ਦੋਹਰੇ ਕਤਲ ਕਾਂਡ ਪਿੱਛੇ ਨਿਕਲਿਆ ਨਾਜਾਇਜ਼ ਸਬੰਧਾਂ ਦਾ ਮਾਮਲਾ ''ਸਿਰ ਦੇ ਸਾਈਂ'' ਨੂੰ ਆਸ਼ਿਕ ਤੋਂ ਮਰਵਾਇਆ

12/02/2017 8:02:15 AM

ਅੰਮ੍ਰਿਤਸਰ, (ਅਰੁਣ)- 2 ਦਿਨ ਪਹਿਲਾਂ ਥਾਣਾ ਜੰਡਿਆਲਾ ਅਧੀਨ ਪੈਂਦੇ ਪਿੰਡ ਛਾਪਾਰਾਮ ਸਿੰਘ 'ਚ ਹੋਏ 2 ਦੋਸਤਾਂ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਜ਼ਿਲਾ ਦਿਹਾਤੀ ਪੁਲਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਘਿਨੌਣੇ ਜੁਰਮ ਨੂੰ ਨੇਪਰੇ ਚਾੜ੍ਹਨ ਵਾਲਾ ਕੋਈ ਹੋਰ ਨਹੀਂ, ਮ੍ਰਿਤਕ ਗੁਰਪ੍ਰੀਤ ਸਿੰਘ ਗੋਪੀ ਦੀ ਪਤਨੀ ਹੀ ਨਿਕਲੀ, ਜਿਸ ਦੇ ਮਾਨਾਂਵਾਲਾ ਵਾਸੀ ਨਿਰਮਲ ਸਿੰਘ ਨਾਲ ਨਾਜਾਇਜ਼ ਸਬੰਧ ਸਨ, ਜਿਸ ਦੇ ਹੱਥੋਂ ਕਤਲ ਕਰਵਾਇਆ ਗਿਆ ਤਾਂ ਜੋ ਉਸ ਦੀ ਪ੍ਰੇਮ ਲੀਲਾ ਵਿਚ ਰੋੜਾ ਬਣਨ ਵਾਲੇ ਤੋਂ ਆਪਣਾ ਰਾਹ ਸਾਫ ਕਰ ਲਿਆ ਜਾਵੇ।
ਇਸ ਸਬੰਧੀ ਵਧੇਰੇ ਖੁਲਾਸਾ ਕਰਦਿਆਂ ਅੱਜ ਇਕ ਪੱਤਰਕਾਰ ਸੰਮੇਲਨ ਦੌਰਾਨ ਜ਼ਿਲਾ ਦਿਹਾਤੀ ਪੁਲਸ ਮੁਖੀ ਪਰਮਪਾਲ ਸਿੰਘ ਨੇ ਦੱਸਿਆ ਕਿ ਥਾਣਾ ਜੰਡਿਆਲਾ ਵਿਖੇ ਦਰਜ ਇਸ ਅੰਨ੍ਹੇ ਕਤਲ ਦੇ ਮਾਮਲੇ ਜਿਸ ਵਿਚ 28 ਨਵੰਬਰ ਦੀ ਰਾਤ ਅਣਪਛਾਤੇ ਹਮਲਾਵਰਾਂ ਨੇ ਮਕਬੂਲਪੁਰਾ ਵਾਸੀ ਗੁਰਪ੍ਰੀਤ ਸਿੰਘ ਗੋਪੀ ਤੇ ਉਸ ਦੇ ਦੋਸਤ ਮਨਦੀਪ ਸਿੰਘ ਨਿੱਕਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ, ਦੇ ਸਬੰਧ ਵਿਚ ਇਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ। ਐੱਸ. ਪੀ. ਇਨਵੈਸਟੀਗੇਸ਼ਨ ਹਰਪਾਲ ਸਿੰਘ ਦੀ ਅਗਵਾਈ ਹੇਠ ਬਣੀ ਇਸ ਟੀਮ ਵੱਲੋਂ ਕੀਤੀ ਜਾ ਰਹੀ ਜਾਂਚ ਦੀ ਸੂਈ ਜੋ ਵਾਰ-ਵਾਰ ਕਿਸੇ ਕਰੀਬੀ ਰਿਸ਼ਤੇਦਾਰ ਵੱਲ ਹੀ ਮੁੜਦੀ ਨਜ਼ਰ ਆਈ ਅਤੇ ਘਰ ਦੇ ਦੁਖਦਾਈ ਮਾਹੌਲ ਨੂੰ ਧਿਆਨ 'ਚ ਰੱਖਦਿਆਂ ਪੁਲਸ ਪਾਰਟੀ ਨੇ ਆਪਣੀ ਜਾਂਚ ਨੂੰ ਖੁਫੀਆ ਤੌਰ 'ਤੇ ਜਾਰੀ ਰੱਖਿਆ ਅਤੇ ਸਸਕਾਰ ਦੀ ਰਸਮ ਪੂਰੀ ਹੋਣ ਮਗਰੋਂ ਪੁਲਸ ਪਾਰਟੀ ਨੇ ਮ੍ਰਿਤਕ ਗੁਰਪ੍ਰੀਤ ਸਿੰਘ ਦੀ ਪਤਨੀ ਮਨਮੀਤ ਕੌਰ ਨੂੰ ਹਿਰਾਸਤ ਵਿਚ ਲੈ ਕੇ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਪੂਰਾ ਸੱਚ ਉਗਲ ਦਿੱਤਾ।
ਮੁੱਢਲੀ ਪੁੱਛਗਿੱਛ ਵਿਚ ਮਨਮੀਤ ਕੌਰ ਨੇ ਮੰਨਿਆ ਕਿ ਕੁਝ ਸਮਾਂ ਪਹਿਲਾਂ ਨਿਰਮਲ ਸਿੰਘ ਨਿੰਮਾ ਰੰਗ-ਰੋਗਨ ਕਰਨ ਲਈ ਗੁਰਪ੍ਰੀਤ ਸਿੰਘ ਗੋਪੀ ਦੇ ਘਰ ਮਕਬੂਲਪੁਰਾ ਗਿਆ ਸੀ, ਇਸੇ ਦੌਰਾਨ ਗੁਰਪ੍ਰੀਤ ਸਿੰਘ, ਮਨਦੀਪ ਸਿੰਘ ਨਿੱਕਾ ਤੇ ਨਿਰਮਲ ਸਿੰਘ ਦੋਸਤ ਬਣ ਗਏ ਅਤੇ ਉਹ ਭਾਈਚਾਰਾ ਵਧਾਉਣ ਲੱਗ ਪਏ। ਕੁਝ ਹੀ ਦਿਨਾਂ ਮਗਰੋਂ ਉਸ ਦੇ ਨਿਰਮਲ ਨਿੰਮਾ ਨਾਲ ਨਾਜਾਇਜ਼ ਸਬੰਧ ਕਾਇਮ ਹੋ ਗਏ। ਪ੍ਰੇਮ ਜਾਲ 'ਚ ਫਸੇ ਇਸ ਜੋੜੇ ਨੇ ਆਪਣੇ ਪ੍ਰੇਮ ਵਿਚ ਅੜਿੱਕਾ ਬਣ ਰਹੇ ਗੁਰਪ੍ਰੀਤ ਸਿੰਘ ਨੂੰ ਟਿਕਾਣੇ ਲਾਉਂਦਿਆਂ ਆਪਸ ਵਿਚ ਵਿਆਹ ਕਰਵਾਉਣ ਅਤੇ ਪੰਜਾਬ ਤੋਂ ਬਾਹਰ ਕਿਸੇ ਹੋਰ ਪ੍ਰਾਂਤ ਵਿਚ ਜਾ ਵਸਣ ਦੀ ਠਾਣ ਲਈ ਸੀ। ਪੂਰੀ ਵਿਉਂਤ ਮੁਤਾਬਕ 28 ਨਵੰਬਰ ਨੂੰ ਨਿਰਮਲ ਸਿੰਘ ਆਪਣੇ ਦੋਵੇਂ ਦੋਸਤਾਂ ਗੁਰਪ੍ਰੀਤ ਤੇ ਮਨਦੀਪ ਸਿੰਘ ਨੂੰ ਆਪਣੇ ਘਰ ਪਿੰਡ ਮਾਨਾਂਵਾਲਾ ਲੈ ਗਿਆ, ਜਿਥੇ ਉਸ ਨੇ ਦੋਵਾਂ ਨੂੰ ਦੇਸੀ ਸ਼ਰਾਬ ਪਿਲਾਈ ਅਤੇ ਗੁਰਪ੍ਰੀਤ ਸਿੰਘ ਦੇ ਸਾਲੇ ਦੇ ਵਿਆਹ ਲਈ ਉਸ ਨੂੰ ਨਵੀਂ ਜੁੱਤੀ ਲੈ ਕੇ ਦੇਣ ਬਹਾਨੇ ਬਾਹਰ ਲੈ ਆਇਆ। ਰਸਤੇ ਵਿਚ ਖਾਲੀ ਜਗ੍ਹਾ ਦੇਖ ਕੇ ਨਿਰਮਲ ਸਿੰਘ ਨੇ ਰੁਕ ਕੇ ਸਿਗਰਟ ਪੀਣ ਦੀ ਇੱਛਾ ਜਤਾਈ ਅਤੇ ਜਿਵੇਂ ਹੀ ਉਹ ਲੋਕ ਸਿਗਰਟ ਪੀਂਦੇ ਤੁਰਨ ਲੱਗੇ ਤਾਂ ਪਹਿਲਾਂ ਤੋਂ ਬਣਾਈ ਵਿਉਂਤ ਮੁਤਾਬਕ ਨਿਰਮਲ ਸਿੰਘ ਨਿੰਮਾ ਨੇ ਲੁਕੋ ਕੇ ਰੱਖੇ ਤੇਜ਼ਧਾਰ ਦਾਤਰ ਨਾਲ ਅੰਨ੍ਹੇਵਾਹ ਵਾਰ ਕਰ ਕੇ ਦੋਵਾਂ ਦੋਸਤਾਂ ਨੂੰ ਬੇਰਹਿਮੀ ਨਾਲ ਜਾਨੋਂ ਮਾਰ ਦਿੱਤਾ।
ਐੱਸ. ਐੱਸ. ਪੀ. ਨੇ ਦੱਸਿਆ ਕਿ ਪੁਲਸ ਪਾਰਟੀ ਨੇ ਇਨ੍ਹਾਂ ਦੋਵਾਂ ਪ੍ਰੇਮੀ ਜੋੜੇ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਜਦੋਂ ਉਹ ਕਿਲਾ ਮਿਊਕਾ ਰੇਲਵੇ ਸਟੇਸ਼ਨ ਨੇੜੇ ਸ਼ਹਿਰ ਛੱਡ ਕੇ ਦੌੜਨ ਦੀ ਤਿਆਰੀ ਵਿਚ ਸਨ। ਪੁਲਸ ਨੇ ਵਾਰਦਾਤ 'ਚ ਵਰਤਿਆ ਗਿਆ ਦਾਤਰ ਵੀ ਬਰਾਮਦ ਕਰ ਲਿਆ ਹੈ।