ਟਰੱਕਾਂ ਨੂੰ ਚੋਰੀ ਕਰਨ ਵਾਲੇ ਚੋਰ ਗਿਰੋਹ ਦੀ ਪੁਲਸ ਭਾਲ ਕਰੇ : ਟਰੱਕ ਓਪਰੇਟਰ

01/15/2018 12:25:23 PM

ਬੁਢਲਾਡਾ (ਮਨਜੀਤ) — ਇਸ ਖੇਤਰ ਅੰਦਰ ਟਰੱਕ ਚੋਰੀ ਹੋਣ ਦੀਆਂ ਘਟਨਾਵਾਂ 'ਤੇ ਚਿੰਤਾ ਪ੍ਰਗਟ ਕਰਦਿਆਂ ਟਰੱਕ ਓਪਰੇਟਰਾਂ ਨੇ ਸਰਕਾਰ ਤੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਖਤੀ ਨਾਲ ਚੋਰੀ ਦੀਆਂ ਘਟਨਾਵਾਂ ਨੂੰ ਨੱਥ ਪਾਈ ਜਾਵੇ । ਅੱਜ ਟਰੱਕ ਯੁਨੀਅਨ ਵਿਖੇ ਟਰੱਕ ਓਪਰੇਟਰ ਬਲਵਿੰਦਰ ਕੁਮਾਰ ਲੋਹਟੀਆਂ ਨੇ ਦੱਸਿਆ ਕਿ ਬੋਹਾ ਰੋਡ ਤੋਂ ਅਮਰਨਾਥ ਦੇ ਪੰਪ ਤੋਂ ਪਿਛਲੇ ਹਫਤੇ ਟਰੱਕ ਚੋਰੀ ਹੋ ਗਿਆ, ਜਿਸ ਦੀ ਇਤਲਾਹ ਉਨ੍ਹਾਂ ਨੇ ਪੁਲਸ ਨੂੰ ਦਿੱਤੀ ਹੈ । ਟਰੱਕ ਓਪਰੇਟਰ ਯੁਨੀਅਨ ਦੇ ਪ੍ਰਧਾਨ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਰਣਜੀਤ ਸਿੰਘ ਦੋਦੜਾ ਨੇ ਕਿਹਾ ਕਿ ਹੁਣ ਤੱਕ ਪਿਛਲੇ ਸਮੇਂ ਦੌਰਾਨ ਅੱਧੀ ਦਰਜਨ ਦੇ ਕਰੀਬ ਬੁਢਲਾਡਾ,ਭੀਖੀ, ਬੋਹਾ ਰਤੀਆ ਰੋਡ ਸੜਕ ਉਤੋਂ ਹੀ ਟਰੱਕ ਚੋਰੀ ਹੋ ਰਹੇ ਹਨ ਪਰ ਅਜੇ ਤੱਕ ਪਿਛਲੇ ਸਮੇਂ ਦੌਰਾਨ ਚੋਰਾਂ ਦੀ ਭਾਲ ਨਹੀਂ ਹੋਈ । ਉਨ੍ਹਾਂ ਮੰਗ ਕੀਤੀ ਕਿ ਚੋਰਾਂ ਦੀ ਭਾਲ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਸਖਤ ਕਾਰਵਾਈ ਕਰਨ । 
ਦੂਜੇ ਪਾਸੇ ਥਾਣਾ ਮੁਖੀ ਬਲਵਿੰਦਰ ਸਿੰਘ ਰੋਮਾਣਾ ਨਾਲ ਗੱਲ ਕੀਤੀ ਕਿ ਉਨ੍ਹਾਂ ਕਿਹਾ ਕਿ ਉਨ੍ਹਾਂ ਕਾਰਜਕਾਲ ਸਮੇਂ ਦੌਰਾਨ ਇਕ ਹੀ ਟਰੱਕ ਚੋਰੀ ਹੋਣ ਦੀ ਜੁਬਾਨੀ ਇਤਲਾਹ ਆਈ ਹੈ ਪਰ ਅਜੇ ਤੱਕ ਚੋਰੀ ਹੋਏ ਟਰੱਕ ਦਾ ਮਾਲਕ ਪੁਲਸ ਨੂੰ ਚੋਰੀ ਹੋਏ ਟਰੱਕ ਬਾਰੇ ਬਿਆਨ ਤੱਕ ਨਹੀਂ ਲਿਖਾਉਣ ਆਇਆ ਪਰ ਫਿਰ ਵੀ ਪੁਲਸ ਵੱਲੋਂ ਚੋਰੀ ਹੋਏ ਟਰੱਕ ਦੀ ਖੁਫੀਆ ਤੌਰ ਤੇ ਜਾਂਚ ਕੀਤੀ ਜਾ ਰਹੀ ਹੈ।