ਕੈਪਟਨ ਦੀ ਸੁਰੱਖਿਆ 'ਚ ਲੱਗੀ ਸੰਨ੍ਹ ਕਈ ਅਧਿਕਾਰੀਆਂ ਨੂੰ ਕਰੇਗੀ ਪ੍ਰਭਾਵਿਤ

12/06/2019 12:41:25 AM

ਚੰਡੀਗਡ਼੍ਹ, (ਰਮਨਜੀਤ)- ਸੋਨੀਆ, ਰਾਹੁਲ ਅਤੇ ਪ੍ਰਿਯੰਕਾ ਗਾਂਧੀ ਦੀ ਐੱਸ. ਪੀ. ਜੀ. ਸਕਿਓਰਿਟੀ ਹਟਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ‘ਐੱਮ. ਐੱਲ. ਏ. ਸਕਿਓਰਿਟੀ’ ਦੇਣ ਦਾ ਦਾਅਵਾ ਕਰਨ ਵਾਲੇ ਕਾਂਗਰਸੀਆਂ ਦੇ ਮੁਖੀ ਦੀ 5 ਟੀਅਰ ਸਕਿਓਰਿਟੀ ’ਚ ਵੱਡੀ ਸੰਨ੍ਹ ਲੱਗ ਗਈ ਹੈ। ਰਾਜ ’ਚ ਸਭ ਤੋਂ ਜ਼ਿਆਦਾ ਸੁਰੱਖਿਆ ਪ੍ਰਾਪਤ ਵਿਅਕਤੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਦੇ ਨਜ਼ਦੀਕ ਜਾਣ ਤੋਂ ਪਹਿਲਾਂ ਮੰਤਰੀਆਂ ਨੂੰ ਵੀ ‘ਸਖ਼ਤ ਕਾਇਦੇ’ ’ਚੋਂ ਗੁਜ਼ਰਨਾ ਪੈਂਦਾ ਹੈ, ਦੇ ਬਿਲਕੁਲ ਨਜ਼ਦੀਕ ਤੱਕ ਇਕ ‘ਫਰਿਆਦੀ ਨੌਜਵਾਨ’ ਜਾ ਪਹੁੰਚਿਆ, ਉਹ ਵੀ ਚਲਦੇ ਪ੍ਰੋਗਰਾਮ ’ਚ। ਸੁਰੱਖਿਆ ਚੱਕਰ ’ਚ ਇਸ ਨੂੰ ਵੱਡੀ ਖਾਮੀ ਇਸ ਲਈ ਕਿਹਾ ਜਾ ਸਕਦਾ ਹੈ ਕਿਉਂਕਿ ਪ੍ਰੋਗਰਾਮ ਦੇ ਕੇਂਦਰ ਭਾਵ ਮੁੱਖ ਮੰਤਰੀ ਦੀ ਸਟੇਜ ਤੱਕ ਪੁੱਜਣ ਲਈ 5 ਜਗ੍ਹਾ ਸਕਿਓਰਿਟੀ ਗੇਟਸ ਤੋਂ ਗੁਜ਼ਰਨਾ ਪੈਂਦਾ ਅਤੇ ਇਨਵੈਸਟ ਪੰਜਾਬ ਵਲੋਂ ਜਾਰੀ ਕੀਤੇ ਗਏ ਸਕਿਓਰਿਟੀ ਪਾਸ ਦੇ ਬਿਨਾਂ ਇਹ ਸੰਭਵ ਨਹੀਂ ਹੋ ਸਕਦਾ ਸੀ। ਇਸ ਦੇ ਬਾਵਜੂਦ ਵੀ ਨੌਜਵਾਨ ਦਾ ਸਿੱਧੇ ਮੁੱਖ ਮੰਤਰੀ ਤੱਕ ਪੁੱਜਣਾ ਬਹੁਤ ਹੀ ਘਾਤਕ ਸਾਬਿਤ ਹੋ ਸਕਦਾ ਸੀ। ਇਹ ਤਾਂ ਗਨੀਮਤ ਰਹੀ ਕਿ ਉਕਤ ਨੌਜਵਾਨ ਨੇ ਸਕਿਓਰਿਟੀ ’ਚ ਇੰਨੀ ਵੱਡੀ ਸੰਨ੍ਹ ਲਾਉਣ ਦੇ ਬਾਵਜੂਦ ਵੀ ਆਪਣੀ ‘ਤਮੀਜ਼’ ਬਣਾਈ ਰੱਖੀ ਅਤੇ ਕਿਸੇ ਤਰ੍ਹਾਂ ਦੀ ਕੋਈ ਹੋਰ ‘ਹਰਕਤ’ ਨਹੀਂ ਕੀਤੀ।

ਇਹ ਸਨ 5 ਸਕਿਓਰਿਟੀ ਚੈੱਕ

ਪੰਜਾਬ ਦੇ ਇਨਵੈਸਟਰ ਸਮਿਟ ਦਾ ਆਯੋਜਨ ਮੋਹਾਲੀ ਸਥਿਤ ਆਈ. ਐੱਸ. ਬੀ. ਸੰਸਥਾਨ ’ਚ ਕੀਤਾ ਗਿਆ ਹੈ। ਆਯੋਜਨ ਵਾਲੀ ਥਾਂ ਤੱਕ ਪੁੱਜਣ ਲਈ ਸਭ ਤੋਂ ਪਹਿਲਾਂ ਸਕਿਓਰਿਟੀ ਚੈੱਕ ਸੰਸਥਾਨ ਦੇ ਮੁੱਖ ਦੁਅਰ ’ਤੇ ਹੀ ਹੈ। ਇਨਵੈਸਟ ਪੰਜਾਬ ਵਲੋਂ ਜਾਰੀ ਸਕਿਓਰਿਟੀ ਪਾਸ ਦੇ ਬਿਨਾਂ ਇਥੋਂ ਅੰਦਰ ਜਾਣ ਦੀ ਕਿਸੇ ਨੂੰ ਆਗਿਆ ਨਹੀਂ ਦਿੱਤੀ ਗਈ। ਇਸ ਤੋਂ ਬਾਅਦ ਆਈ. ਐੱਸ. ਬੀ. ਦੇ ਰਿਸੈਪਸ਼ਨ ਏਰੀਆ ’ਚ ਵੀ ਸਕਿਓਰਿਟੀ ਚੈੱਕ ਪੁਆਇੰਟ ਲਗਾਇਆ ਗਿਆ ਸੀ। ਅਗਲਾ ਸਕਿਓਰਿਟੀ ਚੈੱਕ ਪੁਆਇੰਟ ਆਡੀਟੋਰੀਅਮ ਦੇ ਮੁੱਖ ਗੇਟ ’ਤੇ ਅਤੇ ਫਿਰ ਆਡੀਟੋਰੀਅਮ ਦੇ ਅੰਦਰਲੇ ਐਂਟਰੀ ਗੇਟਸ ’ਤੇ ਵੀ ਸਕਿਓਰਿਟੀ ਚੈੱਕ ਸਥਾਪਤ ਸੀ। ਇਨ੍ਹਾਂ ਸਾਰੀਆਂ ਥਾਵਾਂ ’ਤੇ ਬਿਨਾਂ ‘ਪਾਰਟੀਸੀਪੈਂਟ ਪਾਸ’ ਦੇ ਐਂਟਰੀ ਨਹੀਂ ਹੋ ਸਕਦੀ। ਪਾਰਟੀਸੀਪੈਂਟ ਪਾਸ ਵੀ ਵੱਖ-ਵੱਖ ਕੈਟਾਗਰੀ ਦੇ ਬਣੇ ਹੋਏ ਸਨ ਅਤੇ ਉਨ੍ਹਾਂ ਦੇ ਰਸਤੇ ਵੀ ਵੱਖ ਰੱਖੇ ਗਏ ਸਨ ਤਾਂ ਕਿ ਕੋਈ ਗਡ਼ਬਡ਼ੀ ਨਾ ਹੋਵੇ। ਇਸ ਤੋਂ ਬਾਅਦ ਮੁੱਖ ਮੰਤਰੀ ਜਿਸ ਆਡੀਟੋਰੀਅਮ ਸਟੇਜ ’ਤੇ ਬੈਠੇ ਸਨ, ਉਸ ਦੇ ਹਰ ਕੋਨੇ ਅਤੇ ਸਟੇਜ ਦੇ ਸਾਹਮਣੇ ਸੀ. ਐੱਮ. ਸਕਿਓਰਿਟੀ ਅਤੇ ਖੁਦ ਮੁੱਖ ਮੰਤਰੀ ਦੇ ਸੁਰੱਖਿਆ ਸਲਾਹਕਾਰ ਖੂਬੀ ਰਾਮ ਮੌਜੂਦ ਸਨ। ਖੂਬੀ ਰਾਮ ਸੁਰੱਖਿਆ ਦੇ ਮਾਮਲੇ ’ਚ ਕਾਫ਼ੀ ਸਖ਼ਤ ਮੰਨੇ ਜਾਂਦੇ ਰਹੇ ਹਨ ਅਤੇ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਦੋਂ ਉਨ੍ਹਾਂ ਨੇ ਮੰਤਰੀਆਂ ਅਤੇ ਐੱਮ. ਐੱਲ. ਏ. ਤੱਕ ਨੂੰ ਸੀ. ਐੱਮ. ਦੇ ਨਜ਼ਦੀਕ ਭਟਕਣ ਨਹੀਂ ਦਿੱਤਾ।

ਜ਼ਿਲਾ ਪੁਲਸ ਅਤੇ ਇੰਟੈਲੀਜੈਂਸ ਵਿੰਗ ਅਧਿਕਾਰੀਆਂ ’ਤੇ ਡਿੱਗੇਗੀ ਗਾਜ਼

ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ। ਸੀ. ਐੱਮ. ‘ਸਕਿਓਰਿਟੀ ਬ੍ਰੀਚ’ ਦੀ ਖਬਰ ਤੁਰੰਤ ਡੀ. ਜੀ. ਪੀ. ਪੰਜਾਬ ਨੂੰ ਦਿੱਤੀ ਗਈ। ਸੂਚਨਾ ਮੁਤਾਬਿਕ ਇੰਟੈਲੀਜੈਂਸ ਵਿੰਗ ਅਤੇ ਜ਼ਿਲਾ ਪੁਲਸ ਨੂੰ ਵੱਖ-ਵੱਖ ਰਿਪੋਰਟ ਦੇਣ ਲਈ ਕਿਹਾ ਗਿਆ ਹੈ ਤਾਂ ਕਿ ਘਟਨਾ ਦੇ ਤੱਥਾਂ ਤੱਕ ਪਹੁੰਚਿਆ ਜਾ ਸਕੇ। ਨੌਜਵਾਨ ਦੀ ਐਂਟਰੀ ਕਿਵੇਂ ਹੋਈ, ਇਸ ਦਾ ਪਤਾ ਲਗਾਉਣ ਲਈ ਸਾਰੇ ਸਕਿਓਰਿਟੀ ਗੇਟਸ ਦੀਆਂ ਵੀਡੀਓ ਫੁਟੇਜ ਖੰਗਾਲੀਆਂ ਜਾ ਰਹੀਆਂ ਹਨ। ਸੂਤਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਸਕਿਓਰਿਟੀ ਬ੍ਰੀਚ ਮਾਮਲੇ ’ਚ ਕਈ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਹੋਵੇਗੀ।

ਪੁਲਸ ਇਸ ਦਾ ਜ਼ਿੰਮਾ ਮੀਡੀਆ ਸਿਰ ਭੰਨਣ ਦੀ ਤਿਆਰੀ ’ਚ

ਸੀ. ਐੱਮ. ਸਕਿਓਰਿਟੀ ਬ੍ਰੀਚ ਦੇ ਮਾਮਲੇ ਨੂੰ ਜ਼ਿਲਾ ਪੁਲਸ ਮੀਡੀਆ ਦੇ ਸਿਰ ਭੰਨਣ ਦੀ ਤਿਆਰੀ ਕਰ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਪੁਲਸ ਅਧਿਕਾਰੀਆਂ ਵਲੋਂ ਆਪਣੇ ਆਕਾਵਾਂ ਨੂੰ ਇਹ ਸਟੋਰੀ ਪਰੋਸੀ ਜਾ ਰਹੀ ਹੈ ਕਿ ਉਕਤ ਨੌਜਵਾਨ ਮੀਡੀਆ ਐਨਕਲੋਜ਼ਰ ਵਲੋਂ ਐਕਸੇਸ ਹਾਸਲ ਕਰ ਕੇ ਆਇਆ, ਜਦੋਂ ਕਿ ਅਸਲੀਅਤ ਇਹ ਹੈ ਕਿ ਉਕਤ ਨੌਜਵਾਨ ਕੋਲ ‘ਸਫ਼ੈਦ ਰੰਗ’ ਵਾਲਾ ‘ਪਾਰਟੀਸੀਪੈਂਟ ਪਾਸ’ ਸੀ। ਖਾਸ ਗੱਲ ਇਹ ਹੈ ਕਿ ‘ਸਫੈਦ ਰੰਗ’ ਵਾਲੇ ਪਾਸ ਹੋਲਡਰ ਨੂੰ ਪੂਰੇ ਸਮਾਰੋਹ ਵਾਲੀ ਥਾਂ ’ਤੇ ਕਿਤੇ ਵੀ ਜਾਣ ਦੀ ਆਗਿਆ ਭਾਵ ‘ਆਲ ਐਕਸੈੱਸ’ ਹਾਸਿਲ ਸੀ। ‘ਸਫੈਦ ਕਲਰ ਪਾਰਟੀਸੀਪੈਂਟ ਪਾਸ’ ਸਰਕਾਰੀ ਅਧਿਕਾਰੀਆਂ, ਮੰਤਰੀਆਂ ਅਤੇ ਵੱਡੇ-ਵੱਡੇ ਉਦਯੋਗਪਤੀਆਂ ਨੂੰ ਜਾਰੀ ਕੀਤੇ ਗਏ ਸਨ। ਇਹ ਮਾਮਲਾ ਇਸ ਲਈ ਹੋਰ ਵੀ ਗੰਭੀਰ ਬਣ ਗਿਆ ਹੈ।

Bharat Thapa

This news is Content Editor Bharat Thapa