ਪਾਣੀ ਵਾਲੇ ਟੱਬ ''ਚ ਡੁੱਬਣ ਨਾਲ ਬੱਚੀ ਦੀ ਮੌਤ

11/13/2017 7:56:25 AM

ਪੰਚਕੂਲਾ, (ਚੰਦਨ)- ਖੇਡਦੇ ਹੋਏ ਇਕ ਬੱਚੀ ਦੀ ਪਾਣੀ ਦੇ ਟੱਬ 'ਚ ਡੁੱਬਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਅੰਬਾਲਾ ਤੋਂ ਆਪਣੇ ਪੇਕੇ ਘਰ ਆਈ ਔਰਤ ਦੀ ਇਕ ਸਾਲ ਦੀ ਬੱਚੀ ਦੀ ਪਾਣੀ ਦੇ ਭਰੇ ਟੱਬ 'ਚ ਡੁੱਬਣ ਨਾਲ ਮੌਤ ਹੋ ਗਈ। ਐਤਵਾਰ ਦੁਪਹਿਰ ਲਗਭਗ 3 ਵਜੇ ਘਰ ਦੇ ਸਾਰੇ ਪਰਿਵਾਰਕ ਮੈਂਬਰ ਆਪਸ 'ਚ ਗੱਲਾਂ ਕਰ ਰਹੇ ਸਨ। ਇਸੇ ਦੌਰਾਨ ਬੱਚੀ ਖੇਡਦੀ ਹੋਈ ਪਾਣੀ ਨਾਲ ਭਰੇ ਟੱਬ ਨੇੜੇ ਪਹੁੰਚ ਗਈ ਤੇ ਉਸ 'ਚ ਡੁੱਬ ਗਈ। 
ਜਦੋਂ ਪਰਿਵਾਰਕ ਮੈਂਬਰਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਤੁਰੰਤ ਬੱਚੀ ਨੂੰ ਲੈ ਕੇ ਹਸਪਤਾਲ ਪਹੁੰਚੇ, ਜਿਥੇ ਜਾਂਚ ਦੌਰਾਨ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮੌਕੇ 'ਤੇ ਪਹੁੰਚੀ ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ 'ਚ ਰਖਵਾ ਦਿੱਤਾ। ਸੋਮਵਾਰ ਨੂੰ ਪੋਸਟਮਾਰਟਮ ਕਰਵਾਉਣ ਮਗਰੋਂ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਜਾਏਗੀ।


Related News