ਚੇਅਰਮੈਨੀਆਂ ਦੇ ਨਾਂ ’ਤੇ ਨਹੀਂ ਚੱਲੇਗੀ ਕੈਪਟਨ ਦੀ ਮਨਮਰਜ਼ੀ

01/14/2019 7:34:08 AM

ਜਲੰਧਰ,  (ਰਵਿੰਦਰ)-   ਸੂਬੇ ਦੀ ਕਾਂਗਰਸ ਸਰਕਾਰ ਅਤੇ ਖੁਦ ਕੈਪਟਨ ਅਮਰਿੰਦਰ ਸਿੰਘ ਅੱਜ-ਕਲ ਬਹੁਤ ਜ਼ਿਆਦਾ ਦੁਚਿੱਤੀ ਭਰੀ ਸਥਿਤੀ ’ਚ ਹਨ। ਪਾਰਟੀ ਅੰਦਰ ਆਉਣ ਵਾਲੇ ਤੁੂਫਾਨ ਦਾ ਇਕ ਗੰਭੀਰ ਸੰਕੇਤ ਦੇਖਣ ਨੂੰ ਮਿਲ ਰਿਹਾ ਹੈ। ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਸੂਬੇ ਦੇ ਮੁੱਖ ਮੰਤਰੀ  ਕੈਪ. ਅਮਰਿੰਦਰ ਸਿੰਘ ਦੇ ਪਰ ਕੁਤਰਨੇ ਸ਼ੁਰੂ ਕਰ ਦਿੱਤੇ ਹਨ। ਇਥੋਂ ਤੱਕ ਕਿ ਬੋਰਡ ਅਤੇ ਕਾਰਪੋਰੇਸ਼ਨ ਦੇ ਅਹੁਦਿਆਂ ’ਤੇ ਲੱਗਣ ਵਾਲੇ ਚੇਅਰਮੈਨਾਂ ਦੇ ਨਾਂ ਵੀ ਕੈਪਟਨ ਆਪਣੇ ਬਲ ’ਤੇ ਫਾਈਨਲ ਨਹੀਂ ਕਰ ਸਕਣਗੇ। ਰਾਹੁਲ ਗਾਂਧੀ ਵਲੋਂ ਕੈਪਟਨ ਦੀ ਪਾਵਰ ’ਤੇ ਲਗਾਮ ਲਾਉਣ ਕਾਰਨ ਚੇਅਰਮੈਨੀਆਂ ਦੇ ਨਾਂ ਵੀ ਕੈਪਟਨ ਆਪਣ ਬਲ ’ਤੇ ਫਾਈਨਲ ਨਹੀਂ ਕਰ ਸਕਣਗੇ। 
ਰਾਹੁਲ ਗਾਂਧੀ ਨੇ ਕੈਪਟਨ ਦੀ ਪਾਵਰ ’ਤੇ ਲਗਾਮ ਲਾਉਂਦੇ ਹੋਏ ਚੇਅਰਮੈਨੀਅਾਂ ਦੇ ਨਾਂ ਫਾਈਨਲ ਕਰਨ  ਲਈ ਪੀ. ਸੀ. ਸੀ. ਪ੍ਰਧਾਨ ਸੁਨੀਲ ਜਾਖੜ, ਸੂਬਾ ਇੰਚਾਰਜ ਆਸ਼ਾ ਕੁਮਾਰੀ ਅਤੇ ਸਹਿ-ਇੰਚਾਰਜ ਹਰੀਸ਼ ਚੌਧਰੀ ਨੂੰ ਸਹਿ-ਪਾਵਰ ਦੇ ਦਿੱਤੀ। ਇਸ ਫੈਸਲੇ ਤੋਂ ਬਾਅਦ ਚੇਅਰਮੈਨ ਦੀ ਲਿਸਟ ’ਚ ਕੌਣ ਹੋਵੇਗਾ ਅਤੇ ਕੌਣ ਨਹੀਂ ਹੋਵੇਗਾ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ  ਪਰ ਇਕ ਗੱਲ ਤੈਅ ਹੈ ਕਿ ਹਰ ਇਕ ਨਿਯੁਕਤੀ ਪਿੱਛੇ ਕਾਂਗਰਸ ਨੂੰ 10 ਤੋਂ 20 ਵੱਡੇ ਨੇਤਾਵਾਂ ਦੀਅਾਂ ਨਾਰਾਜ਼ਗੀਆਂ ਝੱਲਣੀਅਾਂ ਪੈਣਗੀਅਾਂ।
ਦਰਅਸਲ ਰਾਹੁਲ ਗਾਂਧੀ ਚਾਹੁੰਦੇ ਹਨ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਨੂੰ ਬੋਰਡ ਅਤੇ ਕਾਰਪੋਰੇਸ਼ਨ ਦੀ ਚੇਅਰਮੈਨੀਆਂ ’ਤੇ ਨਿਯੁਕਤ ਕੀਤਾ ਜਾਵੇ ਤਾਂ ਕਿ ਉਹ ਪੂਰੇ ਜੋਸ਼ੋ-ਖਰੋਸ਼ ਨਾਲ ਲੋਕ ਸਭਾ ਚੋਣਾਂ  ਦੀਆਂ ਤਿਆਰੀਆਂ ’ਚ ਜੁਟ ਜਾਣ  ਪਰ ਕੈਪਟਨ ਖੁਦ ਚਾਹੁੰਦੇ ਹਨ ਕਿ ਇਨ੍ਹਾਂ ਚੇਅਰਮੈਨੀਆਂ ਨੂੰ ਚੋਣਾਂ ਤੱਕ ਲਟਕਾ ਦਿੱਤਾ ਜਾਵੇ  ਪਰ ਹਾਈਕਮਾਨ ਤੋਂ ਬਾਅਦ ਹੁਣ ਚੇਅਰਮੈਨੀਆਂ ’ਤੇ ਐਡਜਸਟ ਨੇਤਾਵਾਂ ਦੀ ਲਿਸਟ ਤਿਆਰ ਕੀਤੀ ਜਾਣ ਲੱਗੀ ਹੈ। ਇਸ ਲਿਸਟ ਨੂੰ ਲੈ ਕੇ ਕੈਪਟਨ ਸਰਕਾਰ ਲਈ ਅੱਗੇ  ਖੂਹ ਪਿੱਛੇ ਖਾਈ ਵਾਲੀ ਗੱਲ ਸਾਬਿਤ ਹੋ ਰਹੀ ਹੈ।
ਮੌਜੂਦਾ ਸਮੇਂ ਪੰਜਾਬ ’ਚ 140 ਦੇ ਕਰੀਬ ਬੋਰਡ ਅਤੇ ਕਾਰਪੋਰੇਸ਼ਨ ਦੀਅਾਂ ਚੇਅਰਮੈਨੀਆਂ ਖਾਲੀ ਪਈਆਂ ਹਨ। ਸਭ ਤੋਂ ਪ੍ਰੇਸ਼ਾਨੀ ਵਾਲੀ ਗੱਲ ਇਹ ਹੈ ਕਿ ਕੈਪਟਨ ਸਰਕਾਰ ਦਾ ਖਜ਼ਾਨਾ ਖਾਲੀ ਹੈ ਅਤੇ ਨਵੀਅਾਂ ਨਿਯੁਕਤੀਆਂ ਨਾਲ ਸਰਕਾਰ ’ਤੇ ਵਾਧੂ ਆਰਥਿਕ ਬੋਝ ਪਵੇਗਾ। ਦੂਜਾ ਮੌਜੂਦਾ ਸਮੇਂ ’ਚ ਸੂਬਾ ਕਾਂਗਰਸ ਕਮੇਟੀ ਵਿਚ 100 ਦੇ ਕਰੀਬ  ਜਨਰਲ ਸੈਕਟਰੀ ਹੀ ਹਨ, ਇਹ ਸਾਰੇ ਜਨਰਲ ਸੈਕਟਰੀ  ਖੁਦ ਲਈ ਇਕ ਰੁਤਬੇ ਵਾਲੀ ਪੁਜ਼ੀਸ਼ਨ ਚਾਹੁੰਦੇ ਹਨ, ਮਤਲਬ ਘੱਟ ਤੋਂ ਘੱਟ ਸਟੇਟ ਲੈਵਲ ਦੀ ਚੇਅਰਮੈਨੀ। ਹੁਣ ਸਟੇਟ ਲੈਵਲ ਦੀ ਚੇਅਰਮੈਨੀ ਦੀ ਗੱਲ ਕਰੀਏ ਤਾਂ ਇਸ ਦੇ ਅਹੁਦੇ 12 ਤੋਂ ਲੈ ਕੇ 15 ਹੀ ਹਨ। ਇਨ੍ਹਾਂ ਅਹੁਦਿਆਂ ’ਤੇ ਕੈਪਟਨ ਲਈ ਹੁਣ ਮੁਸ਼ਕਲ ਇਹ ਹੈ ਕਿ ਜਨਰਲ ਸੈਕਟਰੀ ਐਡਜਸਟ ਹੋ ਜਾਵੇ, ਸੀਨੀਅਰ ਨੇਤਾਵਾਂ ਨੂੰ, ਵਿਧਾਇਕਾਂ ਨੂੰ ਜਾਂ ਫਿਰ ਜਿਨ੍ਹਾਂ ਨੇਤਾਵਾਂ ਦੀਆਂ ਟਿਕਟਾਂ ਕੱਟੀਆਂ ਗਈਆਂ ਸਨ, ਉਨ੍ਹਾਂ ਨੂੰ ਐਡਜਸਟ ਕੀਤਾ ਜਾਵੇ। ਇਸ ਤੋਂ ਇਲਾਵਾ ਜ਼ਿਲਾ ਪੱਧਰ ’ਤੇ ਹਾਲਾਤ ਹੋਰ ਵੀ ਮਾੜੇ ਹਨ। ਪਿਛਲੇ 12 ਸਾਲਾਂ ਤੋਂ ਚੇਅਰਮੈਨੀ ਦੀ ਆਸ ਲਾਏ ਬੈਠੇ ਨੇਤਾ ਖੁੱਲ੍ਹ ਕੇ ਕੈਪਟਨ ਦੀ ਸਪੋਰਟ ਵਿਚ ਖੜ੍ਹੇ ਹਨ ਪਰ ਚੇਅਰਮੈਨੀ ਨਾਂ ਮਿਲਣ ’ਤੇ ਉਹ ਬਗਾਵਤ ਵੀ ਕਰ ਸਕਦੇ ਹਨ, ਜੋ ਕੈਪਟਨ ਲਈ ਮੁਸ਼ਕਲ ਹੋ ਸਕਦਾ ਹੈ।
ਕਾਂਗਰਸ  ਅੰਦਰ ਅਹੁਦਿਆਂ ਦੀ ਲਾਲਸਾ ਜਾਗਣ ਦੇ ਪਿੱਛੇ ਕੈਪਟਨ ਦੀ ਹੀ ਗੰਦੀ ਰਾਜਨੀਤੀ ਰਹੀ। ਸਭ ਤੋਂ ਪਹਿਲਾਂ ਚੋਣਾਂ ਦੌਰਾਨ ਹਰ ਜ਼ਿਲੇ ਵਿਚ ਸੈਂਕੜਿਆਂ ਦੀ ਗਿਣਤੀ ’ਚ ਨੇਤਾਵਾਂ ਦੀ ਦਾਅਵੇਦਾਰੀ ਨੂੰ ਤਿਆਰ ਕੀਤਾ ਗਿਆ, ਜਦਕਿ ਟਿਕਟ ਕਿਸ ਨੂੰ ਦੇਣੀ ਸੀ ਇਹ ਪਹਿਲਾਂ ਹੀ ਫਾਈਨਲ ਸੀ। ਦਾਅਵੇਦਾਰਾਂ ਨੂੰ ਬਾਅਦ ’ਚ ਸਾਈਡ ਲਾਈਨ ਕਰਨ ਲਈ ਚੇਅਰਮੈਨੀਆਂ ਦਾ ਲਾਲੀਪੌਪ ਫੜਾ ਦਿੱਤਾ। ‘ਜਗ ਬਾਣੀ’ ’ਚ ਖਬਰ ਛਪਣ ਤੋਂ ਬਾਅਦ ਰਾਹੁਲ ਗਾਂਧੀ ਨੇ ਤੁਰੰਤ  ਕੈਪਟਨ ਨੂੰ ਚੇਅਰਮੈਨੀ ਦੇ ਅਹੁਦੇ ਅਲਾਟ ਕਰਨ ਦੇ ਨਿਰਦੇਸ਼ ਦਿੱਤੇ ਤਾਂ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਰਕਰਾਂ ਦਾ ਗੁੱਸਾ ਠੰਡਾ ਹੋ ਜਾਵੇ ਪਰ ਹਾਈਕਮਾਨ ਦਾ ਪਾਸਾ ਉਲਟਾ ਵੀ ਪੈ ਸਕਦਾ ਹੈ ਕਿਉਂਕਿ ਦਾਅਵੇਦਾਰਾਂ  ਦੀ ਫੌਜ ਵਿਚ ਜਿਸ ਨੂੰ ਚੇਅਰਮੈਨੀਆਂ ਦਾ ਅਹੁਦਾ ਨਾ ਮਿਲਿਆ ਤਾਂ ਉਹ ਕੈਪਟਨ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰ ਸਕਦਾ ਹੈ।