ਤਹਿਸੀਲ ਕੰਪਲੈਕਸ ਬਲਾਚੌਰ ਦੇ ਪਖਾਨਿਆਂ ਦੀ ਹਾਲਤ ਖਸਤਾ

11/07/2017 2:56:28 AM

ਕਾਠਗੜ੍ਹ,   (ਰਾਜੇਸ਼)-  ਤਹਿਸੀਲ ਕੰਪਲੈਕਸ ਬਲਾਚੌਰ ਵਿਖੇ ਬਣੇ ਜਨਤਕ ਪਖਾਨਿਆਂ ਦੀ ਹਾਲਤ ਖਸਤਾ ਹੈ ਤੇ ਉਥੇ ਹਰ ਵੇਲੇ ਗੰਦਗੀ ਹੀ ਦੇਖਣ ਨੂੰ ਮਿਲਦੀ ਹੈ।
ਲੋਕਾਂ ਵੱਲੋਂ ਵਾਰ-ਵਾਰ ਕਹਿਣ 'ਤੇ ਜਦੋਂ ਕੰਪਲੈਕਸ ਦੇ ਜਨਤਕ ਪਖਾਨਿਆਂ ਨੂੰ ਦੇਖਿਆ ਤਾਂ ਟਾਇਲਟਾਂ ਦੇ ਆਲੇ-ਦੁਆਲੇ ਕਾਈ ਜੰਮੀ ਹੋਈ ਸੀ ਤੇ ਲੱਗੀਆਂ ਟਾਇਲਟਾਂ ਦਾ ਰੰਗ ਵੀ ਭੱਦਾ ਹੋ ਚੁੱਕਾ ਹੈ। ਇਥੋਂ ਤੱਕ ਕਿ ਕੁਝ ਹਿੱਸੇ 'ਚ ਟਾਇਲਾਂ ਜਾਂ ਤਾਂ ਉੱਖੜ ਚੁੱਕੀਆਂ ਹਨ ਜਾਂ ਟੁੱਟ ਚੁੱਕੀਆਂ ਹਨ। ਟੂਟੀਆਂ 'ਚੋਂ ਪਾਣੀ ਹਰ ਸਮੇਂ ਵਗਦਾ ਰਹਿੰਦਾ ਹੈ। ਬਾਹਰੋਂ ਕੰਮ ਕਰਵਾਉਣ ਆਏ ਜਾਂ ਤਹਿਸੀਲ 'ਚ ਬੈਠੇ ਟਾਈਪਿਸਟ ਜਦੋਂ ਟਾਇਲਟਾਂ ਵੱਲ ਜਾਂਦੇ ਹਨ ਤਾਂ ਬਦਬੂ ਕਾਰਨ ਉਨ੍ਹਾਂ ਦਾ ਹਾਲ ਮਾੜਾ ਹੋ ਜਾਂਦਾ ਹੈ।
ਇਥੇ ਹੀ ਬਸ ਨਹੀਂ, ਇਨ੍ਹਾਂ ਪਖਾਨਿਆਂ ਦੇ ਨੇੜੇ ਇਕ ਕੰਟੀਨ ਵੀ ਹੈ। ਮੱਖੀਆਂ ਗੰਦਗੀ ਵਾਲੇ ਪਾਸਿਓਂ ਆ ਕੇ ਕੰਟੀਨ 'ਚ ਖਾਣ-ਪੀਣ ਵਾਲੀਆਂ ਚੀਜ਼ਾਂ 'ਤੇ ਬੈਠਦੀਆਂ ਹਨ। ਲੋਕਾਂ ਨੇ ਦੱਸਿਆ ਕਿ ਅਜਿਹੀ ਗੰਦਗੀ ਕਾਰਨ ਡੇਂਗੂ ਦਾ ਮੱਛਰ ਵੀ ਪੈਦਾ ਹੁੰਦਾ ਹੈ। ਕੰਪਲੈਕਸ 'ਚ ਸਫ਼ਾਈ ਦਾ ਵੀ ਮੰਦਾ ਹਾਲ ਹੈ ਤੇ ਕੂੜੇ ਨੂੰ ਚੰਗੀ ਤਰ੍ਹਾਂ ਚੁੱਕਣ ਦੀ ਬਜਾਏ ਉਥੇ ਹੀ ਅੱਗ ਲਾ ਦਿੱਤੀ ਜਾਂਦੀ ਹੈ। ਕੰਪਲੈਕਸ 'ਚ ਸਫ਼ਾਈ ਸੇਵਕ ਹੋਣ ਦੇ ਬਾਵਜੂਦ ਸਫ਼ਾਈ ਦਾ ਜੇ ਮਾੜਾ ਹਾਲ ਹੈ ਤਾਂ ਫਿਰ ਨਾ ਹੋਣ 'ਤੇ ਕੀ ਹੋਵੇਗਾ। 
ਇਸ ਬਾਰੇ ਲੋਕਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਪਖਾਨਿਆਂ ਦੀ ਹਾਲਤ ਨੂੰ ਸੁਧਾਰਨ ਵੱਲ ਵਿਸ਼ੇਸ਼ ਧਿਆਨ ਦੇਵੇ ਕਿਉਂਕਿ ਰੋਜ਼ਾਨਾ ਹੀ ਸੈਂਕੜੇ ਲੋਕਾਂ ਦਾ ਤਹਿਸੀਲ ਨਾਲ ਸੰਬੰਧਤ ਕੰਮ ਕਰਵਾਉਣ ਲਈ ਆਉਣਾ-ਜਾਣਾ ਰਹਿੰਦਾ ਹੈ। ਜੋ ਟੁੱਟ-ਭੱਜ ਹੈ, ਉਸ ਨੂੰ ਵੀ ਸਹੀ ਕਰਵਾਇਆ ਜਾਵੇ। 

ਜਲਦੀ ਸੁਧਾਰ ਕੀਤਾ ਜਾਵੇਗਾ : ਐੱਸ. ਡੀ. ਐੱਮ.
ਬਲਾਚੌਰ ਦੇ ਐੱਸ.ਡੀ.ਐੱਮ. ਜਗਜੀਤ ਸਿੰਘ ਨੇ ਕਿਹਾ ਕਿ ਉਕਤ ਸਮੱਸਿਆ ਵੱਲ ਉਚੇਚਾ ਧਿਆਨ ਦੇ ਕੇ ਜਲਦੀ ਸੁਧਾਰ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।