ਸਰਕਾਰ ਦੀ ਵਾਅਦਾਖਿਲਾਫੀ ਵਿਰੁੱਧ ਠੇਕਾ ਕਰਮਚਾਰੀਆਂ ਨੇ ਲਾਲੀਪਾਪ ਵੰਡ ਕੇ ਕੀਤਾ ਪ੍ਰਦਰਸ਼ਨ

03/16/2018 11:14:08 PM

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਠੇਕਾ ਕਰਮਚਾਰੀ ਐਕਸ਼ਨ ਕਮੇਟੀ ਨੇ ਪੰਜਾਬ ਸਰਕਾਰ ਦੀਆਂ ਲਾਰਾ ਲਾਉਣ ਵਾਲੀਆਂ ਨੀਤੀਆਂ ਦੇ ਵਿਰੋਧ 'ਚ ਸਰਕਾਰ ਦਾ 1 ਸਾਲ ਦਾ ਕਾਰਜਕਾਲ ਪੂਰਾ ਹੋਣ ਦੇ ਦਿਨ ਨੂੰ ਲਾਲੀਪਾਪ ਦਿਵਸ ਦੇ ਤੌਰ 'ਤੇ ਮਨਾਉਂਦੇ ਹੋਏ 'ਸ਼ਰਮ ਕਰ ਨੀ ਪੰਜਾਬ ਸਰਕਾਰੇ, ਸਾਰਾ ਸਾਲ ਨਹੀਂ ਮੁੱਕੇ ਤੇਰੇ ਲਾਰੇ' ਦੇ ਨਾਅਰੇ ਲਾਏ। 
ਉਪਰੰਤ ਕਰਮਚਾਰੀਆਂ ਦੇ ਵਫਦ ਨੇ ਵਧੀਕ ਡਿਪਟੀ ਕਮਿਸ਼ਨਰ ਨੂੰ ਮੰਗਾਂ ਸਬੰਧੀ ਮੰਗ ਪੱਤਰ ਵੀ ਦਿੱਤਾ। ਐਕਸ਼ਨ ਕਮੇਟੀ ਦੇ ਆਗੂ ਨਰਿੰਦਰ ਕੌਰ ਨੇ ਕਿਹਾ ਕਿ ਚੋਣਾਂ ਵੇਲੇ ਕਾਂਗਰਸ ਪਾਰਟੀ ਨੇ ਠੇਕੇ 'ਤੇ ਕੰਮ ਕਰਦੇ ਕਰਮਚਾਰੀਆਂ ਨੂੰ ਸਰਕਾਰ ਬਣਨ 'ਤੇ ਰੈਗੂਲਰ ਕਰਨ ਦਾ ਵਾਅਦਾ ਕੀਤਾ ਪਰ ਜਿਥੇ ਸਰਕਾਰ ਨੇ 1 ਸਾਲ ਦਾ ਕਾਰਜਕਾਲ ਬੀਤ ਜਾਣ ਦੇ ਬਾਅਦ ਵੀ ਆਪਣੇ ਵਾਅਦੇ ਨੂੰ ਪੂਰਾ ਨਹੀਂ ਕੀਤਾ, ਉਥੇ ਹੀ ਮੁੱਖ ਮੰਤਰੀ ਨਾਲ ਕਰਮਚਾਰੀਆਂ ਦੇ ਵਫਦ ਤੱਕ ਦੀ ਗੱਲ ਤੱਕ ਨਹੀਂ ਕਰਵਾਈ।
ਉਨ੍ਹਾਂ ਦੱਸਿਆ ਕਿ 14 ਮਾਰਚ, 2017 ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ 'ਤੇ ਬੈਠੇ ਕਰਮਚਾਰੀਆਂ ਨੂੰ ਮੌਜੂਦਾ ਕਾਂਗਰਸ ਸਰਕਾਰ ਦੇ ਓ.ਐੱਸ.ਡੀ. ਗੁਰਿੰਦਰ ਸਿੰਘ ਸੋਢੀ ਤੇ ਕੈਪਟਨ ਸੰਦੀਪ ਸੰਧੂ ਨੇ ਸਰਕਾਰ ਬਣਨ 'ਤੇ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੰਦੇ ਹੋਏ ਭੁੱਖ ਹੜਤਾਲ ਖਤਮ ਕਰਵਾਈ ਸੀ, ਵਾਅਦਾ ਪੂਰਾ ਨਾ ਹੋਣ 'ਤੇ ਕਰਮਚਾਰੀਆਂ ਨੂੰ ਮੁੜ ਸੈਕਟਰ 17, ਚੰਡੀਗੜ੍ਹ 'ਚ ਆਪਣੀ ਭੁੱਖ ਹੜਤਾਲ ਸ਼ੁਰੂ ਕਰਨੀ ਪਈ। ਸਰਕਾਰ ਦੀ ਵਾਅਦਾਖਿਲਾਫੀ ਦੇ ਵਿਰੋਧ 'ਚ ਜ਼ਿਲਾ ਪੱਧਰੀ 21 ਮਾਰਚ ਨੂੰ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਅਤੇ 24 ਮਾਰਚ ਨੂੰ ਬਜਟ ਸੈਸ਼ਨ ਦੌਰਾਨ ਚੰਡੀਗੜ੍ਹ 'ਚ ਹੱਲਾ ਬੋਲ ਰੈਲੀ ਕੀਤੀ ਜਾਵੇਗੀ। ਲਾਲੀਪਾਪ ਦਿਵਸ ਮਨਾਉਣ ਉਪਰੰਤ ਕਰਮਚਾਰੀਆਂ ਦੇ ਵਫਦ ਨੇ ਵਧੀਕ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਵੀ ਦਿੱਤਾ। ਇਸ ਮੌਕੇ ਰੀਨਾ ਰਾਣਾ, ਬਲਵਿੰਦਰ ਕੁਮਾਰ, ਰਜਨੀ, ਰੀਤੂ ਭਨੋਟ, ਰਜਿੰਦਰ ਸ਼ਰਮਾ, ਵਿਪਨ ਮੂਮ, ਸੰਦੀਪ ਕੁਮਾਰ ਤੇ ਰਾਹੁਲ ਸ਼ਰਮਾ ਆਦਿ ਮੌਜੂਦ ਸਨ।


ਲੋਕਾਂ ਨੂੰ ਵੰਡੇ ਲਾਲੀਪਾਪ
ਰੂਪਨਗਰ, (ਵਿਜੇ)-ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੀ ਅਗਵਾਈ 'ਚ ਠੇਕਾ ਮੁਲਾਜ਼ਮਾਂ ਨੇ ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਲਾਰੇ ਲਾਉਣ ਦੀ ਨੀਤੀ ਦੇ ਰੋਸ ਵਜੋਂ ਲਾਲੀਪਾਪ ਵੰਡ ਕੇ ਪ੍ਰਦਰਸ਼ਨ ਕੀਤਾ। 
ਇਸ ਮੌਕੇ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਆਗੂ ਜਤਿੰਦਰਪਾਲ ਸਿੰਘ, ਪ੍ਰਦੀਪ ਸ਼ਰਮਾ, ਗੁਰਲਾਲ ਗਿੱਲ, ਜੂਹੀ ਵੋਹਰਾ, ਨੀਤਾ ਸ਼ਰਮਾ ਆਦਿ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਨੇ ਇਕ ਸਾਲ ਦੇ ਅਰਸੇ ਦੌਰਾਨ ਸੂਬੇ ਦੀ ਜਨਤਾ ਅਤੇ ਖਾਸਕਰ ਨੌਜਵਾਨਾਂ ਨਾਲ ਵਾਅਦਾਖਿਲਾਫੀ ਕੀਤੀ। ਜਦੋਂਕਿ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਹੁਣ ਠੇਕਾ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਕੋਈ ਨੀਤੀ ਨਹੀਂ ਬਣਾਈ ਜਾ ਰਹੀ ਅਤੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਧੱਕੇ ਖਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ।