ਨਾਜਾਇਜ਼ ਕਾਲੋਨੀਆਂ ਦਾ ਨਿਰਮਾਣ ਜ਼ੋਰਾਂ ''ਤੇ

11/18/2017 7:34:33 AM

ਤਰਨਤਾਰਨ,   (ਮਿਲਾਪ)-  ਜ਼ਿਲੇ 'ਚ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਪੁੱਡਾ ਦੀਆਂ ਅੱਖਾਂ 'ਚ ਸ਼ਰੇਆਮ ਘੱਟਾ ਪਾਇਆ ਜਾ ਰਿਹਾ ਹੈ। 2013 'ਚ ਅਕਾਲੀ ਸਰਕਾਰ ਵੱਲੋਂ ਨਾਜਾਇਜ਼ ਕਾਲੋਨੀਆਂ 'ਤੇ ਸਖਤੀ ਨਾਲ ਪਾਬੰਦੀ ਲਾਈ ਗਈ ਸੀ ਪਰ ਕਾਂਗਰਸ ਸਰਕਾਰ ਦੇ ਸੱਤਾ 'ਚ ਆਉਂਦਿਆਂ ਹੀ ਸਿਆਸੀ ਸ਼ਹਿ 'ਤੇ ਕੁੱਝ ਵਿਅਕਤੀ ਜ਼ਿਲੇ 'ਚ ਨਾਜਾਇਜ਼ ਕਾਲੋਨੀਆਂ ਦਾ ਧੜੱਲੇ ਨਾਲ ਨਿਰਮਾਣ ਕਰ ਰਹੇ ਹਨ। ਇਸੇ ਤਹਿਤ ਤਰਨਤਾਰਨ ਦੇ ਨਵੇਂ ਬਾਈਪਾਸ ਦੇ ਕੋਲ ਪੰਡੋਰੀ ਗੋਲਾ ਵਿਖੇ ਲਗਭਗ 7 ਏਕੜ 'ਚ ਸਮਾਰਟ ਸਿਟੀ ਨਿਯਮਾਂ ਦੀ ਉਲੰਘਣਾ ਕਰ ਕੇ ਇਕ ਕਾਲੋਨੀ ਬਣਾਈ ਜਾ ਰਹੀ ਹੈ। ਇਸ ਦੇ ਨਜ਼ਦੀਕ ਇਕ ਹੋਰ ਲਗਭਗ 3 ਏਕੜ 'ਚ ਕਾਲੋਨੀ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ, ਜਿੱਥੇ ਬੇਖੌਫ ਹੋ ਕੇ ਕਾਲੋਨੀ ਦੀ ਪਲਾਟਿੰਗ ਕੀਤੀ ਗਈ ਹੈ। ਇੱਥੇ ਹੀ ਬੱਸ ਨਹੀਂ ਮੱਲ੍ਹੀਆਂ ਤੋਂ ਬਾਠ ਰੋਡ 'ਤੇ ਦਸਮੇਸ਼ ਨਗਰ ਕਾਲੋਨੀ 'ਚ 2 ਏਕੜ 'ਚ ਨਾਜਾਇਜ਼ ਕਾਲੋਨੀ ਦੇ ਪਲਾਟ ਵੀ ਕੱਟੇ ਗਏ ਹਨ, ਜਿਨ੍ਹਾਂ ਨੂੰ ਪੁੱਡਾ ਦੀ ਸਟੇਟ ਅਫਸਰ ਮੈਡਮ ਅਨੂਪ੍ਰੀਤ ਕੌਰ ਨੇ ਕਾਲੋਨੀਆਂ ਦਾ ਕੰਮ ਬੰਦ ਕਰਨ ਬਾਰੇ ਸਖਤ ਹਦਾਇਤ ਜਾਰੀ ਕੀਤੀ ਸੀ ਅਤੇ ਪੁੱਡਾ ਤੋਂ ਅਪਰੂਵਡ ਕਰਵਾਉਣ ਤੋਂ ਬਾਅਦ ਹੀ ਕੰਮ ਚਲਾਉਣ ਦੇ ਹੁਕਮ ਜਾਰੀ ਕੀਤੇ ਸਨ। ਇਨ੍ਹਾਂ ਹੁਕਮਾਂ ਨੂੰ ਟਿੱਚ ਜਾਣਦੇ ਹੋਏ ਕਾਲੋਨਾਈਜ਼ਰ ਕਾਲੋਨੀਆਂ ਦਾ ਕੰਮ ਚਲਾਈ ਜਾ ਰਹੇ ਹਨ। ਓਧਰ ਸਰਕਾਰੀ ਵਿਭਾਗਾਂ ਦੇ ਅਫਸਰਾਂ ਨੇ ਕਿਹਾ ਹੈ ਕਿ ਜੇਕਰ ਇਹ ਕਾਲੋਨੀਆਂ ਪੁੱਡਾ ਤੋਂ ਅਪਰੂਵਡ ਨਹੀਂ ਹੁੰਦੀਆਂ ਤਾਂ ਇਨ੍ਹਾਂ ਨੂੰ ਕੋਈ ਬਿਜਲੀ ਕੁਨੈਕਸ਼ਨ, ਸੀਵਰੇਜ ਕੁਨੈਕਸ਼ਨ, ਸਟਰੀਟ ਲਾਈਟਾਂ ਤੇ ਗਲੀਆਂ ਨਾਲੀਆਂ ਤੋਂ ਵਾਂਝਾ ਰੱਖਿਆ ਜਾਵੇਗਾ ਅਤੇ ਨਾ ਹੀ ਕੋਈ ਹੋਰ ਸਰਕਾਰੀ ਸਹੂਲਤ ਦਿੱਤੀ ਜਾਵੇਗੀ।