31 ਹਜ਼ਾਰ ਕਰੋੜ ਦੇ ਅਨਾਜ ਘਪਲੇ ਦੀ ਜਾਂਚ ਵੀ ਸ਼ੁਰੂ ਨਹੀਂ ਕਰ ਸਕੀ ਕਾਂਗਰਸ ਸਰਕਾਰ

07/19/2017 6:32:28 AM

ਜਲੰਧਰ  (ਖੁਰਾਣਾ) - ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸੀ ਨੇਤਾਵਾਂ ਕੈਪਟਨ ਅਮਰਿੰਦਰ ਸਿੰਘ, ਮਨਪ੍ਰੀਤ ਸਿੰਘ ਬਾਦਲ ਅਤੇ ਹੋਰਨਾਂ ਨੇ ਅਕਾਲੀ-ਭਾਜਪਾ ਸਰਕਾਰ ਵਲੋਂ ਆਪਣੇ ਕਾਰਜਕਾਲ ਦੌਰਾਨ ਕੀਤੇ ਗਏ 31 ਹਜ਼ਾਰ ਕਰੋੜ ਰੁਪਏ ਦੇ ਅਨਾਜ ਘਪਲੇ ਦੇ ਮਾਮਲੇ ਨੂੰ ਜ਼ੋਰ-ਸ਼ੋਰ ਨਾਲ ਉਠਾਇਆ ਸੀ, ਜਿਸਦਾ ਕਾਫੀ ਅਸਰ ਚੋਣਾਂ ਦੌਰਾਨ ਦੇਖਣ ਨੂੰ ਵੀ ਮਿਲਿਆ ਪਰ 4 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਜਾਣ ਦੇ ਬਾਅਦ ਵੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਇਸ ਅਨਾਜ ਘਪਲੇ ਦੀ ਜਾਂਚ ਸ਼ੁਰੂ ਨਹੀਂ ਕਰ ਸਕੀ ਹੈ, ਜਿਸ ਕਾਰਨ ਇਹ ਮਾਮਲਾ ਦਬਦਾ ਹੋਇਆ ਪ੍ਰਤੀਤ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਅਜੇ ਤਕ ਕੈਪਟਨ ਅਮਰਿੰਦਰ ਆਪਣੇ ਮੰਤਰੀ ਮੰਡਲ ਦਾ ਪੂਰਾ ਗਠਨ ਨਹੀਂ ਕਰ ਸਕੇ ਹਨ। ਸਿਵਲ ਸਪਲਾਈਜ਼ ਵਿਭਾਗ ਦਾ ਕੋਈ ਮੰਤਰੀ ਨਾ ਹੋਣ ਕਾਰਨ ਵਿਭਾਗ ਦਾ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ। ਇਸ ਸਾਲ ਸਮੇਂ ਸਿਰ ਬਰਸਾਤਾਂ ਹੋ ਜਾਣ ਦੇ ਕਾਰਨ ਸੂਬੇ 'ਚ ਝੋਨੇ ਦੀ ਬੰਪਰ ਫਸਲ ਹੋਣ ਦੀ ਆਸ ਹੈ ਪਰ ਮੰਤਰੀ ਦੀ ਗੈਰ-ਹਾਜ਼ਰੀ 'ਚ ਝੋਨੇ ਦੀ ਖਰੀਦ ਦੇ ਸੀਜ਼ਨ 'ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ।
ਪੰਜਾਬ ਰਾਈਸ ਮਿਲਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਜੈਨ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਪੰਜਾਬ ਦੀਆਂ ਖਰੀਦ ਏਜੰਸੀਆਂ ਦਾ ਕਰੋੜਾਂ ਰੁਪਿਆ ਰੋਕਿਆ ਹੋਇਆ ਹੈ ਅਤੇ ਇਨ੍ਹਾਂ ਏਜੰਸੀਆਂ ਨੇ ਕਰੋੜਾਂ ਰੁਪਏ ਦੀ ਰਕਮ ਪੰਜਾਬ ਦੇ ਰਾਈਸ ਮਿਲਰਜ਼ ਨੂੰ ਦੇਣੀ ਹੈ। ਵਿਭਾਗ ਦੇ ਉੱਚ ਅਧਿਕਾਰੀ ਮਨਮਰਜ਼ੀ ਕਰ ਰਹੇ ਹਨ। ਇਕ ਦਿਨ ਭੁਗਤਾਨ ਜਾਰੀ ਕਰਨ ਦੇ ਆਰਡਰ ਮਿਲਦੇ ਹਨ ਤਾਂ ਦੂਜੇ ਦਿਨ ਹੀ ਉਨ੍ਹਾਂ ਨੂੰ ਵਾਪਸ ਲੈ ਲਿਆ ਜਾਂਦਾ ਹੈ। ਐਸੋਸੀਏਸ਼ਨ ਦੀ ਮੰਗ ਹੈ ਕਿ ਵਿਭਾਗ ਦਾ ਮੰਤਰੀ ਜਲਦੀ ਬਣਾਇਆ ਜਾਏ ਤਾਂ ਜੋ ਝੋਨੇ ਦੀ ਫਸਲ ਆਉਣ ਤੋਂ ਪਹਿਲਾਂ ਨਵੀਂ ਨੀਤੀ ਦਾ ਐਲਾਨ ਸਮੇਂ ਸਿਰ ਹੋ ਸਕੇ। ਨਾਲ ਹੀ ਬਾਰਦਾਨੇ ਬਾਰੇ ਵੀ ਹਾਲਾਤ ਸਪੱਸ਼ਟ ਹੋ ਸਕਣ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਵੱਡੀ ਪੱਧਰ 'ਤੇ ਭ੍ਰਿਸ਼ਟਾਚਾਰ ਕਰਨ ਵਾਲੇ ਕਈ ਅਧਿਕਾਰੀ ਇਸ ਸਮੇਂ ਮਲਾਈਦਾਰ ਸੀਟਾਂ 'ਤੇ ਨਿਯੁਕਤ ਹਨ। ਉਨ੍ਹਾਂ ਦੀ ਛਾਂਟੀ  ਤਦ ਹੀ ਸੰਭਵ ਹੈ ਜੇ ਵਿਭਾਗ ਦਾ ਕੋਈ ਮੰਤਰੀ ਇਸ ਵਲ ਧਿਆਨ ਦੇਵੇ।