ਝੀਲਾਂ ਦੇ ਠੇਕੇਦਾਰ ਵੱਲੋਂ ਖੁਦਕੁਸ਼ੀ ਕਰਨ ਦੀ ਚਿਤਾਵਨੀ

03/31/2018 12:34:49 PM

ਬਠਿੰਡਾ (ਸੁਖਵਿੰਦਰ)-ਝੀਲਾਂ ਦੇ ਇਕ ਠੇਕੇਦਾਰ ਵੱਲੋਂ ਐੱਸ. ਐੱਸ. ਪੀ. ਨਵੀਨ ਸਿੰਗਲਾ ਨੂੰ ਮੰਗ ਪੱਤਰ ਸੌਂਪ ਕੇ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਅਜਿਹਾ ਨਾ ਹੋਣ ਦੀ ਸੂਰਤ 'ਚ ਪੀੜਤ ਵਲੋਂ ਖੁਦਕੁਸ਼ੀ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। 
ਜਾਣਕਾਰੀ ਦਿੰਦਿਆਂ ਵਰਿੰਦਰ ਕੁਮਾਰ ਵਾਸੀ ਬਠਿੰਡਾ ਨੇ ਦੱਸਿਆ ਕਿ ਉਸ ਕੋਲ ਝੀਲ ਨੰ. 2 ਤੇ 3 ਦਾ ਠੇਕਾ ਹੈ, ਜਿੱਥੇ ਕਿ ਉਸ ਵਲੋਂ ਮੱਛੀਆਂ ਛੱਡੀਆਂ ਗਈਆਂ ਸਨ। 
ਉਸ ਵਲੋਂ 16 ਫਰਵਰੀ 2016 ਨੂੰ ਮੱਛੀਆਂ ਦਾ ਕੰਟਰੈਕਟ ਹਰਿਆਣਾ ਦੇ ਇਕ ਵਿਅਕਤੀ ਨਾਲ ਕੀਤਾ ਗਿਆ ਸੀ।  ਵਰਿੰਦਰ ਕੁਮਾਰ ਨੇ ਦੋਸ਼ ਲਾਇਆ ਕਿ ਉਕਤ ਵਿਅਕਤੀ ਦੀਆਂ ਗਲਤ ਹਰਕਤਾਂ ਕਾਰਨ ਉਸ ਨੇ ਉਕਤ ਵਿਅਕਤੀ ਨਾਲ ਮੱਛੀਆਂ ਫੜਨ ਲਈ ਕੀਤਾ ਗਿਆ ਕੰਟਰੈਕਟ ਤੇ ਪਾਵਰ ਆਫ਼ ਅਟਾਰਨੀ ਵਾਪਸ ਲੈ ਲਈ। ਇਸ ਤੋਂ ਬਾਅਦ ਉਸ ਵਲੋਂ ਉਨ੍ਹਾਂ ਨੂੰ ਨੋਟਿਸ ਵੀ ਭੇਜਿਆ ਗਿਆ ਸੀ। 
ਇਸ ਤੋਂ ਇਲਾਵਾ 15 ਫਰਵਰੀ 2018 ਨੂੰ ਕੰਟਰੈਕਟ ਵੀ ਸਮਾਪਤ ਹੋ ਚੁੱਕਾ ਹੈ ਪਰ ਫਿਰ ਵੀ ਉਕਤ ਵਿਅਕਤੀ ਵਲੋਂ ਧੱਕੇ ਨਾਲ ਝੀਲਾਂ 'ਤੇ ਕਬਜ਼ਾ ਕੀਤਾ ਹੋਇਆ ਹੈ ਤੇ ਝੀਲਾਂ 'ਚੋਂ ਮੱਛੀਆਂ ਫੜੀਆਂ ਜਾ ਰਹੀਆਂ ਹਨ।  ਉਸ ਵੱਲੋਂ ਕਬਜ਼ਾ ਛੁਡਵਾਉਣ ਲਈ ਥਰਮਲ ਪਲਾਂਟ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਜਾ ਚੁੱਕਾ ਹੈ ਪਰ ਫਿਰ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। 
ਪੀੜਤ ਨੇ ਕਿਹਾ ਕਿ ਉਸ ਨੂੰ ਰੋਜ਼ਾਨਾ 15 ਹਜ਼ਾਰ ਦਾ ਘਾਟਾ ਸਹਿਣਾ ਪੈ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸ ਨੂੰ ਇਨਸਾਫ਼ ਦਿਵਾਇਆ ਜਾਵੇ ਨਹੀਂ ਤਾਂ ਉਹ ਖੁਦਕੁਸ਼ੀ ਕਰਨ ਲਈ ਮਜਬੂਰ ਹੋਵੇਗਾ।