ਸਬਜ਼ੀ ਮੰਡੀ ਟਾਂਡਾ ਦੀ ਹਾਲਤ ਬਦਤਰ

07/15/2017 3:08:14 AM

ਟਾਂਡਾ, (ਮੋਮੀ)- ਮਾਰਕੀਟ ਕਮੇਟੀ ਟਾਂਡਾ ਅਧੀਨ ਸਬਜ਼ੀ ਮੰਡੀ ਟਾਂਡਾ ਦੀ ਹਾਲਤ ਬਦ ਤੋਂ ਬਦਤਰ ਹੋਈ ਪਈ ਹੈ, ਜਿਸ ਕਾਰਨ ਇਥੇ ਸਬਜ਼ੀਆਂ ਵੇਚਣ ਵਾਲੇ ਆੜ੍ਹਤੀਆਂ, ਜ਼ਿਮੀਂਦਾਰਾਂ ਤੇ ਖਰੀਦਣ ਵਾਲਿਆਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਕੀ ਹੈ ਸਮੱਸਿਆ : ਸਬਜ਼ੀ ਮੰਡੀ ਅੰਦਰ ਬਰਸਾਤੀ ਪਾਣੀ ਦਾ ਢੁਕਵਾਂ ਤੇ ਸਹੀ ਨਿਕਾਸ ਨਾ ਹੋਣ ਕਾਰਨ ਥੋੜ੍ਹੀ ਜਿਹੀ ਬਰਸਾਤ ਉਪਰੰਤ ਹੀ ਮੰਡੀ ਦੀਆਂ ਸੜਕਾਂ ਛੱਪੜ ਦਾ ਰੂਪ ਧਾਰਨ ਕਰ ਜਾਂਦੀਆਂ ਹਨ ਅਤੇ ਸਾਰੇ ਪਾਸੇ ਗੰਦਗੀ ਫੈਲ ਜਾਂਦੀ ਹੈ, ਜੋ ਕਈ ਬੀਮਾਰੀਆਂ ਨੂੰ ਜਨਮ ਦਿੰਦੀ ਹੈ। ਇਥੇ ਦੱਸਣਯੋਗ ਹੈ ਕਿ ਮਾਰਕੀਟ ਕਮੇਟੀ ਵੱਲੋਂ ਆੜ੍ਹਤੀਆਂ ਤੇ ਕਿਸਾਨਾਂ ਨੂੰ ਸਹੂਲਤਾਂ ਦੇਣ ਲਈ ਮੋਟੀ ਫ਼ੀਸ ਵਸੂਲੀ ਜਾਂਦੀ ਹੈ ਪਰ ਸਹੂਲਤਾਂ ਦਿੱਤੀਆਂ ਨਹੀਂ ਜਾਂਦੀਆਂ। 
ਇਸ ਮੌਕੇ ਮੰਡੀ ਦੀ ਹਾਲਤ ਸੁਧਾਰਨ ਲਈ ਆਵਾਜ਼ ਬੁਲੰਦ ਕਰਦਿਆਂ ਜ਼ਿਮੀਂਦਾਰਾਂ ਨੇ ਮੰਗ ਕੀਤੀ ਕਿ ਮੰਡੀ 'ਚ ਪਈ ਗੰਦਗੀ ਨੂੰ ਦੂਰ ਕੀਤਾ ਜਾਵੇ। ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਦੇ ਸੈਕਟਰੀ ਸੁੱਚਾ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਉਕਤ ਸਮੱਸਿਆ ਉਨ੍ਹਾਂ ਦੇ ਧਿਆਨ 'ਚ ਹੈ ਅਤੇ ਇਸ ਸਬੰਧੀ ਪ੍ਰਪੋਜ਼ਲ ਬਣਾ ਕੇ ਫੰਡ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਇਸ ਸਮੱਸਿਆ ਦਾ ਹੱਲ ਹੋ ਸਕੇ।