ਲੋਕਾਂ ਤੋਂ ਰੋਜ਼ਗਾਰ ਖੋਹ ਰਹੀ ਹੈ ਕਾਂਗਰਸ ਸਰਕਾਰ : ਪਰਮਿੰਦਰ ਢੀਂਡਸਾ

07/24/2017 12:50:59 AM

ਸੁਨਾਮ ਊਧਮ ਸਿੰਘ ਵਾਲਾ (ਮੰਗਲਾ) - ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਦੀ ਕੈਪਟਨ ਸਰਕਾਰ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਥਾਂ ਉਨ੍ਹਾਂ ਦਾ ਰੋਜ਼ਗਾਰ ਖੋਹ ਰਹੀ ਹੈ। ਟਰੱਕ ਯੂਨੀਅਨਾਂ ਰਾਹੀਂ ਪੰਜਾਬ ਦੇ ਲੱਖਾਂ ਲੋਕ ਆਪਣੀ ਰੋਜ਼ੀ-ਰੋਟੀ ਕਮਾ ਰਹੇ ਸਨ ਪਰ ਕੈਪਟਨ ਸਰਕਾਰ ਨੇ ਇਹ ਭੰਗ ਕਰ ਕੇ ਉਨ੍ਹਾਂ ਨੂੰ ਬੇਰੋਜ਼ਗਾਰ ਕਰ ਦਿੱਤਾ ਹੈ। ਹਰ ਘਰ ਵਿਚ ਇਕ ਨੌਕਰੀ ਦੇਣ ਦਾ ਵਾਅਦਾ ਕਰਨ ਵਾਲੀ ਕਾਂਗਰਸ ਸਰਕਾਰ ਇਕ ਘਰ ਨੂੰ ਹੀ ਨੌਕਰੀ ਦੇ ਸਕੀ ਹੈ, ਉਹ ਵੀ ਆਪਣੀ ਪਾਰਟੀ ਦੇ ਮਹਿਰੂਮ ਆਗੂ ਦੇ ਪਰਿਵਾਰਿਕ ਮੈਂਬਰ ਨੂੰ ।ਢੀਂਡਸਾ ਨੇ ਸਵਾਲ ਕੀਤਾ ਕਿ ਇਕ ਪਾਸੇ ਸਰਕਾਰ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੇ ਦਗਮਜੇ ਮਾਰ ਰਹੀ ਹੈ ਅਤੇ ਦੂਜੇ ਪਾਸੇ ਵੱਖ-ਵੱਖ ਬੈਂਕਾਂ ਵੱਲੋਂ ਕਿਸਾਨਾਂ ਨੂੰ ਕਰਜ਼ ਵਸੂਲੀ ਦੇ ਨੋਟਿਸ ਦਿੱਤੇ ਜਾ ਰਹੇ ਹਨ । ਸਰਕਾਰ ਦੱਸੇ ਕਿ ਆਖਿਰ ਕਿਹੜਾ ਕਰਜ਼ਾ ਮੁਆਫ ਕੀਤਾ ਗਿਆ ਹੈ । ਸੂਬਾ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਪ੍ਰਵਾਹ ਨਹੀਂ ਹੈ । ਅਕਾਲੀ ਦਲ ਇਨ੍ਹਾਂ ਸਾਰੇ ਮੁੱਦਿਆਂ ਨੂੰ ਲੈ ਕੇ ਜਲਦ ਅੰਦੋਲਨ ਸ਼ੁਰੂ ਕਰੇਗਾ । ਇਸ ਮੌਕੇ ਅਮਨਵੀਰ ਸਿੰਘ ਚੈਰੀ, ਚਮਕੌਰ ਸਿੰਘ ਮੋਰਾਂਵਾਲੀ, ਗੁਰਚਰਨ ਸਿੰਘ, ਯਾਦਵਿੰਦਰ ਨਿਰਮਾਣ, ਸਤਗੁਰ ਸਿੰਘ ਆਦਿ ਹਾਜ਼ਰ ਸਨ।