ਕਾਂਗਰਸੀ ਆਗੂ ਜਗਦੀਪ ਸਿੰਘ ਰੱਤੋਵਾਲ ''ਤੇ ਚੱਲੀਆਂ ਗੋਲੀਆਂ, ਗੰਭੀਰ ਜ਼ਖਮੀ

03/19/2020 2:20:21 AM

ਹਲਵਾਰਾ(ਮਨਦੀਪ ਸਿੰਘ)- ਅੱਜ ਦੇਰ ਸ਼ਾਮ ਕਰੀਬ 8 ਵਜੇ ਸੀਨੀਅਰ ਕਾਂਗਰਸੀ ਆਗੂ ਤੇ ਪਿੰਡ ਰੱਤੋਵਾਲ ਦੇ ਸਾਬਕਾ ਸਰਪੰਚ ਜਗਦੀਪ ਸਿੰਘ ਬਿੱਟੂ ਉੱਪਰ ਘਾਤ ਲਾ ਕੇ ਬੈਠੇ ਹਮਲਾਵਰਾਂ ਵੱਲੋਂ ਉਸ ਸਮੇਂ ਗੋਲੀ ਚਲਾ ਦਿੱਤੀ ਗਈ, ਜਦੋਂ ਉਹ ਆਪਣੇ ਦਫਤਰ ਤੋਂ ਘਰ ਨੂੰ ਆ ਰਹੇ ਸਨ। ਹਮਲਾਵਰਾਂ ਵੱਲੋਂ ਚਲਾਈ ਗਈ ਗੋਲੀ ਬਿੱਟੂ ਦੇ ਖੱਬੇ ਹੱਥ ’ਚ ਲੱਗੀ, ਜਿਸ ਨੂੰ ਤੁਰੰਤ ਨਜ਼ਦੀਕੀ ਸਰਕਾਰੀ ਹਸਪਤਾਲ ਸੁਧਾਰ ਵਿਖੇ ਦਾਖਲ ਕਰਵਾਇਆ ਗਿਆ। ਜ਼ਖਮੀ ਹਾਲਤ ਵਿਚ ਬਿੱਟੂ ਨੇ ਦੱਸਿਆ ਕਿ ਹਮਲਾਵਰ ਚਿੱਟੇ ਰੰਗ ਦੀ ਕਾਰ ਅਤੇ ਚਾਰ ਮੋਟਰਸਾਈਕਲਾਂ ’ਤੇ ਸਵਾਰ ਸਨ, ਉਨ੍ਹਾਂ ਅਨੁਸਾਰ ਹਮਲਾਵਰਾਂ ਨੂੰ ਪਛਾਣ ਲਿਆ ਗਿਆ ਹੈ। ਮੁੱਢਲੀ ਸਹਾਇਤਾ ਦੇਣ ਉਪਰੰਤ ਉਨ੍ਹਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ।PunjabKesariਪ੍ਰਤੱਖ ਦਰਸ਼ੀਆਂ ਅਨੁਸਾਰ ਪਹਿਲੀ ਗੋਲੀ ਚੱਲਣ ਤੋਂ ਬਾਅਦ ਹਮਲਾਵਰਾਂ ਵੱਲੋਂ ਵਰਤਿਆ ਗਿਆ ਦੇਸੀ ਕੱਟਾ ਖਿੱਲਰ ਗਿਆ, ਜਿਸ ਕਾਰਣ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਸੂਚਨਾ ਮਿਲਣ ’ਤੇ ਥਾਣਾ ਸੁਧਾਰ ਦੇ ਮੁਖੀ ਸਬ-ਇੰਸਪੈਕਟਰ ਅਜੈਬ ਸਿੰਘ ਘਟਨਾ ਸਥਾਨ ’ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਸ ਵੱਲੋਂ ਇਸ ਹਮਲੇ ਨੂੰ 2007 ਵਿਚ ਪਿੰਡ ਰੱਤੋਵਾਲ ਦੇ ਹੀ ਸ਼ਮਿੰਦਰ ਸਿੰਘ ਦੇ ਕਤਲ ਨਾਲ ਜੋਡ਼ ਕੇ ਦੇਖਿਆ ਜਾ ਰਿਹਾ ਹੈ ਅਤੇ ਬਿੱਟੂ ਵੱਲੋਂ ਇਸ ਸਬੰਧੀ ਪਿੰਡ ਦੇ ਹੀ ਕਰੀਬ ਅੱਧੀ ਦਰਜਨ ਵਿਅਕਤੀਆਂ ’ਤੇ ਹਮਲਾ ਕਰਨ ਦੇ ਦੋਸ਼ ਲਾਏ ਗਏ ਹਨ। ਇਸ ਦੌਰਾਨ ਐੱਸ. ਪੀ. (ਡੀ) ਜਗਰਾਓਂ ਰਾਜਵੀਰ ਸਿੰਘ ਬੋਪਾਰਾਏ ਅਤੇ ਡੀ. ਐੱਸ. ਪੀ. ਦਾਖਾ ਗੁਰਬੰਸ ਸਿੰਘ ਬੈਂਸ ਵੱਲੋਂ ਵੀ ਘਟਨਾ ਸਥਾਨ ਦਾ ਦੌਰਾ ਕੀਤਾ ਗਿਆ। ਇਸ ਸਬੰਧੀ ਥਾਣਾ ਸੁਧਾਰ ਦੇ ਮੁਖੀ ਸਬ-ਇੰਸਪੈਕਟਰ ਅਜੈਬ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਮੌਕੇ ਤੋਂ ਕਿਸੇ ਹੱਥਿਆਰ ਦੀ ਬਰਾਮਦਗੀ ਤੋਂ ਇਨਕਾਰ ਕੀਤਾ।


Bharat Thapa

Content Editor

Related News