ਮਾਮਲਾ ਦਾਜ ਦੀ ਮੰਗ ਦਾ ਸਹੁਰੇ ਪਰਿਵਾਰ ''ਤੇ ਘਰੋਂ ਕੱਢਣ ਦਾ ਦੋਸ਼

02/26/2018 4:10:11 AM

ਮੋਗਾ, (ਆਜ਼ਾਦ)- ਪਿੰਡ ਫਤਿਹਗੜ੍ਹ ਕੋਰੋਟਾਣਾ ਨਿਵਾਸੀ ਲੜਕੀ ਨੇ ਕਾਰ ਤੇ ਨਕਦੀ ਦੀ ਮੰਗ ਪੂਰੀ ਨਾ ਕਰਨ 'ਤੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਦੇ ਮੈਂਬਰਾਂ 'ਤੇ ਕੁੱਟ-ਮਾਰ ਕਰ ਕੇ ਉਸ ਨੂੰ ਘਰੋਂ ਕੱਢਣ ਦਾ ਦੋਸ਼ ਲਾਇਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਸਹੁਰੇ ਪਰਿਵਾਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਕੀ ਹੈ ਸਾਰਾ ਮਾਮਲਾ
ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਪੀੜਤਾ ਨੇ ਕਿਹਾ ਕਿ ਉਸ ਦਾ ਵਿਆਹ 20 ਜਨਵਰੀ, 2016 ਨੂੰ ਅਰਵਿੰਦ ਕੋਮਲ ਪੁੱਤਰ ਰਜਿੰਦਰ ਕੁਮਾਰ ਨਿਵਾਸੀ ਸੂਰਜ ਨਗਰ ਮੋਗਾ ਨਾਲ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਰਾਇਲ ਪੈਲੇਸ ਲੁਹਾਰਾ ਚੌਕ ਮੋਗਾ 'ਚ ਹੋਇਆ ਸੀ। ਉਸ ਦਾ ਪਤੀ ਸੂਰਜ ਨਗਰ ਮੋਗਾ 'ਚ ਮੋਬਾਇਲਾਂ ਦੀ ਦੁਕਾਨ ਕਰਦਾ ਹੈ। ਵਿਆਹ ਸਮੇਂ ਮੇਰੇ ਮਾਪਿਆਂ ਨੇ ਹੈਸੀਅਤ ਅਨੁਸਾਰ ਦਾਜ ਦੇਣ ਦੇ ਇਲਾਵਾ ਸੋਨੇ ਦੇ ਗਹਿਣੇ, ਆਲਟੋ ਕਾਰ ਵੀ ਦਿੱਤੀ ਸੀ। ਮੇਰੇ ਇਕ ਲੜਕੀ ਵੀ ਹੈ। 
ਵਿਆਹ ਤੋਂ ਬਾਅਦ ਮੇਰਾ ਪਤੀ ਅਤੇ ਸਹੁਰੇ ਪਰਿਵਾਰ ਦੇ ਮੈਂਬਰ ਕਾਰ ਤੇ 2 ਲੱਖ ਰੁਪਏ ਨਕਦੀ ਲੈ ਕੇ ਆਉਣ ਦੀ ਮੰਗ ਦੇ ਇਲਾਵਾ ਕਹਿਣ ਲੱਗੇ ਕਿ ਤੂੰ ਆਪਣੇ ਮਾਪਿਆਂ ਦੀ ਜ਼ਮੀਨ 'ਚੋਂ ਵੀ ਹਿੱਸਾ ਮੰਗ, ਜਿਸ 'ਤੇ ਮੈਂ ਆਪਣੇ ਪਿਤਾ ਨੂੰ ਇਸ ਬਾਰੇ ਦੱਸਿਆ ਤਾਂ ਉਨ੍ਹਾਂ ਮੇਰੇ ਪਤੀ ਅਤੇ ਸਹੁਰੇ ਪਰਿਵਾਰ ਦੇ ਦੂਸਰੇ ਮੈਂਬਰਾਂ ਨੂੰ ਪੰਚਾਇਤੀ ਤੌਰ 'ਤੇ ਸਮਝਾਉਣ ਦਾ ਯਤਨ ਕੀਤਾ ਤੇ ਕਿਹਾ ਕਿ ਸਾਡੀ ਲੜਕੀ ਨੂੰ ਤੰਗ-ਪ੍ਰੇਸ਼ਾਨ ਨਾ ਕਰੋ। ਅਸੀਂ ਹੋਰ ਮੰਗ ਪੂਰੀ ਨਹੀਂ ਕਰ ਸਕਦੇ ਪਰ ਉਨ੍ਹਾਂ ਕੋਈ ਗੱਲ ਨਹੀਂ ਸੁਣੀ। ਉਹ ਮੈਨੂੰ ਹੋਰ ਤੰਗ-ਪ੍ਰੇਸ਼ਾਨ ਕਰਨ ਲੱਗ ਪਏ, ਜਿਸ 'ਤੇ ਮੈਨੂੰ ਥਾਣਾ ਧਰਮਕੋਟ 'ਚ ਸ਼ਿਕਾਇਤ ਪੱਤਰ ਦੇਣਾ ਪਿਆ। ਇਸ ਸਬੰਧੀ 18 ਜੁਲਾਈ, 2017 ਨੂੰ ਪਤਵੰਤੇ ਸੱਜਣਾਂ ਦੀ ਹਾਜ਼ਰੀ 'ਚ ਸਮਝੌਤਾ ਹੋਇਆ ਅਤੇ ਮੇਰੇ ਪਤੀ ਤੇ ਸਹੁਰੇ ਪਰਿਵਾਰ ਦੇ ਮੈਂਬਰ ਮੈਨੂੰ ਅੱਗੇ ਤੋਂ ਤੰਗ-ਪ੍ਰੇਸ਼ਾਨ ਨਾ ਕਰਨ ਦੀ ਗੱਲ ਕਹਿ ਕੇ ਆਪਣੇ ਨਾਲ ਲੈ ਗਏ ਪਰ ਕੁੱਝ ਮਹੀਨੇ ਬਾਅਦ ਹੀ ਉਹ ਮੈਨੂੰ ਫਿਰ ਤੰਗ-ਪ੍ਰੇਸ਼ਾਨ ਕਰਨ ਤੇ ਕੁੱਟ-ਮਾਰ ਕਰਨ ਲੱਗ ਪਏ ਅਤੇ ਮੇਰੇ ਪਤੀ ਨੇ ਗੱਡੀ ਦੀ ਭੰਨ-ਤੋੜ ਕਰਨ ਦੇ ਇਲਾਵਾ ਕੱਪੜੇ ਵੀ ਪਾੜ ਦਿੱਤੇ। ਮੇਰੇ ਪਤੀ ਅਤੇ ਸਹੁਰੇ ਪਰਿਵਾਰ ਨੇ ਮੇਰੇ ਦਾਜ ਦਾ ਸਾਰਾ ਸਾਮਾਨ ਵੀ ਹੜੱਪ ਕਰ ਲਿਆ ਅਤੇ ਕੁੱਟ-ਮਾਰ ਕਰ ਕੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ, ਜਿਸ 'ਤੇ ਮੈਨੂੰ ਇਨਸਾਫ ਲਈ ਜ਼ਿਲਾ ਪੁਲਸ ਮੁਖੀ ਮੋਗਾ ਨੂੰ ਸ਼ਿਕਾਇਤ ਪੱਤਰ ਦੇਣਾ ਪਿਆ। 
ਕੀ ਹੋਈ ਪੁਲਸ ਕਾਰਵਾਈ
ਜ਼ਿਲਾ ਪੁਲਸ ਮੁਖੀ ਮੋਗਾ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਜਾਂਚ ਵੂਮੈਨ ਸੈੱਲ ਮੋਗਾ ਨੂੰ ਕਰਨ ਦਾ ਹੁਕਮ ਦਿੱਤਾ, ਜਿਨ੍ਹਾਂ ਜਾਂਚ ਸਮੇਂ ਦੋਵਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਅਤੇ ਬਿਆਨ ਦਰਜ ਕੀਤੇ। ਜਾਂਚ ਅਧਿਕਾਰੀ ਵੱਲੋਂ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਗਏ, ਜਿਸ 'ਤੇ ਜ਼ਿਲਾ ਪੁਲਸ ਮੁਖੀ ਦੇ ਹੁਕਮਾਂ 'ਤੇ ਪੀੜਤਾ ਦੇ ਪਤੀ ਅਰਵਿੰਦ ਕੋਮਲ ਖਿਲਾਫ ਦਾਜ ਖਾਤਰ ਕੁੱਟ-ਮਾਰ ਕਰਨ ਦੋਸ਼ਾਂ ਤਹਿਤ ਥਾਣਾ ਧਰਮਕੋਟ 'ਚ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਉਹ ਕਾਬੂ ਨਹੀਂ ਆ ਸਕਿਆ।