜਾਵੇਗੀ ਅਤੇ ਕੰਪਨੀ ਇਸ ਵੈਕਸੀਨ ਨੂੰ ਲੈ ਕੇ ਲਾਭ ਮਾਰਜਨ ਵੱਲ ਧਿਆਨ ਨਹੀਂ ਦੇਵੇਗੀ।

ਸੀਰਮ ਇੰਸਟੀਚਿਊਟ ਆਫ ਇੰਡੀਆ ਇਸ ਸਮੇਂ ਭਾਰਤ ’ਚ ਵੈਕਸੀਨ ਦੀ ਸਭ ਤੋਂ ਵੱਡੀ ਨਿਰਮਾਤਾ ਕੰਪਨੀ ਹੋਣ ਦੇ ਨਾਤੇ ਆਪਣੀਆਂ ਦਵਾਈਆਂ 170 ਦੇਸ਼ਾਂ ’ਚ ਭੇਜ ਰਹੀ ਹੈ। ਵਿਸ਼ਵ ’ਚ ਜਨਮ ਲੈਣ ਵਾਲੇ ਹਰੇਕ 3 ਬੱਚਿਆਂ ’ਚੋਂ 2 ਬੱਚਿਆਂ ਨੂੰ ਸੀਰਮ ਇੰਸਟੀਚਿਊਟ ਵਲੋਂ ਤਿਆਰ ਕੀਤੀ ਗਈ ਵੈਕਸੀਨ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਹਾਲੇ ਭਾਰਤ ’ਚ ਰਹੇਗਾ। ਇਸ ਲਈ ਨੇੜਲੇ ਭਵਿੱਖ ’ਚ ਵਾਇਰਸ ਤੋਂ ਪੀੜਤ ਲੋਕਾਂ ਦਾ ਇਲਾਜ ਵੈਕਸੀਨ ਨਾਲ ਹੋਵੇਗਾ। ਉਨ੍ਹਾਂ ਕਿਹਾ ਕਿ ਵੈਕਸੀਨ ਨੂੰ ਆਕਸਫੋਰਡ ਯੂਨੀਵਰਸਿਟੀ ਜੈਨਰ ਇੰਸਟੀਚਿਊਟ ਨੇ ਵਿਕਸਿਤ ਕੀਤਾ ਹੈ ਅਤੇ ਸੀਰਮ ਇੰਸਟੀਚਿਊਟ ਐਸਟਰਾ ਜੈਨਿਕਾ ਨਾਲ ਪਾਰਟਨਰ ਹੋਵੇਗਾ।

ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕਾਂ ਨੂੰ ਵੈਕਸੀਨ ਜ਼ਿਆਦਾ ਮਹਿੰਗੀ ਨਹੀਂ ਮਿਲੇਗੀ ਅਤੇ ਇਸ ਦੀ ਕੀਮਤ ਬਾਰੇ ਫੈਸਲਾ ਜੁਲਾਈ-ਅਗਸਤ ਮਹੀਨੇ ’ਚ ਲੈ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਵੇਂ ਕਈ ਸੰਗਠਨਾਂ ਵਲੋਂ ਕੋਵਿਡ-19 ਵੈਕਸੀਨ ਬਣਾਉਣ ਦੀ ਦਿਸ਼ਾ ’ਚ ਕਦਮ ਵਧਾਏ ਗਏ ਹਨ ਪਰ ਸੀਰਮ ਇੰਸਟੀਚਿਊਟ ਵਿਸ਼ਵ ’ਚ ਪਹਿਲੀ ਕੰਪਨੀ ਹੋਵੇਗੀ ਜੋ ਇਸ ਵੈਕਸੀਨ ਨੂੰ ਵਿਸ਼ਵ ’ਚ ਸਪਲਾਈ ਕਰੇਗੀ। ਕੋਈ ਵੀ ਇਕ ਕੰਪਨੀ ਸੰਸਾਰਿਕ ਮੰਗ ਨੂੰ ਪੂਰਾ ਕਰਨ ’ਚ ਸਮਰੱਥ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਤੋਂ ਵੀ ਉਨ੍ਹਾਂ ਨੂੰ ਪੂਰੀ ਮਦਦ ਮਿਲ ਰਹੀ ਹੈ। ਹਾਲੇ ਵੈਕਸੀਨ ਨੂੰ ਲੈ ਕੇ ਮਨੁੱਖੀ ਪੱਧਰ ’ਤੇ ਟ੍ਰਾਇਲ ਚੱਲ ਰਹੇ ਹਨ ਅਤੇ ਅੰਤਮ ਨਤੀਜੇ ਆਉਣ ਤੋਂ ਪਹਿਲਾਂ ਹਾਲੇ ਕੁਝ ਮਹੀਨੇ ਹੋਰ ਲੱਗ ਸਕਦੇ ਹਨ। ਉਨ੍ਹਾਂ ਕਿਹਾ ਕਿ ਵੈਕਸੀਨ ਸਫਲ ਹੋਣ ਤੋਂ ਪਹਿਲਾਂ ਹੀ ਕੰਪਨੀ ਆਪਣੇ ਜੋਖਮ ’ਤੇ ਇਸ ਦੀ ਮੈਨੁਫੈਕਚਰਿੰਗ ਸ਼ੁਰੂ ਕਰ ਦੇਵੇਗੀ ਤਾਂ ਕਿ ਛੇਤੀ ਤੋਂ ਛੇਤੀ ਇਹ ਲੋਕਾਂ ਨੂੰ ਮਿਲ ਸਕੇ। ਉਨ੍ਹਾਂ ਦਾ ਮੰਨਣਾ ਹੈ ਕਿ ਸੰਭਵ ਹੀ ਇਹ ਵੈਕਸੀਨ 1000 ਰੁਪਏ ’ਚ ਲੋਕਾਂ ਨੂੰ ਮਿਲੇਗੀ।

Bharat Thapa

This news is Content Editor Bharat Thapa