ਬੀ. ਐੱਸ. ਐੱਫ. ਦੀ ਪਲਟੂਨ ਕਮਾਂਡਰ ''ਚ ਆਪਣੀ ਬੇਟੀ ਰਾਬੀਆ ਨਜ਼ਰ ਆਉਂਦੀ ਹੈ

03/09/2018 1:54:12 AM

ਜਲੰਧਰ/ਅੰਮ੍ਰਿਤਸਰ (ਨਰੇਸ਼, ਨੀਰਜ) - ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵੀਰਵਾਰ ਨੂੰ ਕੌਮਾਂਤਰੀ ਮਹਿਲਾ ਦਿਵਸ ਮੌਕੇ 'ਤੇ ਪਾਕਿਸਤਾਨ ਦੇ ਬਾਰਡਰ 'ਤੇ ਤਾਇਨਾਤ ਬੀ. ਐੱਸ. ਐੱਫ. ਦੀਆਂ ਮਹਿਲਾ ਸੁਰੱਖਿਆ ਕਰਮਚਾਰੀਆਂ ਨੂੰ ਮਿਲਣ ਪੁੱਜੇ ਅਤੇ ਉਨ੍ਹਾਂ ਨੂੰ ਮਹਿਲਾ ਦਿਵਸ ਦੀ ਵਧਾਈ ਦਿੱਤੀ। ਇਸ ਦੌਰਾਨ ਜਗ ਬਾਣੀ ਨਾਲ ਗੱਲਬਾਤ ਕਰਦੇ ਹੋਏ ਭਾਵੁਕ ਹੋਏ ਸਿੱਧੂ ਨੇ ਕਿਹਾ ਕਿ ਇਸ ਤਰ੍ਹਾਂ ਦਾ ਮਹਿਲਾ ਸਸ਼ਕਤੀਕਰਨ ਕੋਈ ਸਿਆਸੀ ਨੇਤਾ ਜਾਂ ਕੋਈ ਹੋਰ ਵਿਅਕਤੀ ਨਹੀਂ ਮਨਾ ਸਕਦਾ। ਇਥੇ ਮਹਿਲਾਵਾਂ ਨੂੰ ਪ੍ਰੇਡ ਦੀ ਅਗਵਾਈ ਕਰਨ ਦਾ ਮੌਕਾ ਮਿਲਿਆ ਹੈ। ਇਨ੍ਹਾਂ 'ਚੋਂ ਇਕ ਪਲਟੂਨ ਕਮਾਂਡਰ ਮੈਨੂੰ ਆਪਣੀ ਬੇਟੀ ਰਾਬੀਆ ਵਾਂਗ ਲੱਗੀ। ਮੈਨੂੰ ਇਥੇ ਆ ਕੇ ਜੋ ਪ੍ਰੇਰਣਾ ਮਿਲੀ, ਉਸ ਨੂੰ ਮੈਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ।
ਸਿੱਧੂ ਨੇ ਕਿਹਾ ਕਿ ਅੱਜ ਉਨ੍ਹਾਂ ਨੇ ਇਥੇ ਬਲੀਦਾਨ ਅਤੇ ਫਰਜ਼ ਨਿਭਾਉਣ ਦਾ ਜਜ਼ਬਾ ਦੇਖਿਆ ਹੈ। ਬੀ. ਐੱਸ. ਐੱਫ. ਦੀਆਂ ਮਹਿਲਾ ਜਵਾਨ ਵਿਆਹ ਹੋਣ ਤੋਂ ਬਾਅਦ ਚੂੜਾ ਪਾਇਆ ਹੋਣ ਦੇ ਬਾਵਜੂਦ ਘਰ-ਬਾਰ ਛੱਡ ਕੇ ਸਰਹੱਦ 'ਤੇ ਸਾਡੀ ਸੁਰੱਖਿਆ ਖਾਤਰ ਦੁਸ਼ਮਣ ਸਾਹਮਣੇ ਸੀਨਾ ਤਾਣ ਕੇ ਖੜ੍ਹੀਆਂ ਹਨ। ਸਿੱਧੂ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ 'ਜੈ ਜਵਾਨ ਜੈ ਕਿਸਾਨ' ਮੈਂ ਅੱਜ ਵੀ ਉਸ ਭਾਵਨਾ ਦੀ ਕਦਰ ਕਰਦਾ ਹਾਂ। ਸਾਨੂੰ ਰੋਜ਼ ਇਨ੍ਹਾਂ ਜਵਾਨਾਂ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਜੋ ਉਲਟ ਹਾਲਾਤ ਦੇ ਬਾਵਜੂਦ ਸਾਡੀ ਸੁਰੱਖਿਆ ਲਈ ਜਾਨ ਦੀ ਬਾਜ਼ੀ ਲਾ ਕੇ ਡਿਊਟੀ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਭੈਣ ਭਾਰਤ ਆਈ ਤਾਂ ਉਸ ਨੇ ਸਾਰਾ ਦੇਸ਼ ਘੁੰਮਿਆ ਪਰ ਉਸ ਨੂੰ ਸਭ ਤੋਂ ਚੰਗਾ ਵਾਹਗਾ ਬਾਰਡਰ 'ਤੇ ਪ੍ਰੇਡ ਦੀ ਅਗਵਾਈ ਕਰਦੀਆਂ ਮਹਿਲਾ ਜਵਾਨਾਂ ਨੂੰ ਦੇਖ ਕੇ ਲੱਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਫਲਤਾ ਦੇ ਪਿੱਛੇ ਵੀ ਔਰਤਾਂ ਦਾ ਹੀ ਹੱਥ ਹੈ। ਮੈਂ ਅੱਜ ਜੋ ਵੀ ਹਾਂ ਉਹ ਆਪਣੀ ਮਾਂ ਦੀ ਮਿਹਨਤ, ਭੈਣ ਦੀਆਂ ਦੁਆਵਾਂ ਅਤੇ ਪਤਨੀ ਵਲੋਂ ਵਧਾਏ ਹੌਸਲੇ ਦੀ ਬਦੌਲਤ ਹੀ ਹਾਂ।