ਕੇਂਦਰ ਸਰਕਾਰ ਵੱਲੋਂ ਮਹਿੰਗਾਈ ''ਤੇ ਕਾਬੂ ਪਾਉਣ ਦੇ ਵਾਅਦੇ ਹੋਏ ਫੇਲ

09/21/2017 11:44:11 PM

ਬੱਧਨੀ ਕਲਾਂ, (ਬੱਲ)-  ਦਿਨ ਪ੍ਰਤੀ ਦਿਨ ਵੱਧ ਰਹੀ ਮਹਿੰਗਾਈ 'ਤੇ ਕਾਬੂ ਪਾਉਣ ਦੇ ਵਾਅਦੇ ਕਰਨ ਵਾਲੀ ਕੇਂਦਰ ਸਰਕਾਰ ਅੱਜ ਫੇਲ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਦਾਲਾਂ-ਸਬਜ਼ੀਆਂ ਦੀਆਂ ਵੱਧ ਰਹੀਆਂ ਬੇਤਹਾਸ਼ਾ ਕੀਮਤਾਂ ਨੇ ਲੋਕਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ, ਜਿਸ ਕਾਰਨ ਆਮ ਲੋਕਾਂ ਨੂੰ ਦੋ ਵਕਤ ਦੀ ਰੋਟੀ ਖਾਣੀ ਵੀ ਮੁਸ਼ਕਿਲ ਹੁੰਦੀ ਜਾ ਰਹੀ ਹੈ। ਦਾਲਾਂ, ਸਬਜ਼ੀਆਂ ਦੀਆਂ ਵਧੀਆਂ ਕੀਮਤਾਂ ਸਬੰਧੀ ਗੁਰਮੇਲ ਸਿੰਘ, ਸੋਮਾ ਸਿੰਘ, ਤਰਸੇਮ ਸਿੰਘ, ਮਨਪ੍ਰੀਤ ਸਿੰਘ ਆਦਿ ਲੋਕਾਂ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ 'ਚ ਦਾਲ ਨਾਲ ਰੋਟੀ ਖਾਣੀ ਵੀ ਬੜੀ ਮੁਸ਼ਕਿਲ ਹੁੰਦੀ ਜਾ ਰਹੀ ਹੈ ਕਿਉਂਕਿ ਦਾਲਾਂ ਖਰੀਦਣੀਆਂ ਗਰੀਬ ਆਦਮੀ ਦੇ ਵੱਸੋਂ ਬਾਹਰ ਹੋ ਰਹੀਆਂ ਹਨ।
ਇਸ ਸਬੰਧੀ ਗੱਲਬਾਤ ਕਰਦਿਆਂ ਘਰੇਲੂ ਸੁਆਣੀਆਂ ਨੇ ਦੱਸਿਆ ਕਿ ਦਾਲਾਂ ਅਤੇ ਸਬਜ਼ੀਆਂ ਦੀਆਂ ਵਧੀਆਂ ਕੀਮਤਾਂ ਨੇ ਰਸੋਈ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ, ਜਿਨ੍ਹਾਂ ਪਰਿਵਾਰਾਂ ਦਾ ਇਕ ਮੈਂਬਰ ਕਮਾਉਣ ਵਾਲਾ ਹੈ, ਉਨ੍ਹਾਂ ਵਾਸਤੇ ਤਾਂ ਹੋਰ ਵੀ ਔਖਾ ਹੋ ਗਿਆ ਹੈ ਅਤੇ ਇਸ ਮਹਿੰਗਾਈ ਦੇ ਦੌਰ 'ਚ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ। ਇਸੇ ਤਰ੍ਹਾਂ ਕਿਸਾਨਾਂ ਤੋਂ ਵਪਾਰੀਆਂ ਵੱਲੋਂ ਮਨਮਰਜ਼ੀ ਵਾਲੇ ਘੱਟ ਭਾਅ 'ਤੇ ਖਰੀਦੀਆਂ ਸਬਜ਼ੀਆਂ ਨੂੰ ਵੀ ਬਾਅਦ ਵਿਚ ਕਈ ਗੁਣਾ ਮਹਿੰਗੇ ਭਾਅ 'ਚ ਵੇਚਿਆ ਜਾਂਦਾ ਹੈ, ਜਦਕਿ ਇਹ ਜਿਣਸਾਂ ਪੈਦਾ ਕਰਨ ਵਾਲੇ ਕਿਸਾਨਾਂ ਦੇ ਪੱਲੇ ਸਿਰਫ ਧੱਕੇ ਅਤੇ ਕਰਜ਼ੇ ਹੀ ਪੈਂਦੇ ਹਨ।